ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ

ਸ੍ਰ. ਗੁਰਚਰਨਜੀਤ ਸਿੰਘ ਲਾਂਬਾ
‘ਜਗਤ ਤਾਰਕ, ਨਿਰੰਕਾਰ ਸਰੂਪ ਜਗਤ ਗੁਰੂ’ ਬਾਬਾ ਜੀ! ਆਪ ਦੇ ਪਾਵਨ ਪ੍ਰਕਾਸ਼ ਉਤਸਵ ’ਤੇ ਅੱਜ ਸਾਰਾ ਸੰਸਾਰ ਆਪ ਜੀ ਦੇ ਸਨਮੁਖ ਨਤਮਸਤਕ ਹੈ। ‘ਖਹਿ ਮਰਦੇ ਬਾਮਣ ਮਉਲਾਣੇ’ ਵਾਲੀ ਹਾਲਤ ਵਿਚ ‘ਸੁਣੀ ਪੁਕਾਰਿ ਦਾਤਾਰ ਪ੍ਰਭ’ ਕਰਤਾ ਪੁਰਖ ਨੇ ਆਪ ਨੂੰ ਆਪਣਾ ਨਿੱਜ ਰੂਪ ਦੇ ਕੇ ‘ਜਗ ਮਾਹਿਂ ਪਠਾਇਆ।’ ‘ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ’। ਉਸ ਇਲਾਹੀ ਡੂਮ ਨੂੰ ਨਾਲ ਲੈ ਕੇ, ‘ਜਲਤੀ ਸਭ ਪਿ੍ਰਥਮੀ’ ’ਤੇ ਅੰਮਿ੍ਰਤ ਦੇ ਛੱਟੇ ਮਾਰਨ ਲਈ ਆਪ ਨੇ ਸਾਰੇ ਸੰਸਾਰ ਦਾ ਭਰਮਣ ਕੀਤਾ।
ਬਾਬਾ ਜੀ ਆਪ ਤਾਂ ‘ਜਨਮ ਮਰਣ ਦੋਹਹੂ ਮਹਿ ਨਾਹੀ’ ਵਾਲੇ ਪਰਉਪਕਾਰੀ ਸਰੂਪ ਸੀ। ਸੰਸਾਰ ਸਾਗਰ ਦੇ ਸਾਰੇ ਜੀਅ-ਜੰਤ ਕਾਮਨਾ ਅਧੀਨ ‘ਕਰਮ-ਧਰਮ-ਪਾਖੰਡ’ ਵਿਚ ਰਤੇ ਹੋਏ ਹਨ। ਹਰ ਇਨਸਾਨ ਦੀ ਕੋਈ ਨਾ ਕੋਈ ਕਾਮਨਾ ਹੈ, ਭਾਵੇਂ ਕੋਈ ਆਪਣੇ ਆਪ ਨੂੰ ਨਿਸ਼ਕਾਮਤਾ ਦਾ ਜਿੰਨਾ ਮਰਜ਼ੀ ਤਿਲਕ ਲਗਾ ਲਵੇ, ਬਾਣੇ ਅਤੇ ਪਦਵੀਆਂ ਨਾਲ ਆਪਣੇ ਆਪ ਨੂੰ ਸ਼ਿੰਗਾਰ ਲਵੇ। ਆਮ ਇਨਸਾਨ ਦੀ ਤਾਂ ਕਾਮਨਾ ਹੀ ਬਹੁਤ ਛੋਟੀਆਂ ਵਸਤਾਂ ’ਤੇ ਟਿਕੀ ਹੁੰਦੀ ਹੈ। ਜਿਹੜਾ ਸਰਵਉੱਚ ਅਵਸਥਾ ’ਤੇ ਵੀ ਪੁੱਜ ਗਿਆ, ਉਹ ਭੋਲਾ ਨਹੀਂ ਹੈ, ਉਸ ਦੀ ਕਾਮਨਾ ਤਾਂ ‘ਗੁਰ-ਪਰਮੇਸਰੁ’ ਨੂੰ ਪ੍ਰਾਪਤ ਕਰਨ ਦੀ ਹੋ ਜਾਂਦੀ ਹੈ। ਪਰ ‘ਸਭ ਤੇ ਵਡਾ ਸਤਿਗੁਰੁ ਨਾਨਕੁ ਜੀ’ ਸਹੀ ਮਾਇਨੇ ਵਿਚ ਆਪ ਜੀ ਦੀ ਭਗਤੀ ਅਤੇ ਘਾਲਣਾ ਨਿਸ਼ਕਾਮ ਹੈ।
