ਚੌਥਾ ਟੈਸਟ: ਵਿਰਾਟ ਨੇ ਸੈਂਕੜਿਆਂ ਦਾ ਸੋਕਾ ਤੋੜਿਆ

ਚੌਥਾ ਟੈਸਟ: ਵਿਰਾਟ ਨੇ ਸੈਂਕੜਿਆਂ ਦਾ ਸੋਕਾ ਤੋੜਿਆ

ਤਿੰਨ ਸਾਲਾਂ ਬਾਅਦ ਟੈਸਟ ਮੈਚਾਂ ਵਿੱਚ ਪਹਿਲਾ ਤੇ ਕਰੀਅਰ ਦਾ 75ਵਾਂ ਸੈਂਕੜਾ ਜੜਿਆ
ਅਹਿਮਦਾਬਾਦ- ਭਾਰਤ ਨੇ ਵਿਰਾਟ ਕੋਹਲੀ ਦੇ ਸੈਂਕੜੇ (186 ਦੌੜਾਂ) ਸਦਕਾ ਇੱਥੇ ਬਾਰਡਰ ਗਾਵਸਕਰ ਟਰਾਫੀ ਦੇ ਚੌਥੇ ਤੇ ਆਖਰੀ ਟੈਸਟ ਮੈਚ ਵਿੱਚ ਚੌਥੇ ਦਿਨ ਆਸਟਰੇਲੀਆ ਤੋਂ 88 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਮੇਜ਼ਬਾਨ ਟੀਮ ਨੇ ਪਹਿਲੀ ਪਾਰੀ ’ਚ 571 ਦੌੜਾਂ ਬਣਾਈਆਂ। ਕੋਹਲੀ ਦਾ ਤਿੰਨ ਸਾਲਾਂ ਤੋਂ ਵੱਧ ਸਮੇਂ ਮਗਰੋਂ ਟੈਸਟ ਮੈਚਾਂ ਵਿੱਚ ਇਹ ਪਹਿਲਾ ਜਦਕਿ ਟੈਸਟ ਕਰੀਅਰ ਦਾ 28ਵਾਂ ਸੈਂਕੜਾ ਅਤੇ 75ਵਾਂ ਕੌਮਾਂਤਰੀ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸ ਨੇ ਆਖਰੀ ਟੈਸਟ ਸੈਂਕੜਾ ਨਵੰਬਰ 2019 ਵਿੱਚ ਬੰਗਲਾਦੇਸ਼ ਖ਼ਿਲਾਫ਼ ਜੜਿਆ ਸੀ। ਉਹ ਸਚਿਨ ਤੇਂਦੁਲਕਰ ਤੋਂ ਬਾਅਦ ਕ੍ਰਿਕਟ ਦੇ ਸਾਰੇ ਫਾਰਮੈਟਾਂ (ਇਕ ਦਿਨਾਂ, ਟੈਸਟ ਅਤੇ ਟੀ-20 ਮੈਚਾਂ) ਵਿੱਚ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲਾ ਦੂਜਾ ਬੱਲੇਬਾਜ਼ ਹੈ।
ਚੌਥੇ ਦਿਨ ਦੀ ਖੇਡ ਖਤਮ ਹੋਣ ਸਮੇਂ ਆਸਟਰੇਲੀਆ ਨੇ ਬਿਨਾਂ ਕੋਈ ਵਿਕਟ ਗੁਆਏ ਤਿੰਨ ਦੌੜਾਂ ਬਣਾ ਲਈਆਂ ਸਨ ਤੇ ਮਹਿਮਾਨ ਟੀਮ ਭਾਰਤ ਦੇ ਸਕੋਰ 571 ਦੌੜਾਂ ਤੋਂ ਹਾਲੇ 88 ਦੌੜਾਂ ਪਿੱਛੇ ਹੈ। ਖੇਡ ਖਤਮ ਹੋਣ ਸਮੇਂ ਟਰੈਵਿਸ ਹੈੱਡ 3 ਦੌੜਾਂ ਬਣਾ ਕੇ ਅਤੇ ਮੈਥਿਊ ਕੁੂਹਨੇਮੈਨ ਬਿਨਾਂ ਖਾਤਾ ਖੋਲ੍ਹੇ ਕਰੀਜ਼ ’ਤੇ ਸਨ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 480 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ ਵਿਰਾਟ ਕੋਹਲੀ ਨੇ ਆਪਣੇ ਕੱਲ੍ਹ ਦੇ ਸਕੋਰ 59 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 364 ਗੇਂਦਾਂ ਦਾ ਸਾਹਮਣਾ ਕਰਦਿਆਂ 186 ਦੌੜਾਂ ਦੀ ਪਾਰੀ ਖੇਡੀ।

ਕੋਹਲੀ ਨੇ ਆਪਣੀ ਪਾਰੀ ਦੌਰਾਨ 15 ਚੌਕੇ ਮਾਰੇੇ। ਸ਼੍ਰੇਅਸ ਅਈਅਰ ਬੱਲੇਬਾਜ਼ੀ ਕਰਨ ਨਹੀਂ ਉਤਰਿਆ ਅਤੇ ਭਾਰਤੀ ਪਾਰੀ 178.5 ਓਵਰਾਂ ਵਿੱਚ 571 ਦੌੜਾਂ ’ਤੇ ਖਤਮ ਹੋ ਗਈ। ਅਕਸ਼ਰ ਪਟੇਲ ਨੇ ਹਮਲਾਵਰ ਖੇਡ ਦਿਖਾਉਂਦਿਆਂ 113 ਗੇਂਦਾਂ 79 ਦੌੜਾਂ ਬਣਾਈਆਂ ਜਿਸ ਵਿੱਚ ਉਸ ਨੇ 5 ਚੌਕੇ ਤੇ 4 ਛੱਕੇ ਮਾਰੇ। ਪਟੇਲ ਨੇ ਕੋਹਲੀ ਨਾਲ 6ਵੀਂ ਵਿਕਟ ਲਈ 162 ਦੌੜਾਂ ਦੀ ਭਾਈਵਾਲੀ ਕੀਤੀ। ਵਿਕਟਕੀਪਰ ਬੱਲੇਬਾਜ਼ ਸਿਰਕਾਰ ਭਾਰਤ ਨੇ ਟੀਮ ਦੇ ਕੁੱਲ ਸਕੋਰ ’ਚ 44 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਵੱਲੋਂ ਨਾਥਨ ਲਿਓਨ ਅਤੇ ਟੌਡ ਮਰਫੀ ਨੇ ਤਿੰਨ-ਤਿਨ ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਅਤੇ ਐੱਮ. ਕੂਹਨੇਮੈਨ ਨੂੰ ਇੱਕ-ਇੱਕ ਵਿਕਟ ਮਿਲੀ।