ਚੰਨੀ ਨੇ ਵਿਜੀਲੈਂਸ ਕੋਲੋਂ ਹਫ਼ਤੇ ਦੀ ਮੋਹਲਤ ਮੰਗੀ

ਚੰਨੀ ਨੇ ਵਿਜੀਲੈਂਸ ਕੋਲੋਂ ਹਫ਼ਤੇ ਦੀ ਮੋਹਲਤ ਮੰਗੀ

ਐਸ.ਏ.ਐਸ. ਨਗਰ (ਮੁਹਾਲੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਤੋਂ ਮੁੜ ਜਾਂਚ ਵਿੱਚ ਸ਼ਾਮਲ ਹੋਣ ਅਤੇ ਜਾਇਦਾਦਾਂ ਬਾਰੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਸਬੰਧੀ ਇੱਕ ਹਫ਼ਤੇ ਦੀ ਮੋਹਲਤ ਮੰਗੀ ਗਈ ਹੈ। ਵਿਜੀਲੈਂਸ ਦੇ ਐੱਸਐੱਸਪੀ ਦਲਜੀਤ ਸਿੰਘ ਰਾਣਾ ਨੇ ਇਸ ਗੱਲ ਦੀ ਪੁਸ਼ਟੀ ਜ਼ਰੂਰ ਕੀਤੀ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਹਫ਼ਤੇ ਦੀ ਮੋਹਲਤ ਦੇਣ ਜਾਂ ਨਾ ਦੇਣ ਬਾਰੇ ਵਿਜੀਲੈਂਸ ਮੁਖੀ ਹੀ ਕੁਝ ਦੱਸ ਸਕਦੇ ਹਨ। ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਅੱਜ (21 ਅਪਰੈਲ ਨੂੰ) ਮੁਹਾਲੀ ਸਥਿਤ ਵਿਜੀਲੈਂਸ ਭਵਨ ਵਿੱਚ ਸੱਦਿਆ ਗਿਆ ਸੀ। ਉਂਜ ਇਸ ਤੋਂ ਪਹਿਲਾਂ ਚੰਨੀ ਬੀਤੀ 14 ਅਪਰੈਲ ਨੂੰ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋ ਚੁੱਕੇ ਹਨ। ਉਸ ਦਿਨ ਵਿਜੀਲੈਂਸ ਨੇ ਉਨ੍ਹਾਂ ਤੋਂ ਲਗਪਗ ਸੱਤ ਘੰਟੇ ਤੱਕ ਲੰਬੀ ਪੁੱਛ ਪੜਤਾਲ ਕੀਤੀ ਸੀ। ਵਿਜੀਲੈਂਸ ਉਨ੍ਹਾਂ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਮੇਤ ਨਾਜਾਇਜ਼ ਖਣਨ ਬਾਰੇ ਪੁੱਛ ਪੜਤਾਲ ਕਰ ਚੁੱਕੀ ਹੈ। ਚਰਨਜੀਤ ਚੰਨੀ ਦੱਸਿਆ ਕਿ ਉਨ੍ਹਾਂ ਸਾਰੇ ਦਸਤਾਵੇਜ਼ ਮੁਹੱਈਆ ਕਰਨ ਲਈ ਵਿਜੀਲੈਂਸ ਤੋਂ ਘੱਟੋ-ਘੱਟ ਇੱਕ ਹਫ਼ਤੇ ਦੀ ਮੋਹਲਤ ਦੇਣ ਦੀ ਮੰਗ ਕੀਤੀ ਹੈ।