ਮੁਗ਼ਲ ਇਤਿਹਾਸਕਾਰ ਮੋਹਸਨ ਫਾਨੀ ਨੇ ਆਪ ਨੂੰ ਸਹੀ ਪਛਾਤਾ। ਉਸ ਨੇ ਦੱਸਿਆ ਕਿ ਆਪ ਜੀ ਨੇ ਜਗਤ ਜਲੰਦੇ ’ਤੇ ਆਉਣ ਤੋਂ ਪਹਿਲਾਂ ਭਾਰੀ ਤਪੱਸਿਆ ਕੀਤੀ। ਕਲਗੀਧਰ ਪਿਤਾ ਦੀ ‘ਤਹ ਹਮ ਅਧਿਕ ਤਪਸਿਆ ਸਾਧੀ’ ਅਤੇ ਆਪ ਜੀ ਦੀ ‘ਭਾਰੀ ਕਰੀ ਤਪਸਿਆ’ ਵਿਚ ਕੀ ਫ਼ਰਕ ਹੈ। ਮੋਹਸਨ ਫਾਨੀ ਨੇ ਦੱਸਿਆ ਕਿ ਇਸ ਨਾਲ ਆਪ ਜੀ ਦੀ ਨਿਰੰਕਾਰ ਨਾਲ ਬਣ ਆਈ। ਕਰਤਾ ਪੁਰਖ ਨੇ ਆਪ ਨੂੰ ਮੁਕਤੀ ਵਾਲੇ ਪਾਸੇ ਦਾ ਰਾਹ ਦੱਸਿਆ ਪਰ ਆਪ ਜੀ ਨੇ ਇਕ ਅਜਬ ਕੌਤਕ ਕੀਤਾ। ਵਿਲਛ ਰਹੀਆਂ, ਤੜਪ ਰਹੀਆਂ ਰੂਹਾਂ ਦੇ ਵਿਰਲਾਪ ਨੇ ਆਪ ਜੀਦੇ ਕਦਮਾਂ ਨੂੰ ਉਨ੍ਹਾਂ ਵੱਲ ਤੋਰਿਆ। ਆਪ ਫਿਰ ਉਸ ਮਾਲਕ ਦੇ ਦਰ ’ਤੇ ਖਹਿ ਪਏ ਅਤੇ ਇਨ੍ਹਾਂ ਕੁਰਲਾਉਦੀਆਂ ਰੂਹਾਂ ਦੀ ਮੁਕਤੀ ਲਈ ਅਕਾਲ ਪੁਰਖ ਨੂੰ ਬੇਨਤੀ ਕੀਤੀ। ਕਰਤਾ ਪੁਰਖ ਨੇ ਆਪ ਜੀ ਦੇ ਇਸਰਾਰ ਨੂੰ ਦੇਖਦਿਆਂ ਇਨ੍ਹਾਂ ਰੂਹਾਂ ਨੂੰ ਇਕ ਮੌਕਾ ਦੇਣਾ ਲਈ ਮਨੁੱਖਾ ਜੂਨ ਦੇਣ ਦੀ ਗੱਲ ਕਹੀ। ਚੋਜੀ ਪ੍ਰੀਤਮ ਜੀ! ਆਪ ਨੇ ਹੈਰਾਨੀ ਭਰੀ ਬੇਨਤੀ ਕੀਤੀ ਕਿ ਇਨ੍ਹਾਂ ਰੂਹਾਂ ਦੀ ਸੇਵਾ ਲਈ ਆਪ ਜੀ ਨੂੰ ਵੀ ਮਨੁੱਖਤਾ ਦੇਹੀ ਦੀ ਬਖਸ਼ਿਸ਼ ਕੀਤੀ ਜਾਏ। ‘ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ।’
