ਚੌਲਾਂਗ ਪਲਾਜ਼ਾ ’ਤੇ ਕਿਸਾਨਾਂ ਤੇ ਟੌਲ ਕਾਮਿਆਂ ਵਿਚਾਲੇ ਝੜਪ

ਚੌਲਾਂਗ ਪਲਾਜ਼ਾ ’ਤੇ ਕਿਸਾਨਾਂ ਤੇ ਟੌਲ ਕਾਮਿਆਂ ਵਿਚਾਲੇ ਝੜਪ

ਕਿਸਾਨ ਜਥੇਬੰਦੀ ਨੇ ਟੌਲ ’ਤੇ ਪੱਕਾ ਮੋਰਚਾ ਲਾਇਆ
ਟਾਂਡਾ- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਖ਼ਿਲਾਫ਼ ਸੂਬੇ ਦੇ ਟੌਲ ਪਲਾਜ਼ਿਆਂ ਨੂੰ ਇੱਕ ਮਹੀਨੇ ਲਈ ਟੌਲ ਮੁਕਤ ਕਰਨ ਦੇ ਐਲਾਨ ਸਬੰਧੀ ਅੱਜ ਇਥੇ ਚੌਲਾਂਗ ਟੌਲ ਪਲਾਜ਼ਾ ’ਤੇ ਜਦੋਂ ਧਰਨਾ ਲਾਉਣ ਲਈ ਕਿਸਾਨ ਪਹੁੰਚੇ ਤਾਂ ਟੌਲ ਪਲਾਜ਼ਾ ਦੇ ਕਰਮਚਾਰੀਆਂ ’ਤੇ ਉਨ੍ਹਾਂ ਵਿੱਚ ਟਕਰਾਅ ਹੋ ਗਿਆ।

ਇਸ ਝਗੜੇ ਮਗਰੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਥੇ 15 ਜਨਵਰੀ ਤੱਕ ਟੌਲ ਬੰਦ ਕਰਵਾ ਕੇ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਟੌਲ ਪਲਾਜ਼ਾ ਕਾਮੇ ਆਪਣਾ ਰੁਜ਼ਗਾਰ ਖੁੰਝ ਜਾਣ ਡਰੋਂ ਇਸ ਧਰਨੇ ਦਾ ਵਿਰੋਧ ਕਰ ਰਹੇ ਸਨ ਤੇ ਕਿਸਾਨਾਂ ਦੇ ਇਥੇ ਪਹੁੰਚਣ ਤੋਂ ਪਹਿਲਾਂ ਹੀ ਸਵੇਰੇ ਤੋਂ ਵੱਡੀ ਗਿਣਤੀ ਟੌਲ ਕਰਮਚਾਰੀ ਇਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਟਕਰਾਅ ਵਾਲੀ ਸਥਿਤੀ ਨੂੰ ਰੋਕਣ ਲਈ ਨੇੜਲੇ ਥਾਣਿਆਂ ਦੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਇਥੇ ਤਾਇਨਾਤ ਕੀਤੇ ਗਏ ਸਨ। ਬਾਅਦ ਦੁਪਹਿਰ ਜਦੋਂ ਕਿਸਾਨ ਜਥੇਬੰਦੀ ਦੇ ਕਾਰਕੁਨ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਹੇਠ ਇਥੇ ਧਰਨਾ ਲਾਉਣ ਲਈ ਆਏ ਤਾਂ ਪੁਲੀਸ ਟੀਮ ਨੇ ਉਨ੍ਹਾਂ ਨੂੰ ਸੜਕ ਕਿਨਾਰੇ ਰੋਸ ਪ੍ਰਦਰਸ਼ਨ ਕਰਨ ਲਈ ਕਿਹਾ, ਪਰ ਜਦੋਂ ਕਿਸਾਨਾਂ ਨੇ ਉਲੀਕੇ ਪ੍ਰੋਗਰਾਮ ਤਹਿਤ ਟੌਲ ਵੱਲ ਵਧਣਾ ਸ਼ੁਰੂ ਕੀਤਾ ਤਾਂ ਟੌਲ ਕਰਮਚਾਰੀਆਂ ਤੇ ਉਨ੍ਹਾਂ ਵਿਚਾਲੇ ਟਕਰਾਅ ਹੋ ਗਿਆ। ਇਸ ਮੌਕੇ ਹਾਲਾਤ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਹਲਕੇ ਬਲ ਦੀ ਵਰਤੋਂ ਵੀ ਕੀਤੀ ਗਈ। ਇਸ ਮਗਰੋਂ ਟੌਲ ਕਰਮਚਾਰੀ ਸੜਕ ਕਿਨਾਰੇ ਟੌਲ ਦੇ ਕੈਂਪਸ ਵਿੱਚ ਧਰਨਾ ਲਾ ਕੇ ਬੈਠ ਗਏ ਅਤੇ ਕਿਸਾਨਾਂ ਨੇ ਟੌਲ ਬੰਦ ਕਰਵਾ ਕੇ ਗੱਡੀਆਂ ਨੂੰ ਪਰਚੀ ਤੋਂ ਬਿਨਾਂ ਲੰਘਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸੂਬਾਈ ਆਗੂ ਚੁਤਾਲਾ ਨੇ ਕਿਹਾ ਕਿ ਉਹ ਟੌਲ ਕਰਮਚਾਰੀਆਂ ਦਾ ਨੁਕਸਾਨ ਨਹੀਂ ਚਾਹੁੰਦੇ ਅਤੇ ਜਿੰਨਾ ਚਿਰ ਟੌਲ ਬੰਦ ਰਹੇਗਾ, ਉਸ ਸਮੇਂ ਦੀਆਂ ਤਨਖਾਹਾਂ ਕਰਮਚਾਰੀਆਂ ਨੂੰ ਦਿਵਾਈਆਂ ਜਾਣਗੀਆਂ। ਉਧਰ ਟੌਲ ਕਰਮਚਾਰੀਆਂ ਦੀ ਅਗਵਾਈ ਕਰ ਰਹੇ ਹਰਵਿੰਦਰ ਪਾਲ ਸਿੰਘ ਸੋਨੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਕਰਮਚਾਰੀਆਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਮੌਕੇ ’ਤੇ ਪਹੁੰਚੇ ਐੱਸਡੀਐੱਮ ਦਸੂਹਾ ਓਜਸਵੀ ਨੇ ਟੌਲ ਕਰਮਚਾਰੀਆਂ ਅਤੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਪ੍ਰੇਰਦਿਆਂ ਮਾਹੌਲ ਸ਼ਾਂਤ ਰੱਖਣ ਦੀ ਅਪੀਲ ਕੀਤੀ।