ਚੰਨੀ ਤੇ ਬਾਜਵਾ ਨੇ ਕਰਮਜੀਤ ਕੌਰ ਦੇ ਹੱਕ ’ਚ ਵੋਟਾਂ ਮੰਗੀਆਂ

ਚੰਨੀ ਤੇ ਬਾਜਵਾ ਨੇ ਕਰਮਜੀਤ ਕੌਰ ਦੇ ਹੱਕ ’ਚ ਵੋਟਾਂ ਮੰਗੀਆਂ

ਫਗਵਾੜਾ –
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਪਾਰਟੀ ਉਮੀਦਵਾਰ ਕਰਮਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਕਰਮਜੀਤ ਕੌਰ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ। ਨੇੜਲੇ ਪਿੰਡ ਵਿਰਕਾਂ ਵਿੱਚ ਕੀਤੀ ਰੈਲੀ ਦੌਰਾਨ ਸ੍ਰੀ ਚੰਨੀ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ।

ਰੋਜ਼ਾਨਾ ਪੰਜਾਬ ’ਚ ਲੁੱਟ-ਖੋਹ ਤੇ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਤੇ ਲੋਕ ਸਹਿਮ ਵਿੱਚ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਸੂਬਾ ਸਰਕਾਰ ’ਤੇ ਦੋਸ਼ ਲਾਇਆ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ, ਇੰਦਰ ਸਿੰਘ ਬੁਲਾਰੀਆ, ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਸਮੇਤ ਪਿੰਡ ਵਾਸੀ ਪ੍ਰੀਤਪਾਲ ਸਿੰਘ ਲੰਬੜਦਾਰ, ਰਾਮ ਕਿਸ਼ਨ ਕਾਲਾ, ਬੂਟਾ ਮੁਹੰਮਦ, ਬਲਬੀਰ ਰਾਣਾ, ਦੇਵੀ ਵਿਰਕ, ਓਮ ਪ੍ਰਕਾਸ਼, ਪਿਆਰਾ ਰਾਮ ਮੈਂਬਰ ਪੰਚਾਇਤ, ਜਸਵੰਤ ਸਿੰਘ, ਗੁਰਦਿੱਤ ਸਿੰਘ, ਨਰਿੰਦਰ ਕੁਮਾਰ, ਫ਼ਕੀਰ ਮੁਹੰਮਦ ਤੇ ਬੱਬੂ ਪ੍ਰਧਾਨ ਹਾਜ਼ਰ ਸਨ।