ਆਪ ਜੀ ਦੇ ਪ੍ਰਕਾਸ਼ ਨੇ ‘ਧੰੁਧ ਮਿਟਾ’ ਕੇ ਜਗ ਰੁਸ਼ਨਾਇਆ। ਭਰਮ-ਵਹਿਮ-ਪਾਖੰਡ ਦੇ ਹਨ੍ਹੇਰੇ ਨੂੰ ਆਪ ਨੂੰ ‘ਗਿਆਨ ਖ਼ੜਗ’ ਦੀ ਆਂਧੀ ਨਾਲ ਹੂੰਝ ਦਿੱਤਾ। ਪਾਂਡੇ, ਮੌਲਵੀ, ਜੋਤਕੀ, ਸਿੱਧ, ਠੱਗ, ਚੋਰ, ਰਾਜੇ, ਸ਼ਾਹ, ਅਮੀਰੜੇ, ਪੜ੍ਹੇ-ਅਨਪੜ੍ਹੇ, ਹਿੰਦੂ, ਮੁਸਮਾਨ, ਸਾਧਕ, ਸਰੇਵੜੇ, ਮੰਤਕੀ ਆਪ ਦੀ ਨਦਰੀ ਨਦਰ ਨਿਹਾਲ ਹੋ ਗਏ।
ਦੇਵ ਭਾਸ਼ਾ ਤੇ ਮਲੇਛ ਬੋਲੀ ਦਾ ਭੇਦ, ਪੁੰਨ ਭੂਮੀ ਤੇ ਮਲੇਛ ਦੇਸ਼ ਦੀਆਂ ਮਸਨੂਈ (ਬਨਾਵਟੀ) ਹੱਦਾਂ, ਨੀਚ ਕੁਲ ਅਤੇ ਉੱਤਮ ਜਾਤੀ ਦੇ ਗਰਬ ਦੇ ਗੜ੍ਹ ਤੋੜ ਕੇ ਆਪ ਨੇ ‘ਕਰਮੀ ਆਪੋ ਆਪਣੀ’ ਦੇ ਰਾਹੀਂ ਹਰ ਕਿਸੇ ਵਿਚ ਉਸ ਕਰਤਾਰ ਦੀ ਜੋਤਿ ਦਾ ਦਰਸ਼ਨ ਉਸ ਨੂੰ ਕਰਵਾ ਦਿੱਤਾ।
ਹਨ੍ਹੇਰੇ ਨੂੰ ਚਾਨਣ, ਝੂਠ ਨੂੰ ਸੱਚ, ਜ਼ੁਲਮ ਨੂੰ ਇਨਸਾਫ਼, ਅਵਗੁਣ ਨੂੰ ਗੁਣ, ਅਗਿਆਨਤਾ ਨੂੰ ਗਿਆਨ, ਗਿਰਾਵਟ ਨੂੰ ਸ੍ਰੇਸ਼ਟਤਾ ਕਦੋਂ ਰਾਸ ਆਈ ਹੈ। ਆਪ ਜੀ ਨੂੰ ਕੁਰਾਹੀਆ, ਭੂਤਨਾ, ਬੇਤਾਲਾ, ਵਿਚਾਰਾ, ਕਹਿ ਕੇ ਹੀ ਨਹੀਂ ਪੁਕਾਰਿਆ ਗਿਆ ਬਲਕਿ ਬੰਦੀ ਖਾਨੇ ਵੀ ਪਾਇਆ ਗਿਆ।
ਮੁਲਤਾਨ ਦੇ ਪੀਰਾਂ ਨੇ ਆਪ ਦੇ ਸਾਹਮਣੇ ਭਰਿਆ ਦੁੱਧ ਦਾ ਕਟੋਰਾ ਰੱਖ ਕੇ ਸੁਨੇਹਾ ਦਿੱਤਾ ਕਿ ਆਪ ਲਈ ਇਥੇ ਕੋਈ ਥਾਂ ਨਹੀਂ। ਆਪ ਦੀ ਉਮਤ ਆਪ ਦੇ ਨਾਮ ਲੇਵਾ ਨਾਲ ਵੀ ਇਹ ਨਿੱਤ ਹੁੰਦਾ ਹੈ। ਪਰ ਆਪ ਨੇ ਚਮੇਲੀ ਦਾ ਫੁੱਲ ਦੁੱਧ ’ਤੇ ਟਿਕਾ ਕੇ ਆਪਣੀ ਹੋਂਦ ਕਾਇਮ ਰੱਖਦਿਆਂ ਮਾਹੌਲ ਰਸਮਈ ਕਾਇਮ ਰੱਖਣ ਦਾ ਸੰਦੇਸ਼ ਦਿੱਤਾ।
