ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ

ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ

ਤਾਲਮੇਲ ਕਮੇਟੀ ਵਿੱਚ 13 ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ, ਜਿਨ੍ਹਾਂ ’ਤੇ ਅਨੁਸ਼ਾਸਨੀ ਕਮੇਟੀ ਦੀ ਤਲਵਾਰ ਲਟਕ ਰਹੀ ਹੈ, ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਚੁਣੌਤੀ ਦਿੱਤੀ ਹੈ। ਜਗਮੀਤ ਬਰਾੜ ਨੇ ਅੱਜ ਇੱਥੇ ਅਕਾਲੀ ਧੜਿਆਂ ਦਰਮਿਆਨ ਏਕਤਾ ਕਰਾਉਣ ਲਈ ਆਪਣੇ ਵੱਲੋਂ ਗਠਿਤ ‘ਤਾਲਮੇਲ ਕਮੇਟੀ’ ਵਿੱਚ 13 ਨਵੇਂ ਮੈਂਬਰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਇਸ ਕਮੇਟੀ ਵਿੱਚ 21 ਮੈਂਬਰ ਹਨ। ਇਸ ਬਾਗ਼ੀ ਅਕਾਲੀ ਆਗੂ ਨੇ ਸਮੁੱਚੇ ਪੰਜਾਬ ਵਿੱਚ ਅਕਾਲੀ ਵਰਕਰਾਂ ਦੀਆਂ ਤਾਲਮੇਲ ਮੀਟਿੰਗਾਂ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ 6 ਦਸੰਬਰ ਤੋਂ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਭੁਲੱਥ ਤੋਂ ਕੀਤੀ ਜਾਵੇਗੀ, ਜਿਸ ਦੀ ਨੁਮਾਇੰਦਗੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਕਰਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵਗਠਿਤ ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਵਿੱਚ ਨੁਮਾਇੰਦਗੀ ਤੋਂ ਦਰਕਿਨਾਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਪਾਰਟੀ ਦੇ ਵੱਖ-ਵੱਖ ਅਕਾਲੀ ਧੜਿਆਂ ਨਾਲ ਸਬੰਧਤ ਸੀਨੀਅਰ ਆਗੂਆਂ ’ਤੇ ਅਧਾਰਿਤ ਤਾਲਮੇਲ ਕਮੇਟੀ ਦਾ ਵਿਸਥਾਰ ਕੀਤਾ ਹੈ। ਬਰਾੜ ਨੇ ਤਾਲਮੇਲ ਕਮੇਟੀ ਵਿਚ ਅਕਾਲੀ ਦਲ ਦੇ ਕੁਝ ਅਜਿਹੇ ਆਗੂਆਂ ਨੂੰ ਥਾਂ ਦਿੱਤੀ ਹੈ, ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਅਤੇ ਸਲਾਹਕਾਰ ਬੋਰਡ ਤੋਂ ਬਾਹਰ ਰੱਖਿਆ ਗਿਆ ਹੈ। ਇਸ ਅਕਾਲੀ ਆਗੂ ਨੇ ਦੱਸਿਆ ਕਿ ‘ਅਕਾਲੀ ਦਲ ਸਹਿਯੋਗ ਤਾਲਮੇਟੀ ਕਮੇਟੀ’ ਦਾ ਉਦੇਸ਼ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਰੋਡਮੈਪ ਤਿਆਰ ਕਰਨਾ ਹੈ। ਨਵੀਂ ਬਣਾਈ ਗਈ ਕਮੇਟੀ ਵਿਚ ਸੀਨੀਅਰ ਆਗੂਆਂ ਸੁੱਚਾ ਸਿੰਘ ਛੋਟੇਪੁਰ, ਰਵੀਕਰਨ ਸਿੰਘ ਕਾਹਲੋਂ, ਡਾ. ਰਤਨ ਸਿੰਘ ਅਜਨਾਲਾ, ਗਗਨਜੀਤ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਔਲਖ, ਅਲਵਿੰਦਰ ਸਿੰਘ ਪੱਖੋਕੇ, ਬੇਗਮ ਪ੍ਰਵੀਨ ਨੁਸਰਤ, ਹਰਬੰਸ ਸਿੰਘ ਮੰਝਪੁਰ, ਨਰਿੰਦਰ ਸਿੰਘ ਕਾਲੇਕੇ, ਅਮਨਦੀਪ ਸਿੰਘ ਮਾਂਗਟ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦੀ ਮੀਟਿੰਗ 9 ਦਸੰਬਰ ਨੂੰ ਕੀਤੀ ਜਾਵੇਗੀ। ਸ੍ਰੀ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਤਾਲਮੇਲ ਕਮੇਟੀ ਵਿਚ ਸ਼ਾਮਲ ਜ਼ਿਆਦਾਤਰ ਮੈਂਬਰ ਸੁਖਬੀਰ ਬਾਦਲ ਵਲੋਂ ਲਏ ਜਾਂਦੇ ਗੈਰ-ਸੰਵਿਧਾਨਕ ਫੈਸਲਿਆਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ (ਬਰਾੜ) ਬਾਦਲ ਪਰਿਵਾਰ ਵੱਲੋਂ ਪਾਰਟੀ ਲਈ ਕੀਤੀ ਸੇਵਾ ਤੇ ਕੁਰਬਾਨੀ ’ਤੇ ਸਵਾਲ ਨਹੀਂ ਉਠਾ ਰਹੇ, ਪਰ ਪਾਰਟੀ ਉਪਰ 55 ਸਾਲ ਤਕ ਇਕ ਪਰਿਵਾਰ ਦਾ ਦਬਦਬਾ ਬਹੁਤ ਲੰਬਾ ਸਮਾਂ ਹੁੰਦਾ ਹੈ। ਉਨ੍ਹਾਂ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਵਾਲੀ ਬੀਬੀ ਜਗੀਰ ਕੌਰ ਨੂੰ ਪਾਰਟੀ ’ਚੋਂ ਬਾਹਰ ਕੱਢਣ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਬੀਬੀ ਵਿਰੁੱਧ ਕੀਤੀਆਂ ਟਿੱਪਣੀਆਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਖਿਲਾਫ ਅਣਉਚਿਤ ਭਾਸ਼ਾ ਵਰਤੀ ਗਈ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਰਹੇ ਹਰਚਰਨ ਬੈਂਸ ਦੀ ਹਮਾਇਤ ਕਰਦਿਆਂ ਕਿਹਾ ਕਿ ਬੈਂਸ ਨੇ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਹੈ ਤੇ ਉਨ੍ਹਾਂ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ।

