ਚੋਣ ਰੈਲੀਆਂ ’ਚ ਸਿਰਫ਼ ਆਪਣੇ ਬਾਰੇੇ ਬੋਲਦੇ ਨੇ ਮੋਦੀ: ਰਾਹੁਲ

ਚੋਣ ਰੈਲੀਆਂ ’ਚ ਸਿਰਫ਼ ਆਪਣੇ ਬਾਰੇੇ ਬੋਲਦੇ ਨੇ ਮੋਦੀ: ਰਾਹੁਲ

ਤੀਰਥਹੱਲੀ(ਕਰਨਾਟਕ) – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ ਕਸਦਿਆਂ ਕਿਹਾ ਕਿ ਕਰਨਾਟਕ ਚੋਣਾਂ ਦੌਰਾਨ ਵੀ ਉਹ ਸਿਰਫ ਆਪਣੇ ਬਾਰੇ ਹੀ ਬੋਲਦੇ ਹਨ। ਗਾਂਧੀ ਨੇ ਸਵਾਲ ਕੀਤਾ ਕਿ ਸ੍ਰੀ ਮੋਦੀ ਕਰਨਾਟਕ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਇੰਨੇ ਖਾਮੋਸ਼ ਕਿਉਂ ਹਨ ਤੇ ਉਨ੍ਹਾਂ ਕਦੇ ਵੀ ਆਪਣੀ ਪਾਰਟੀ ਦੇ ਮੁੱਖ ਮੰਤਰੀ ਬਸਵਰਾਜ ਬੋਮਈ, ਬੀ.ਐੱਸ.ਯੇਦੀਯੁਰੱਖਪਾ ਤੇ ਸੂਬੇ ਦੇ ਗ੍ਰਹਿ ਮੰਤਰੀ ਅਰਗਾ ਗਿਆਨੇਂਦਰ ਦਾ ਨਾਮ ਨਹੀਂ ਲਿਆ। ਗਾਂਧੀ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਕਰਨਾਟਕ ’ਚ 10 ਮਈ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਨਰਿੰਦਰ ਮੋਦੀ ਬਾਰੇ ਨਹੀਂ ਬਲਕਿ ਉਨ੍ਹਾਂ ਦੇ ਭਵਿੱਖ ਤੇ ਉਨ੍ਹਾਂ ਦੇ ਬੱਚਿਆਂ ਬਾਰੇ ਹਨ।

ਸ਼ਿਵਾਮੋਗਾ ਜ਼ਿਲ੍ਹੇ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ, ‘‘ਕੀ ਤੁਸੀਂ ਭਾਜਪਾ ਦੀ ਮੀਟਿੰਗ ਵੇਖੀ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਹਨ ਤੇ ਕਿਸੇ ਵੀ ਆਗੂ ਦਾ ਨਾਮ ਨਹੀਂ ਲੈਂਦੇ। ਜਿਸ ਤਰੀਕੇ ਨਾਲ ਮੈਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਕਾਂਗਰਸ ਦੇ ਸੂਬਾਈ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਜਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਨਾਮ ਲੈਂਦਾ ਹੈ, ਸ੍ਰੀ ਮੋਦੀ ਆਪਣੇ ਆਗੂਆਂ ਬਾਰੇ ਕਦੇ ਗੱਲ ਨਹੀਂ ਕਰਦੇ।’’ ਗਾਂਧੀ ਨੇ ਕਿਹਾ ਕਿ ਸਬ-ਇੰਸਪੈਕਟਰਾਂ ਦੀ ਭਰਤੀ ਦੌਰਾਨ ਵੱਡੇ ਪੱਧਰ ’ਤੇ ਕਥਿਤ ਭ੍ਰਿਸ਼ਟਾਚਾਰ ਹੋਇਆ। ਉਨ੍ਹਾਂ ਕਿਹਾ, ‘‘ਇਸ ਪਿੱਛੇ ਦੋ ਕਾਰਨ ਹਨ। ਇਕ ਇਹ ਕਿ ਨਰਿੰਦਰ ਮੋਦੀ ਸਿਰਫ਼ ਨਰਿੰਦਰ ਮੋਦੀ ਬਾਰੇ ਹੀ ਗੱਲ ਕਰਦੇ ਹਨ। ਦੂਜਾ ਉਨ੍ਹਾਂ ਪਿਛਲੇ ਤਿੰਨ ਸਾਲਾਂ ਵਿੱਚ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਇਕ ਸ਼ਬਦ ਨਹੀਂ ਬੋਲਿਆ।’’