ਚੰਡੀਗੜ੍ਹ ਵਿੱਚ ਜੀ-20 ਸਿਖਰ ਸੰਮੇਲਨ ਦਾ ਆਗਾਜ਼ ਅੱਜ ਤੋਂ

ਚੰਡੀਗੜ੍ਹ ਵਿੱਚ ਜੀ-20 ਸਿਖਰ ਸੰਮੇਲਨ ਦਾ ਆਗਾਜ਼ ਅੱਜ ਤੋਂ

ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਪਸ਼ੂਪਤੀ ਕੁਮਾਰ ਪਾਰਸ ਚੰਡੀਗੜ੍ਹ ਪੁੱਜੇ
ਚੰਡੀਗੜ੍ਹ- ਭਾਰਤ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਆਈਟੀ ਪਾਰਕ ਵਿੱਚ 30 ਅਤੇ 31 ਜਨਵਰੀ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀ ਇੰਟਰਨੈਸ਼ਨਲ ਫਾਇਨਾਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਪਹਿਲੀ ਮੀਟਿੰਗ ਭਲਕ ਤੋਂ ਸ਼ੁਰੂ ਹੋਵੇਗੀ। ਮੀਟਿੰਗ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਤੋਮਰ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਕਰਨਗੇ। ਉਦਘਾਟਨ ਲਈ ਉਹ ਐਤਵਾਰ ਸ਼ਾਮ ਚੰਡੀਗੜ੍ਹ ਪੁੱਜ ਗਏ ਹਨ, ਜਿਨ੍ਹਾਂ ਦਾ ਪੰਜਾਬ ਤੇ ਹਰਿਆਣਾ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਜੀ-20 ਮੁਲਕਾਂ ਦੇ 100 ਦੇ ਕਰੀਬ ਡੈਲੀਗੇਟ ਵੀ ਚੰਡੀਗੜ੍ਹ ਪਹੁੰਚ ਗਏ ਹਨ।

ਇਸ ਸਬੰਧੀ ਕੇਂਦਰ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜੀ-20 ਇੰਟਰਨੈਸ਼ਨਲ ਫਾਇਨਾਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦਾ ਮੁੱਖ ਮਕਸਦ ਕੌਮਾਂਤਰੀ ਵਿੱਤੀ ਢਾਂਚੇ ਦੀ ਮਜ਼ਬੂਤੀ ਅਤੇ ਕਮਜ਼ੋਰ ਦੇਸ਼ਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਕੌਮਾਂਤਰੀ ਵਿੱਤੀ ਢਾਂਚੇ ਦੀ ਸਥਿਰਤਾ ਤੇ ਏਕਤਾ ਨੂੰ ਵਧਾਉਣ ਦੇ ਤਰੀਕਿਆਂ ਅਤੇ 21ਵੀਂ ਸਦੀ ਦੀਆਂ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਰੀਬ ਅਤੇ ਕਮਜ਼ੋਰ ਮੁਲਕਾਂ ਦੀ ਵੱਧ ਤੋਂ ਵੱਧ ਸਹਾਇਤਾ ਦੇ ਮੌਕੇ ਲੱਭਣ ’ਤੇ ਵੀ ਧਿਆਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਜੀ-20 ਤਹਿਤ ਹੋਣ ਵਾਲੇ ਦੋ ਰੋਜ਼ਾ ਸੰਮੇਲਨ ਦੌਰਾਨ ਸ਼ਹਿਰ ਵਿੱਚ ਆਉਣ ਵਾਲੇ 20 ਮੁਲਕਾਂ ਦੇ ਡੈਲੀਗੇਟਾਂ ਦੇ ਸਵਾਗਤ ਲਈ ਸੱਭਿਆਚਾਰਕ ਸਮਾਗਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੌਕੇ ਇਹ ਡੈਲੀਗੇਟ ਸਿਟੀ ਬਿਊਟੀਫੁੱਲ ਦੀ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ, ਬਰਡ ਪਾਰਕ ਸਣੇ ਹੋਰਨਾਂ ਥਾਵਾਂ ਦਾ ਵੀ ਆਨੰਦ ਮਾਣਨਗੇ।