ਅਨੁਸ਼ਾਸਨੀ ਕਮੇਟੀ ਜਗਮੀਤ ਬਰਾੜ ਦੇ ਜਵਾਬ ਤੋਂ ਅਸੰਤੁਸ਼ਟ

ਜਗਮੀਤ ਬਰਾੜ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਵਲੋਂ ਜਾਰੀ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਹਾਲਾਂਕਿ ਅਨੁਸ਼ਾਸਨੀ ਕਮੇਟੀ ਬਰਾੜ ਦੇ ਜਵਾਬ ਤੋਂ ਸਤੁੰਸ਼ਟ ਨਹੀਂ ਹੋਈ। ਅਕਾਲੀ ਦਲ ਅੰਦਰਲੇ ਸੂਤਰਾਂ ਦਾ ਦੱਸਣਾ ਹੈ ਕਿ ਮਲੂਕਾ ਦੀ ਅਗਵਾਈ ਹੇਠਲੀ ਅਨੁਸ਼ਾਸਨੀ ਕਮੇਟੀ ਜਗਮੀਤ ਬਰਾੜ ਨੂੰ ਪਾਰਟੀ ਵਿਚੋਂ ਬਾਹਰ ਕੱਢਣ ’ਤੇ ਵਿਚਾਰ ਕਰ ਰਹੀ ਹੈ।