ਚੰਡੀਗੜ੍ਹ ਵਿੱਚ ਮੀਂਹ ਨੇ ਸਾਰੇ ਰਿਕਾਰਡ ਤੋੜੇ; ਕਈ ਥਾਵਾਂ ’ਤੇ ਸੜਕਾਂ ਧੱਸੀਆਂ, ਦਰੱਖਤ ਤੇ ਖੰਭੇ ਡਿੱਗੇ

ਚੰਡੀਗੜ੍ਹ ਵਿੱਚ ਮੀਂਹ ਨੇ ਸਾਰੇ ਰਿਕਾਰਡ ਤੋੜੇ; ਕਈ ਥਾਵਾਂ ’ਤੇ ਸੜਕਾਂ ਧੱਸੀਆਂ, ਦਰੱਖਤ ਤੇ ਖੰਭੇ ਡਿੱਗੇ

ਚੰਡੀਗੜ੍ਹ- ਚੰਡੀਗੜ੍ਹ ਵਿੱਚ ਮੌਨਸੂਨ ਦੇ ਮੀਂਹ ਨੇ ਅੱਜ ਤੱਕ ਦੇ ਸਾਰੇ ਰਿਕਾਰਡਤੋੜ ਦਿੱਤੇ ਹਨ। ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਅੱਜ ਤੱਕ ਦਾ ਸਭ ਤੋਂ ਵੱਧ ਮੀਂਹ ਪਿਆ ਹੈ। ਸ਼ਹਿਰ ’ਚ ਸਵੇਰੇ 8.30 ਵਜੇ ਤੋਂ ਐਤਵਾਰ ਸਵੇਰੇ 8.30 ਵਜੇ ਤੱਕ 322 ਐੱਮਐੱਮ ਮੀਂਹ ਪਿਆ ਹੈ। ਹਾਲਾਂਕਿ ਐਤਵਾਰ ਨੂੰ 63.2 ਐੱਮਐੱਮ ਮੀਂਹ ਪਿਆ ਹੈ। ਮੀਂਹ ਪੈਣ ਕਰਕੇ ਸੁਖਨਾ ਝੀਲ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਡੇਢ ਫੁੱਟ ਉੱਪਰ ਟੱਪ ਗਿਆ ਹੈ, ਜਿਸ ਕਰਕੇ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਦੋ ਫਲੱਡ ਗੇਟ ਖੋਲ੍ਹ ਦਿੱਤੇ ਗਏ।


ਜਾਣਕਾਰੀ ਅਨੁਸਾਰ ਐਤਵਾਰ ਤੜਕੇ ਸੁਖਨਾ ਝੀਲ ਦਾ ਪਾਣੀ 1164.60 ਫੁੱਟ ’ਤੇ ਪਹੁੰਚ ਗਿਆ ਸੀ। ਝੀਲ ਵਿੱਚ ਤੇਜ਼ੀ ਨਾਲ ਪਾਣੀ ਵਧਦਾ ਦੇਖ ਯੂਟੀ ਪ੍ਰਸ਼ਾਸਨ ਨੇ ਸਵੇਰੇ 5.30 ਵਜੇ ਦੇ ਕਰੀਬ ਇੱਕ ਫਲੱਡ ਗੇਟ ਖੋਲ੍ਹ ਦਿੱਤਾ, ਇਸ ਤੋਂ ਕੁਝ ਸਮੇਂ ਬਾਅਦ ਹੀ ਸਵੇਰੇ 6.15 ਵਜੇ ਦੇ ਕਰੀਬ ਦੂਜਾ ਫਲੱਡ ਗੇਟ ਵੀ ਖੋਲ੍ਹ ਦਿੱਤਾ। ਇਸ ਦੌਰਾਨ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਇੰਨਾ ਵਧ ਗਿਆ ਕਿ ਉਹ ਫਲੱਡ ਗੇਟਾਂ ਦੇ ਉਪਰ ਤੋਂ ਵਹਿ ਰਿਹਾ ਸੀ। ਇਸੇ ਕਰਕੇ ਪ੍ਰਸ਼ਾਸਨ ਨੇ ਦੋਵਾਂ ਗੇਟਾਂ ਨੂੰ ਇੱਕ-ਇੱਕ ਫੁੱਟ ਦੇ ਕਰੀਬ ਖੋਲ੍ਹ ਦਿੱਤਾ ਗਿਆ। ਪ੍ਰਸ਼ਾਸਨ ਨੇ ਪਾਣੀ ਦਾ ਪੱਧਰ ਘਟਦਾ ਦੇਖ ਬਾਅਦ ਦੁਪਹਿਰ 3.30 ਵਜੇ ਦੇ ਕਰੀਬ ਇੱਕ ਫਲੱਡ ਗੇਟ ਬੰਦ ਕਰ ਦਿੱਤਾ। ਉਸ ਸਮੇਂ ਵੀ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1163.70 ਫੁੱਟ ਸੀ। ਸੁਖਨਾ ਝੀਲ ਦਾ ਪਾਣੀ ਵੀ ਓਵਰਫਲੋਅ ਹੋ ਕੇ ਲੇਕ ਕਲੱਬ ਤੱਕ ਪਹੁੰਚ ਗਿਆ ਸੀ। ਫਲੱਡ ਗੇਟ ਖੁੱਲ੍ਹਣ ਕਰਕੇ ਜ਼ੀਰਕਪੁਰ, ਮੁਹਾਲੀ ਤੇ ਪੰਚਕੂਲਾ ’ਚ ਸੁਖਨਾ ਚੋਅ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਮੀਂਹ ਕਰਕੇ ਇੰਡਸਟਰੀਅਲ ਏਰੀਆ, ਸੈਕਟਰ-26, 20, 19, 27, 18, 32, 33, 34, 35, 44, 43, 45, 29 ਸਣੇ ਸ਼ਹਿਰ ਦੇ ਵੱਡੀ ਗਿਣਤੀ ’ਚ ਸੜਕਾਂ ਪਾਣੀ ਵਿੱਚ ਡੁੱਬੀਆਂ ਰਹੀਆਂ। ਇਸ ਦੌਰਾਨ ਮੁੱਖ ਤੌਰ ’ਤੇ ਸ਼ਹਿਰ ਦੇ ਪਿੰਡ ਖੁੱਡਾ ਲਾਹੌਰਾ, ਮੱਖਣਮਾਜਰਾ, ਹੱਲੋਮਾਜਰਾ, ਧਨਾਸ, ਸਾਰੰਗਪੁਰ, ਫੈਦਾ, ਕਜਹੇੜੀ, ਦੜੂਆ ਦੇ ਕਾਫ਼ੀ ਇਲਾਕੇ ਦਨਿ ਭਰ ਪਾਣੀ ਵਿੱਚ ਡੁੱਬੇ ਰਹੇ। ਮੀਂਹ ਕਰਕੇ ਡੱਡੂਮਾਜਰਾ ਡੰਪਿੰਗ ਗਰਾਊਂਡ ਦੀ ਦੀਵਾਰ ਡਿੱਗ ਗਈ ਤੇ ਡੰਪਿੰਗ ਗਰਾਊਂਡ ਦੀ ਗੰਦਗੀ ਮੀਂਹ ਦੇ ਪਾਣੀ ਰਾਹੀਂ ਬਾਹਰ ਆਉਣ ਕਰਕੇ ਵੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਸੜਕਾਂ ’ਤੇ ਕਾਫ਼ੀ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਆਪਣੇ ਘਰ ਤੱਕ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਉੱਧਰ, ਸ਼ਹਿਰ ਦੀਆਂ ਸੜਕਾਂ ਤੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਲਗਾਤਾਰ ਦੋ ਦਨਿਾਂ ਤੋਂ ਮੀਂਹ ਪੈਣ ਕਰਕੇ ਸ਼ਹਿਰ ਦੇ ਕਈ ਇਲਾਕਿਆਂ ’ਚ ਛੱਤਾਂ ਚੋਣ ਲੱਗ ਪਈਆਂ ਅਤੇ ਘਰਾਂ ’ਚ ਪਾਣੀ ਦਾਖ਼ਲ ਹੋ ਗਿਆ। ਇੰਨਾ ਹੀ ਨਹੀਂ ਸ਼ਹਿਰ ’ਚ ਕਈ ਥਾਵਾਂ ’ਤੇ ਸੜਕਾਂ ਧਸ ਗਈਆਂ, ਜਿਸ ਕਰਕੇ ਨਗਰ ਨਿਗਮ ਨੇ ਵੀ ਦਰਜਨਾਂ ਟੀਮਾਂ ਸ਼ਹਿਰ ਵਿੱਚ ਮੁਸਤੈਦ ਕਰ ਦਿੱਤੀਆਂ। ਇਸੇ ਦੌਰਾਨ ਸ਼ਹਿਰ ਦੀਆਂ ਸੜਕਾਂ ਪਾਣੀ ਵਿੱਚ ਡੁੱਬੀਆਂ ਹੋਣ ਕਰਕੇ ਲੋਕਾਂ ਨੂੰ ਗੁਜਰਨਾ ਵੀ ਮੁਸ਼ਕਲ ਹੋ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਵਿੱਚ ਵੀ 10, 11 ਤੇ 12 ਜੁਲਾਈ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੀਂਹ ਕਾਰਨ ਅੰਬਾਲਾ-ਹਿਸਾਰ ਨੈਸ਼ਨਲ ਹਾਈਵੇਅ ਬੰਦ: ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਅੰਬਾਲਾ ਡਾ. ਸ਼ਾਲੀਨ ਵੱਲੋਂ ਜ਼ਿਲ੍ਹੇ ਵਿੱਚ ਭਾਰੀ ਬਾਰਸ਼ ਦੇ ਚੱਲਦਿਆਂ ਜਾਰੀ ਕੀਤੀ ਐਡਵਾਈਜ਼ਰੀ ਤਹਿਤ ਨੈਸ਼ਨਲ ਹਾਈਵੇਅ-152 ਅੰਬਾਲਾ-ਹਿਸਾਰ ਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਅੰਬਾਲਾ ਤੋਂ ਲੁਧਿਆਣਾ ਨੈਸ਼ਨਲ ਹਾਈਵੇਅ-44 ਨੂੰ ਇਸ ਸਮੇਂ ਵਰਤੋਂ ਵਿੱਚ ਨਾ ਲਿਆਉਣ ਲਈ ਕਿਹਾ ਗਿਆ ਹੈ।

ਝੀਲ ਦੇ ਫਲੱਡ ਗੇਟ ਖੋਲ੍ਹਣ ਕਰਕੇ ਅੱਧਾ ਦਰਜਨ ਸੜਕਾਂ ਕੀਤੀਆਂ ਬੰਦ
ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਕਰਕੇ ਸ਼ਹਿਰ ’ਚ ਟਰੈਫਿਕ ਪੁਲੀਸ ਵੀ ਮੁਸਤੈਦ ਹੋ ਗਈ ਜਨਿ੍ਹਾਂ ਨੇ ਸੁਖਨਾ ਚੋਅ ਦੇ ਰਾਹ ਵਿੱਚ ਆਉਣ ਵਾਲੀਆਂ ਅੱਧਾ ਦਰਜਨ ਸੜਕਾਂ ਨੂੰ ਪਾਣੀ ਦੇ ਓਵਰਫਲੋਅ ਕਰਕੇ ਬੰਦ ਕਰ ਦਿੱਤਾ ਹੈ। ਪੁਲੀਸ ਨੇ ਕਿਸ਼ਨਗੜ੍ਹ ਵਾਲਾ ਪੁਲ, ਸ਼ਾਸਤਰੀ ਨਗਰ ਲਾਈਟ ਪੁਆਇੰਟ ਤੋਂ ਸੈਂਟ ਕਬੀਰ ਲਾਈਟ ਪੁਆਇੰਟ, ਮੱਖਣਮਾਜਰਾ ਪੁਲ, ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਸੀਟੀਯੂ ਵਰਕਸ਼ਾਪ ਦੇ ਨਜ਼ਦੀਕ, ਮਲੋਆ ’ਚ ਸਨੇਹਾਲਿਆ ਦੇ ਨਜ਼ਦੀਕ ਅਤੇ ਡੱਡੂਮਾਜਰਾ ਤੋਂ ਮੁੱਲਾਂਪੁਰ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ।
ਚੰਡੀਗੜ੍ਹ ਨਗਰ ਨਿਗਮ ਵੱਲੋਂ ਤਿੰਨ ਕੰਟਰੋਲ ਰੂਮ ਸਥਾਪਤ
ਸ਼ਹਿਰ ਵਿੱਚ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਤਿੰਨ ਕੰਟਰੋਲ ਰੂਮ ਸਥਾਪਤ ਕੀਤੇ ਗਏ ਸਨ। ਇਹ ਕੰਟਰੋਲ ਰੂਮ ਸੈਕਟਰ 15, ਮਨੀਮਾਜਰਾ ਤੇ ਸੈਕਟਰ 17 ਦੇ ਇੰਟੀਗਰੇਟਿਡ ਕਮਾਂਡ ਕੰਟਰੋਲ ਸੈਂਟਰ ’ਚ ਸਥਾਪਤ ਕੀਤੇ ਹਨ। ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸ਼ਹਿਰ ਵਾਸੀ ਲੋੜ ਪੈਣ ’ਤੇ ਕੰਟਰੋਲ ਰੂਮ ਦੇ ਨੰਬਰ 2540200/8146985714, 2738082/9056344434 ਅਤੇ 2787200/8194977201 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਭਰਨ, ਡਿੱਗਣ ਵਾਲੇ ਦਰੱਖਤ, ਪੀਣ ਵਾਲੇ ਪਾਣੀ ਦੀ ਸਪਲਾਈ, ਬਿਜਲੀ ਦਾ ਕਰੰਟ ਤੇ ਹੋਰ ਐਮਰਜੈਂਸੀ ਸਹੂਲਤਾਂ ਲਈ 18 ਕੁਇੱਕ ਰਿਸਪੌਂਸ ਟੀਮਾਂ ਨੂੰ ਤਾਇਨਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਖੁੱਡਾ ਲਾਹੌਰਾ ’ਚ ਪਾਣੀ ਕੱਢਣ ਲਈ ਅਤੇ ਡੰਪਿੰਗ ਗਰਾਊਂਡ ਦੀ ਗੰਦਗੀ ਨੂੰ ਸੜਕਾਂ ਤੋਂ ਸਾਫ ਕਰਨ ਲਈ ਵਿਸ਼ੇਸ਼ ਤੌਰ ’ਤੇ ਟੀਮਾਂ ਤਾਇਨਾਤ ਕੀਤੀਆਂ ਹਨ।

ਪੰਜਾਬ ’ਵਰਸਿਟੀ, ਪੀਜੀਆਈ, ਸੈਕਟਰ 16 ਅਤੇ 32 ਦੇ ਹਸਪਤਾਲਾਂ ਵਿੱਚ ਵੀ ਪਾਣੀ ਭਰਿਆ
ਮੀਂਹ ਕਾਰਨ ਪੰਜਾਬ ਯੂਨੀਵਰਸਿਟੀ, ਪੀਜੀਆਈ, ਸੈਕਟਰ-16 ਅਤੇ ਸੈਕਟਰ-32 ਦੇ ਹਸਪਤਾਲਾਂ ਵਿੱਚ ਵੀ ਪਾਣੀ ਭਰ ਗਿਆ। ਸੈਕਟਰ- 35 ਤੇ 38 ਵਿੱਚ ਖੜ੍ਹੀਆਂ ਕਾਰਾਂ ’ਤੇ ਬਿਜਲੀ ਦਾ ਖੰਭਾ ਡਿੱਗ ਗਿਆ, ਜਿਸ ਕਰਕੇ ਕਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਇਸੇ ਦੌਰਾਨ ਸੈਕਟਰ-38 ਵੈਸਟ, 38, ਡੱਡੂਮਾਜਰਾ ਸਣੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦਰੱਖਤ ਡਿੱਗ ਗਏ। ਸ਼ਹਿਰ ਦੇ ਸੈਕਟਰ-14/15 ਵਾਲੀ ਮੁੱਖ ਸੜਕ ਅਤੇ ਸੈਕਟਰ-31 ’ਚ ਸਥਿਤ ਜੈਪਨਿਸ ਗਾਰਡਨ ਦੀ ਪਾਰਕਿੰਗ ’ਚ ਵੀ ਸੜਕ ਧੱਸ ਗਈ। ਗੋਲਫ ਕਲੱਬ ਦੇ ਨਜ਼ਦੀਕ, ਸੈਕਟਰ-7, ਸੈਕਟਰ-47 ’ਚ ਵਿਕਾਸ ਮਾਰਗ ’ਤੇ, ਸੈਕਟਰ-36, ਸੈਕਟਰ-31/47 ਵਾਲੀ ਸੜਕ ਸਣੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਸਾਈਕਲ ਟਰੈਕ ’ਤੇ ਵੀ ਮੀਂਹ ਕਰਕੇ ਖੱਡੇ ਪੈ ਗਏ।

ਕਈ ਇਲਾਕਿਆਂ ’ਚ ਬਿਜਲੀ ਸਪਲਾਈ ਹੋਈ ਪ੍ਰਭਾਵਿਤ
ਸਿਟੀ ਬਿਊਟੀਫੁੱਲ ’ਚ ਦੋ ਦਨਿਾਂ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਲੰਘੀ ਰਾਤ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲਾਈ ਸਪਲਾਈ ਪ੍ਰਭਾਵਿਤ ਹੁੰਦੀ ਰਹੀ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਆਉਂਦੀ-ਜਾਉਂਦੀ ਰਹੀ ਹੈ।