ਚੰਨੀ ਦੇ ਭਾਣਜੇ ਖ਼ਿਲਾਫ਼ ਗ਼ੈਰਕਾਨੂੰਨੀ ਖ਼ਣਨ ਦਾ ਨਵਾਂ ਕੇਸ ਦਰਜ

ਚੰਨੀ ਦੇ ਭਾਣਜੇ ਖ਼ਿਲਾਫ਼ ਗ਼ੈਰਕਾਨੂੰਨੀ ਖ਼ਣਨ ਦਾ ਨਵਾਂ ਕੇਸ ਦਰਜ

ਚੰਡੀਗੜ੍ਹ – ਪੰਜਾਬ ਪੁਲੀਸ ਨੇ ਨਾਜਾਇਜ਼ ਖਣਨ ਦੇ ਮਾਮਲੇ ਵਿਚ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ਅਤੇ ਉਸ ਦੇ ਸਾਥੀ ਕੁਦਰਤਦੀਪ ਸਿੰਘ ਖ਼ਿਲਾਫ਼ ਨਵਾਂ ਪੁਲੀਸ ਕੇਸ ਦਰਜ ਕੀਤਾ ਹੈ| ਨਵਾਂ ਕੇਸ ਦਰਜ ਹੋਣ ਨਾਲ ਚੰਨੀ ਦੇ ਭਾਣਜੇ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ| ਹਾਲੇ ਜੁਲਾਈ ਦੇ ਪਹਿਲੇ ਹਫ਼ਤੇ ਹੀ ਹਾਈ ਕੋਰਟ ’ਚੋਂ ਭੁਪਿੰਦਰ ਹਨੀ ਨੂੰ ਜ਼ਮਾਨਤ ਮਿਲੀ ਸੀ| ਆਈਜੀ ਡਾ. ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਦੱਸਿਆ ਕਿ ਥਾਣਾ ਰਾਹੋਂ ’ਚ ਭੁਪਿੰਦਰ ਹਨੀ ਅਤੇ ਕੁਦਰਤਦੀਪ ਸਿੰਘ ਖ਼ਿਲਾਫ਼ ਐਫ.ਆਈ.ਆਰ. ਨੰਬਰ 73, ਮਾਈਨਜ਼ ਐਂਡ ਮਿਨਰਲਜ਼ (ਵਿਕਾਸ ਅਤੇ ਨਿਯਮ) ਐਕਟ ਦੀਆਂ ਧਾਰਾਵਾਂ 21(1) ਅਤੇ 4(1), ਆਈਪੀਸੀ ਦੀ ਧਾਰਾ 379, 406, 420, 465, 468, 471 ਅਤੇ 120 ਬੀ ਅਤੇ ਵਾਤਾਵਰਨ ਸੁਰੱਖਿਆ ਐਕਟ ਦੀ ਧਾਰਾ 15 ਤਹਿਤ ਕੇਸ ਦਰਜ ਕੀਤਾ ਗਿਆ ਹੈ| ਮਾਮਲੇ ਦੀ ਅਗਲੀ ਜਾਂਚ ਲਈ ਐੱਸ.ਪੀ. ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ| ਪੰਜਾਬ ਪੁਲੀਸ ਨੇ ਭੁਪਿੰਦਰ ਹਨੀ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਹੈ ਜਦੋਂ ਕਿ ਕਪੂਰਥਲਾ ਜੇਲ੍ਹ ਵਿਚ ਬੰਦ ਕੁਦਰਤਦੀਪ ਨੂੰ ਮੰਗਲਵਾਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ| ਉਨ੍ਹਾਂ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਪੱਤਰ (ਮਿਤੀ 9 ਮਈ, 2022) ਰਾਹੀਂ ਐੱਸ.ਐੱਸ.ਪੀ. ਐੱਸ.ਬੀ.ਐੱਸ. ਨਗਰ ਨਾਲ 73 ਵੇਟਮੈਂਟ ਸਲਿੱਪਾਂ (ਮਿਤੀ 10/11/2017) ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਨੂੰ ਮਲਿਕਪੁਰ ਰੇਤ ਮਾਈਨਿੰਗ ਸਾਈਟ ਤੋਂ ਨਾਜਾਇਜ਼ ਮਾਈਨਿੰਗ ਰਾਹੀਂ ਅਧਿਕਾਰਤ ਮਿਕਦਾਰ ਤੋਂ ਵੱਧ ਰੇਤ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਸੀ| ਜ਼ਿਕਰਯੋਗ ਹੈ ਕਿ 2021 ਦੇ ਅੰਤ ’ਚ ਡਾਇਰੈਕਟੋਰੇਟ ਆਫ਼ ਐਨਫੋਰਸਮੈਂਟ ਜਲੰਧਰ ਨੇ ਭੁਪਿੰਦਰ ਸਿੰਘ ਉਰਫ਼ ਹਨੀ ਅਤੇ ਕੁਦਰਤਦੀਪ ਸਿੰਘ ਉਰਫ਼ ਲਵੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਫਿਰ ਵੱਖ-ਵੱਖ ਫ਼ਰਜ਼ੀ ਦਸਤਾਵੇਜ਼ਾਂ, ਡਿਜੀਟਲ ਉਪਕਰਨ ਅਤੇ ਮਲਿਕਪੁਰ ਰੇਤ ਮਾਈਨਿੰਗ ਸਾਈਟ ’ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਗਤੀਵਿਧੀਆਂ ਜ਼ਰੀਏ ਕਮਾਏ 9.97 ਕਰੋੜ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਸੀ| ਈ.ਡੀ. ਦੇ ਪੱਤਰ ਤੋਂ ਬਾਅਦ ਐੱਸ.ਪੀ ਇਨਵੈਸਟੀਗੇਸ਼ਨ (ਨਵਾਂ ਸ਼ਹਿਰ) ਦੀ ਨਿਗਰਾਨੀ ਹੇਠ ਤੁਰੰਤ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