ਚੋਣ ਜਿੱਤਣ ਮਗਰੋਂ ਮੱਧ ਪ੍ਰਦੇਸ਼ ’ਚ ਜਾਤੀ ਆਧਾਰਿਤ ਜਨਗਣਨਾ ਕਰਾਵਾਂਗੇ: ਖੜਗੇ

ਚੋਣ ਜਿੱਤਣ ਮਗਰੋਂ ਮੱਧ ਪ੍ਰਦੇਸ਼ ’ਚ ਜਾਤੀ ਆਧਾਰਿਤ ਜਨਗਣਨਾ ਕਰਾਵਾਂਗੇ: ਖੜਗੇ

ਕੇਂਦਰ ਸਰਕਾਰ ’ਤੇ ਲਾਇਆ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦਾ ਦੋਸ਼
ਭੋਪਾਲ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਮੱਧ ਪ੍ਰਦੇਸ਼ ਵਿੱਚ ਜਾਤੀ ਆਧਾਰਿਤ ਜਨਗਣਨਾ ਕਰਾਵੇਗੀ। ਉਨ੍ਹਾਂ ਨਾਲ ਹੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਕੁਝ ਲੋਕ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ਦੇ ਸਾਗਰ ’ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਮੱਧ ਪ੍ਰਦੇਸ਼ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਸਨ।

ਖੜਗੇ ਨੇ ਸੰਵਿਧਾਨ ਨਿਰਮਾਤਾ ਬੀਆਰ ਅੰਬੇਡਕਰ ਨੂੰ ਯਾਦ ਕਰਦਿਆਂ ਕਿਹਾ, ‘ਕੁਝ ਲੋਕ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸੰਭਵ ਨਹੀਂ ਹੈ ਕਿਉਂਕਿ ਦੇਸ਼ ਦੇ 140 ਕਰੋੜ ਲੋਕ ਸੰਵਿਧਾਨ ਦੀ ਰਾਖੀ ਕਰਨ ਦੀ ਹਮਾਇਤ ਵਿੱਚ ਹਨ।’ ਅੰਬੇਡਕਰ ਦਾ ਜਨਮ ਮੱਧ ਪ੍ਰਦੇਸ਼ ਦੇ ਮਹੂ ’ਚ ਹੋਇਆ ਸੀ। ਖੜਗੇ ਨੇ ਸਿਰਫ ਚੋਣਾਂ ਦੌਰਾਨ ਹੀ ਭਾਜਪਾ ਵੱਲੋਂ ਸੰਤ ਰਵਿਦਾਸ ਨੂੰ ਯਾਦ ਕਰਨ ਦੀ ਆਲੋਚਨਾ ਕੀਤੀ। ਇਸ ਮਹੀਨੇ ਦੀ ਸ਼ੁਰੂਆਤ ’ਚ ਪ੍ਰਧਾਨ ਮੰਤਰੀ ਮੋਦੀ ਨੇ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੰਤ ਰਵਿਦਾਸ ਯਾਦਗਾਰੀ ਸਮਾਰਕ ਤੇ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਸਾਲ 2011 ਦੀ ਜਨਗਣਨਾ ਅਨੁਸਾਰ ਮੱਧ ਪ੍ਰਦੇਸ਼ ’ਚ ਦਲਿਤਾਂ ਦੀ ਆਬਾਦੀ 1.13 ਕਰੋੜ ਸੀ।

ਖੜਗੇ ਨੇ ਕਿਹਾ, ‘ਮੋਦੀ ਜੀ ਨੌਂ ਸਾਲ ਤੋਂ ਕੇਂਦਰ ਦੀ ਸੱਤਾ ’ਚ ਹਨ ਜਦਕਿ ਚੌਹਾਨ (ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ) ਪਿਛਲੇ 18 ਸਾਲ ਤੋਂ ਸੂਬੇ ਵਿੱਚ ਰਾਜ ਕਰ ਰਹੇ ਹਨ। ਉਨ੍ਹਾਂ ਸਿਰਫ਼ ਚੋਣਾਂ ਦੇ ਸਮੇਂ ਸੰਤ ਰਵਿਦਾਸ ਨੂੰ ਯਾਦ ਕੀਤਾ।’ ਉਨ੍ਹਾਂ ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਭਾਜਪਾ ਨੇ ਦਿੱਲੀ ’ਚ ਸੰਤ ਰਵਿਦਾਸ ਦਾ ਮੰਦਰ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਮੱਧ ਪ੍ਰਦੇਸ਼ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਸਾਗਰ ਜ਼ਿਲ੍ਹੇ ’ਚ ਸੰਤ ਸਵਿਦਾਸ ਦੇ ਨਾਂ ’ਤੇ ਇੱਕ ਯੂਨੀਵਰਸਿਟੀ ਸਥਾਪਤ ਕਰੇਗੀ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਉਨ੍ਹਾਂ ’ਤੇ ਹਿੰਸਾ ਪ੍ਰਭਾਵਿਤ ਮਨੀਪੁਰ ਲਈ ਕੁਝ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਸਿਫਾਰਸ਼ ’ਤੇ ਮਨਜ਼ੂਰ ਕੀਤੇ ਗਏ ਬੁੰਦੇਲਖੰਡ ਪੈਕੇਜ ਨੂੰ ਵੀ ਲਾਗੂ ਨਹੀਂ ਕੀਤਾ।