ਛੀਨਾ ਹੋਣਗੇ ਮਜੀਠੀਆ ਖ਼ਿਲਾਫ਼ ਜਾਂਚ ਲਈ ਗਠਿਤ ‘ਸਿਟ’ ਦੇ ਮੁਖੀ

ਛੀਨਾ ਹੋਣਗੇ ਮਜੀਠੀਆ ਖ਼ਿਲਾਫ਼ ਜਾਂਚ ਲਈ ਗਠਿਤ ‘ਸਿਟ’ ਦੇ ਮੁਖੀ

ਟੀਮ ਦੇ ਬਾਕੀ ਮੈਂਬਰ ਪਹਿਲਾਂ ਵਾਲੇ ਹੀ ਰਹਿਣਗੇ

ਚੰਡੀਗੜ੍ਹ- ਪੰਜਾਬ ਪੁਲੀਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਨੂੰ ਬਦਲ ਦਿੱਤਾ ਹੈ ਅਤੇ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਮੁੜ ਗਠਨ ਕੀਤਾ ਹੈ। ਡੀਜੀਪੀ ਗੌਰਵ ਯਾਦਵ ਦੀ ਪ੍ਰਵਾਨਗੀ ਨਾਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਵੱਲੋਂ ਅੱਜ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਹੁਣ ਪਟਿਆਲਾ ਜ਼ੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਕਰਨਗੇ। ਪਹਿਲਾਂ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਾਹੁਲ ਐੱਸ ਸਨ ਜੋ ਕਿ ਵਿਜੀਲੈਂਸ ਦੇ ਡਾਇਰੈਕਟਰ ਵੀ ਹਨ।

ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰਾਹੁਲ ਐੱਸ ਕਾਫ਼ੀ ਵਿਜੀਲੈਂਸ ਕੇਸਾਂ ਦੀ ਦੇਖਰੇਖ ਕਰ ਰਹੇ ਹਨ ਇਸ ਕਰ ਕੇ ਪ੍ਰਸ਼ਾਸਕੀ ਆਧਾਰ ’ਤੇ ਮਜੀਠੀਆ ਮਾਮਲੇ ਦੀ ਜਾਂਚ ਕਰ ਰਹੀ ਸਿਟ ਦਾ ਨਵਾਂ ਮੁਖੀ ਮੁਖਵਿੰਦਰ ਸਿੰਘ ਛੀਨਾ ਨੂੰ ਲਗਾਇਆ ਗਿਆ ਹੈ। ਬਾਕੀ ਮੈਂਬਰਾਂ ਵਜੋਂ ਏਆਈਜੀ ਰਣਜੀਤ ਸਿੰਘ ਢਿੱਲੋਂ, ਡੀਐੱਸਪੀ (ਐੱਸਟੀਐੱਫ ਰੋਪੜ) ਰਘਬੀਰ ਸਿੰਘ ਅਤੇ ਡੀਐੱਸਪੀ ਖਰੜ-2 ਅਮਰਪ੍ਰੀਤ ਸਿੰਘ ਪਹਿਲਾਂ ਦੀ ਤਰ੍ਹਾਂ ਸਿਟ ਵਿੱਚ ਕਾਇਮ ਰਹਿਣਗੇ। ਚੇਤੇ ਰਹੇ ਕਿ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਚੰਨੀ ਸਰਕਾਰ ਸਮੇਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੁਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿੱਚ 20 ਦਸੰਬਰ 2021 ਨੂੰ ਐੱਫ਼ਆਈਆਰ ਨੰਬਰ-2 ਦਰਜ ਕੀਤੀ ਗਈ ਸੀ ਜਿਸ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਸ਼ਾਮਲ ਸੀ। ਇਸ ਕੇਸ ਵਿੱਚ ਮਜੀਠੀਆ ਕਰੀਬ ਛੇ ਮਹੀਨੇ ਜੇਲ੍ਹ ’ਚ ਰਹੇ ਅਤੇ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲੀ ਸੀ। ਪੰਜਾਬ ਸਰਕਾਰ ਹੁਣ ਨਸ਼ਿਆਂ ਦੇ ਮਾਮਲੇ ’ਤੇ ਵਿਸ਼ੇਸ਼ ਧਿਆਨ ਦੇਣ ਲੱਗੀ ਹੈ। ਪਿਛਲੇ ਦਿਨਾਂ ਵਿੱਚ ਜਲੰਧਰ ਜ਼ਿਮਨੀ ਚੋਣ ਸਮੇਂ ਮਜੀਠੀਆ ਵੱਲੋਂ ਸਰਕਾਰ ਨੂੰ ਲਗਾਤਾਰ ਨਿਸ਼ਾਨੇ ’ਤੇ ਰੱਖਿਆ ਗਿਆ ਸੀ।

ਬਾਦਲਾਂ ਦੇ ਨਿਸ਼ਾਨੇ ’ਤੇ ਰਹੇ ਛੀਨਾ
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਮੁਖਵਿੰਦਰ ਸਿੰਘ ਛੀਨਾ ਬਠਿੰਡਾ ਜ਼ੋਨ ਦੇ ਆਈ.ਜੀ. ਵਜੋਂ ਤਾਇਨਾਤ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਤਲਵੰਡੀ ਸਾਬੋ ਵਿੱਚ 2018 ਦੀ ਵਿਸਾਖੀ ਕਾਨਫ਼ਰੰਸ ਮੌਕੇ ਮੁਖਵਿੰਦਰ ਸਿੰਘ ਛੀਨਾ ਨੂੰ ਸਿੱਧਾ ਨਿਸ਼ਾਨੇ ’ਤੇ ਲਿਆ ਸੀ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਬਠਿੰਡਾ ਰਿਫ਼ਾਈਨਰੀ ਦਾ ਗੁੰਡਾ ਟੈਕਸ ਦਾ ਰੌਲਾ ਪਿਆ ਸੀ। ਸੁਖਬੀਰ ਸਿੰਘ ਬਾਦਲ ਨੇ ਉਸ ਮਗਰੋਂ ਵੀ ਲਾਲ ਡਾਇਰੀ ਦਾ ਜ਼ਿਕਰ ਕਰਦਿਆਂ ਛੀਨਾ ’ਤੇ ਨਿਸ਼ਾਨੇ ਸੇਧੇ ਸਨ।