ਚੋਣ ਰਣਨੀਤੀ ਬਣਾਉਣ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 21 ਨੂੰ

ਚੋਣ ਰਣਨੀਤੀ ਬਣਾਉਣ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 21 ਨੂੰ

ਨਵੀਂ ਦਿੱਲੀ- ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ’ਤੇ ਵਿਚਾਰ-ਚਰਚਾ ਕਰਨ ਅਤੇ ਭਾਜਪਾ ਦਾ ਟਾਕਰਾ ਕਰਨ ਲਈ ਚੋਣ ਮੁਹਿੰਮ ਦੀ ਯੋਜਨਾ ਤਿਆਰ ਕਰਨ ਲਈ 21 ਦਸੰਬਰ ਨੂੰ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਬੈਠਕ ਸੱਦੀ ਹੈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੈਠਕ ਸੱਦੀ ਹੈ ਜੋ ਕਾਂਗਰਸ ਹੈੱਡਕੁਆਰਟਰ ’ਚ ਹੋਵੇਗੀ। ਇਹ ਬੈਠਕ ਵਿਰੋਧੀ ਪਾਰਟੀਆਂ ਦੇ ਗੁੱਟ ‘ਇੰਡੀਆ’ ਦੀ 19 ਦਸੰਬਰ ਨੂੰ ਹੋਣ ਵਾਲੀ ਬੈਠਕ ਤੋਂ ਦੋ ਦਿਨ ਬਾਅਦ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੇਸ਼ ਦੀ ਰਾਜਨੀਤਕ ਸਥਿਤੀ ਤੇ ਭਵਿੱਖੀ ਯੋਜਨਾ ਉਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੀਟਾਂ ਦੀ ਵੰਡ ਤੇ ਪ੍ਰਚਾਰ ਮੁਹਿੰਮ ’ਤੇ ਚਰਚਾ ਬੈਠਕ ਦੇ ਏਜੰਡੇ ਵਿਚ ਸੰਭਾਵੀ ਤੌਰ ’ਤੇ ਸਿਖ਼ਰ ਉਤੇ ਹੋਣਗੇ। ਉਨ੍ਹਾਂ ਦੱਸਿਆ ਕਿ ਬੈਠਕ ਵਿਚ 2024 ਦੀਆਂ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਮੁੱਖ ਮੁੱਦਾ ਬਣਾ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਯਾਤਰਾ ਦੀ ਸੰਭਾਵਨਾ ਉਤੇ ਵੀ ਚਰਚਾ ਹੋ ਸਕਦੀ ਹੈ।

ਸੂਤਰਾਂ ਨੇ ਕਿਹਾ ਕਿ ਪਾਰਟੀ ਪੈਦਲ ਸਣੇ ‘ਹਾਈਬ੍ਰਿਡ ਮੋਡ’ (ਅਲੱਗ-ਅਲੱਗ ਮਾਧਿਅਮਾਂ ਨਾਲ) ਵਿਚ ਪੂਰਬ ਤੋਂ ਪੱਛਮ ਦੀ ਯਾਤਰਾ ਕਰਨ ਉਤੇ ਵਿਚਾਰ ਕਰ ਰਹੀ ਹੈ ਤੇ ਇਸ ਸਬੰਧੀ ਜਲਦੀ ਹੀ ਆਖਰੀ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਪਹਿਲਾਂ ਵਿਰੋਧੀ ਗੁੱਟ ‘ਇੰਡੀਆ’ ਦੇ ਨੇਤਾਵਾਂ ਦੀ ਚੌਥੀ ਬੈਠਕ 19 ਦਸੰਬਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਨਵੀਂ ਦਿੱਲੀ ਵਿਚ ਹੋਵੇਗੀ। ‘ਇੰਡੀਆ’ ਦੀ ਇਸ ਬੈਠਕ ਵਿਚ ਇਕ ‘ਮੁੱਖ ਸਕਾਰਾਤਮਕ ਏਜੰਡਾ’ ਬਣਾਉਣ, ਸੀਟਾਂ ਦੀ ਵੰਡ ਤੇ ਸਾਂਝੀਆਂ ਰੈਲੀਆਂ ਕਰਨ ਦੇ ਪ੍ਰੋਗਰਾਮ ਉਤੇ ਚਰਚਾ ਹੋ ਸਕਦੀ ਹੈ। ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਵਿਰੋਧੀ ਦਲਾਂ ਦਾ ਇਰਾਦਾ ਇਕਜੁੱਟਤਾ ਕਾਇਮ ਰੱਖਦਿਆਂ ‘ਮੈਂ ਨਹੀਂ, ਅਸੀਂ’ ਨਾਅਰੇ ਨਾਲ ਅੱਗੇ ਵਧਣ ਦਾ ਹੈ। ਸੂਤਰਾਂ ਮੁਤਾਬਕ ਸੀਡਬਲਿਊਸੀ ਦੀ ਬੈਠਕ ਵਿਚ ਹਾਲੀਆ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਵੀ ਕੀਤਾ ਜਾਵੇਗਾ।