ਬਾਬਾ ਜੀ! ਆਪ ਨੇ ਨਾ ਕੋਈ ਵੇਦਾਂ, ਸ਼ਾਸਤਰਾਂ, ਪੁਰਾਣਾਂ ਆਦਿ ਦਾ ਤਰਜਮਾ ਹੀ ਸੰਸਾਰ ਨੂੰ ਦਿੱਤਾ ਤੇ ਨਾ ਹੀ ਪੁਰਾਣੀਆਂ ਮਾਨਤਾਵਾਂ ਮੁਤਾਬਕ ਕਿਸੇ ਅਵਤਾਰ ਦੀ ਪੂਜਾ ਜਾਂ ਪੈਗੰਬਰ ਰਾਹੀਂ ਰੱਬ ਤੱਕ ਵਿਚੋਲਗੀਰੀ ਨੂੰ ਹੀ ਪ੍ਰਵਾਨ ਕੀਤਾ। ਆਪ ਦੇ ਸੂਰਜਮਈ ਪ੍ਰਕਾਸ਼ ਨੇ ਪੁਰਾਣੀਆਂ ਮਾਨਤਾਵਾਂ, ਫਲਸਫਿਆਂ ਤੇ ਮਿਥਿਹਾਸਕ ਕਿਰਦਾਰਾਂ ਨੂੰ ਹੀ ਸਮਾਪਤ ਨਹੀਂ ਕੀਤਾ ਬਲਕਿ ਇਹ ਸਿਤਾਰੇ ਤਾਂ ਭਾਈ ਗੁਰਦਾਸ ਜੀ ਦੇ ਲਫ਼ਜ਼ ਵਿਚ ‘ਤਾਰੇ ਛਪੇ ਅੰਧੇਰ ਪਲੋਅ’ ਹੋ ਗਿਆ। ਇਹ ਮਿੱਟੀ ਨਹੀਂ ਬਲਕਿ ਬੇਸ਼ਕੀਮਤੀ ਕਲਾ-�ਿਤ ਹੋ ਗਈ। ਠੀਕਰੀਆਂ ਤੋਂ ਆਪ ਨੇ ਨਗੀਨੇ ਤਿਆਰ ਕਰ ਦਿੱਤੇ। ਇਸ ਬੇਸ਼ਕੀਮਤੀ ਕਲਾ-�ਿਤ ਦਾ ਸੁਹੱਪਣ, ਸਜੀਵਤਾ, ਦਿੱਖ, ਕਿਰਦਾਰ, ਦਿ੍ਰੜ੍ਹਤਾ ਅਤੇ ਨਿਸ਼ਾਨੇ ਪ੍ਰਤੀ ਦੁਬਿਧਾ ਰਹਿਤ ਵਚਨਬੱਧਤਾ ਹੀ ਇਸ ਦੀ ਦੁਸ਼ਮਣ ਹੋ ਨਿਬੜੀ।
ਇਸ ਲਈ ਬਾਬਾ ਨਾਨਕ ਜੀ! ਆਪ ਜੀ ਅਤੇ ਆਪ ਦੇ ਦਸਵੇਂ ਸਰੂਪ ਵਿਚ ਫ਼ਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਆਪ ਦੇ ਹੁਕਮ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’’ ਦਾ ਸਿਖਰ ਕਲਗੀਧਰ ਪਿਤਾ ਵਲੋਂ ਪ੍ਰੇਮ-ਖੇਡ ਲਈ ਪੰਜ ਪਿਆਰਿਆਂ ਦੇ ਸਿਰਾਂ ਦੀ ਮੰਗ ਸੀ ਪਰ ਇਸ ਲਈ ਆਪ ਦੇ ਕਲਗੀਧਰ ਸਰੂਪ ਨੂੰ ‘ਗੁੰਮਰਾਹ ਦੇ ਸੁਭ ਗਤ’ ਤੱਕ ਆਖਿਆ ਗਿਆ। ਆਪ ਦੇ ਰੱਬੀ ਸੰਦੇਸ਼ ਨੂੰ ਸਮਾਪਤ ਕਰਨ ਲਈ ਆਪ ਦੀ ਪਿਆਰੀ ਉਮੱਤ ਨੂੰ ਮੁਗ਼ਲ ਕਾਲ ਵਿਚ ਆਪ ਦੇ ਪਿਆਰੇ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਕਾਨੇ ਬਾਤਲ (ਝੂਠ ਦੀ ਦੁਕਾਨ) ਕਿਹਾ ਗਿਆ। ਭੁਜੰਗ (ਸੱਪ), ਸੱਗ (ਕੁੱਤੇ) ਹੀ ਨਹੀਂ ਕਿਹਾ ਗਿਆ ਬਲਕਿ ਨਾਨਕ ਨਾਮ ਲੇਵਾ ਦੇ ਖੁੱਲ੍ਹੇਆਮ ਕਤਲੇਆਮ ਦੇ ਹੁਕਮ ਜਾਰੀ ਕੀਤੇ ਗਏ। ਗੁੜ ਨੂੰ ਭੇਲੀ ਕਹਿਣ ਲਈ ਕਿਹਾ ਗਿਆ ਕਿਉਕਿ ਗੁੜ ’ਚੋਂ ਵੀ ਗੁਰੂ ਲਫ਼ਜ਼ ਦੀ ਖੁਸ਼ਬੂ ਪ੍ਰਾਪਤ ਹੁੰਦੀ ਹੈ। ਬਾਬਾ ਜੀ! ਇਹ ਸਿਲਸਿਲਾ ਬੰਦ ਨਹੀਂ ਹੋਇਆ।
ਭਾਈ ਮਰਦਾਨੇ ਨੇ ਆਪ ਨੂੰ ਕਿਹਾ ਸੀ, ‘ਬਾਬਾ ਤੇਰਾ ਮੇਰਾ ਬਹੁਤਾ ਫ਼ਰਕ ਨਾਹੀ, ਤੂੰ ਖ਼ੁਦਾ ਦਾ ਡੂੰਮ, ਮੈਂ ਤੇਰਾ ਡੂੰਮ।’ ਅਤੇ ਆਪ ਨੇ ਦਸਵੇਂ ਜਾਮੇ ਵਿਚ ਇਹੋ ਗੱਲ ਦੁਹਰਾਈ ਸੀ, ‘ਯਾ ਮੈ ਭੇਦ ਨ ਰੰਚ ਪਛਾਨੋ।’
ਪਰ ਆਪ ਦੇ ਸਾਜੇ-ਨਿਵਾਜੇ ਖਾਲਸੇ ਨੂੰ ਕਦੇ, ‘ਜਰਾਇਮਪੇਸ਼ਾ’ ਕਰਾਰ ਦਿੰਦੇ ਸਰਕਾਰੀ ਗ਼ਸ਼ਤੀ ਪੱਤਰ ਜਾਰੀ ਹੁੰਦੇ ਹਨ, ਕਦੇ ਸਾਰੇ ਅੰਮਿ੍ਰਤਧਾਰੀਆਂ ਨੂੰ ਦਹਿਸ਼ਤਗਰਦ ਕਰਾਰ ਦਿੱਤਾ ਜਾਂਦਾ ਹੈ।
ਬਾਬਾ ਜੀ! ਆਪ ਜੀ ਨੇ ‘ਨਾਮ ਦਾਨ ਇਸ਼ਨਾਨ’, ਕਿਰਤ ਕਰੋ-ਨਾਮ ਜਪੋ-ਵੰਡ ਛਕੋ’, ‘ਕਿਰਤਮ ਨਾਲ ਪਿਆਰ-ਕਰਤੇ ਦੀ ਪੂਜਾ, ਦੇ ਸੁਨਹਿਰੀ ਅਤੇ ਪਰਮ ਸਤਿ ਸਰੂਪ ਸਿਧਾਂਤ ਦਿੱਤੇ। ਬਾਬਾ ਜੀ! ਅਸੀਂ ਇਹ ਸਭ ਸਮਝ ਹੀ ਨਹੀਂ ਗਏ ਬਲਕਿ ਸੰਸਾਰ ਨੂੰ ਸਮਝਾ ਵੀ ਰਹੇ ਹਾਂ ਪਰ ਅਮਲ ਵਿਚ ਲਿਆਉਣ ਲਈ ਤਿਆਰ ਨਹੀਂ ਹਾਂ।
ਆਪ ਜੀ ਨੇ ਕਾਰੂੰ ਦੇ ਬਾਦਸ਼ਾਹ ਨੂੰ ਜਦੋਂ ਇਹ ਕਿਹਾ ਸੀ ਕਿ ਹਜ਼ਾਰਾਂ ਊਠਾਂ ’ਤੇ ਤੇਰਾ ਖਜ਼ਾਨਾ ਜਾਣਾ ਹੈ ਤਾਂ ਇਕ ਊਠ ਮੈਨੂੰ ਵੀ ਦੇ ਦੇਵੀਂ, ਮੇਰਾ ਗਰੀਬ ਦਾ ਵੀ ਉਥੇ ਘਰ ਬਣ ਜਾਏਗਾ। ਕਾਰੂੰ ਸਮਰਾਟ ਨੇ ਕਿਹਾ ਸੀ, ‘ਬਾਬਾ! ਤੇਰੀ ਗੱਲ ਮੈਨੂੰ ਸਮਝ ਆ ਗਈ ਹੈ ਪਰ ਮਨ ਮੋਮ ਨਹੀਂ ਹੋਇਆ। ਹੁਣ ਰਹਿਮਤ ਕਰ ਕੇ ਮਨ ਮੋਮ ਹੋ ਜਾਏ। ਬਾਬਾ ਜੀ! ਅੱਜ ਤੁਹਾਡੇ ਪ੍ਰਕਾਸ਼ ਦਿਵਸ ’ਤੇ ਵੀ ਸਾਡੀ ਇਹੋ ਬੇਨਤੀ ਹੈ ਕਿ ਸਾਡੇ ਮਨ ਮੰਦਰ ਵਿਚ ਸਿਦਕ, ਭਰੋਸੇ, ਵਿਸ਼ਵਾਸ ਦੀ ਐਸੀ ਲੋਅ ਜਗਾ ਕੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਲੱਖੀ ਜੰਗਤ ਵਿਚ ਬਿਹਾਰੀ ਕਵੀ ਦੀ ਕਲਗੀਧਰ ਪਿਤਾ ਨੂੰ ਕੀਤੀ ਅਰਦਾਸ ਤੈਨੂੰ ਅਰਪਣ ਹੈ :
ਚਾਦਰ ਮੈਲੀ ਤੇ ਸਾਬਣ ਥੋੜਾ,
ਜਦ ਦੇਖਾਂ ਤਦ ਰੋਵਾਂ।
ਬਹੁਤੇ ਦਾਗ ਲਗੇ ਤਨ ਮੇਰੇ,
ਮੈਂ ਕਿਹੜਾ ਕਿਹੜਾ ਧੋਵਾਂ।
ਦਾਗ਼ਾਂ ਦੀ ਕੋਈ ਕੀਮਤ ਨਹੀਂ,
ਮੈਂ ਕਿਉ ਕਰ ਹੱਛੀ ਹੋਵਾਂ।
ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ,
ਮੈਂ ਸੱਚੇ ਸਾਬਣ ਧੋਵਾਂ।
ਅਖੀਰ ਵਿਚ ਬਾਬਾ ਜੀ! ਇਕ ਗੁਜਾਰਿਸ਼ ਹੈ। ਆਪ ਜੀ ਨੇ ਕਰਤਾ ਪੁਰਖ ਨੂੰ ਕਿਹਾ ਸੀ :
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ। (ਅੰਗ ੩੬੦)
ਅਸੀਂ ਤੇਰੇ ਨਾਮ ਧਰੀਕ ਸਿੱਖ ਹਾਂ। ਲੋਕ ਸਾਨੂੰ ਤੇਰੇ ਸਿੱਖ ਕਰਕੇ ਜਾਣਦੇ ਹਨ। ਅਸੀਂ ਤਾਂ ਅਰਦਾਸ ਵੀ ‘ਮਤ ਦੀ ਰਾਖੀ’ ਦੀ ਕਰਦੇ ਹਾਂ, ‘ਪਤ ਦੀ ਰਾਖੀ ਦੀ’ ਨਹੀਂ। ਸੋ ਹੁਣ ਇਹ ਸਾਡਾ ਨਹੀਂ ਤੇਰੇ ਬਿਰਦ ਬਾਣੇ ਦਾ ਸਵਾਲ ਹੈ।
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ॥
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ॥