ਚੋਣਵੇਂ ਕਾਰੋਬਾਰੀਆਂ ਵੱਲ ਜਾ ਰਹੇ ਨੇ ਸਰਕਾਰੀ ਫੰਡ: ਰਾਹੁਲ

ਚੋਣਵੇਂ ਕਾਰੋਬਾਰੀਆਂ ਵੱਲ ਜਾ ਰਹੇ ਨੇ ਸਰਕਾਰੀ ਫੰਡ: ਰਾਹੁਲ

ਛੱਤੀਸਗੜ੍ਹ ’ਚ ਭਾਰਤ ਜੋੜੋ ਨਿਆਏ ਯਾਤਰਾ ਨੂੰ ਮਿਲਿਆ ਭਰਵਾਂ ਹੁੰਗਾਰਾ; ਅੰਬਾਨੀ, ਅਡਾਨੀ ਅਤੇ ਮੋਦੀ ’ਤੇ ਵਰ੍ਹਿਆ ਕਾਂਗਰਸੀ ਆਗੂ
ਕੋਰਬਾ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਚੋਣਵੇਂ ਕਾਰੋਬਾਰੀਆਂ ਨੂੰ ਫੰਡ ਦਿੱਤੇ ਜਾ ਰਹੇ ਹਨ ਜਦਕਿ ਗਰੀਬਾਂ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਛੱਤੀਸਗੜ੍ਹ ਦੇ ਸੀਤਾਮੜੀ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਲੋਕਾਂ ਨੂੰ ਜਾਗਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੈਸੇ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਜਾਤੀ ਜਨਗਣਨਾ ਕਰਾਉਣ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਪੱਛੜੇ ਵਰਗਾਂ, ਦਲਿਤਾਂ ਅਤੇ ਆਦਿਵਾਸੀਆਂ ਦੀ ਨੁਮਾਇੰਦਗੀ ਸਿਖਰਲੀਆਂ 200 ਕੰਪਨੀਆਂ ’ਚ ਨਾ ਹੋਣ ’ਤੇ ਚਿੰਤਾ ਜਤਾਈ ਜਿਨ੍ਹਾਂ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਦੇਸ਼ ਦੀ ਕਮਾਈ ’ਤੇ ਕਬਜ਼ਾ ਕਰਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਉਦਘਾਟਨ ਵਰਗੇ ਪ੍ਰੋਗਰਾਮਾਂ ’ਚ ਸਿਰਫ਼ ਉੱਘੀਆਂ ਹਸਤੀਆਂ ਹੀ ਨਜ਼ਰ ਆਉਂਦੀਆਂ ਹਨ। ‘ਕੀ ਤੁਸੀਂ ਰਾਮ ਮੰਦਰ ਦੇ ਉਦਘਾਟਨ ਸਮੇਂ ਕਿਸੇ ਗਰੀਬ, ਮਜ਼ਦੂਰ, ਬੇਰੁਜ਼ਗਾਰ ਜਾਂ ਛੋਟੇ ਕਾਰੋਬਾਰੀ ਨੂੰ ਦੇਖਿਆ ਸੀ। ਮੈਨੂੰ ਤਾਂ ਸਿਰਫ਼ ਅਡਾਨੀ ਜੀ, ਅੰਬਾਨੀ ਜੀ, ਅਮਿਤਾਭ ਬੱਚਨ, ਐਸ਼ਵਰਿਆ ਰਾਏ ਅਤੇ ਹੋਰ ਵੱਡੇ ਕਾਰੋਬਾਰੀ ਹੀ ਨਜ਼ਰ ਆਏ ਸਨ। ਅਡਾਨੀ ਜੀ, ਅੰਬਾਨੀ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਡੇ ਬਿਆਨ ਦੇ ਰਹੇ ਸਨ।’ ਅਡਾਨੀ ਅਤੇ ਅੰਬਾਨੀ ਵਰਗੇ ਕਾਰਪੋਰੇਟਾਂ ’ਤੇ ਚੀਨੀ ਵਸਤਾਂ ਦੀ ਵਿਕਰੀ ਤੋਂ ਮੁਨਾਫ਼ਾ ਕਮਾਉਣ ਦਾ ਦੋਸ਼ ਲਾਉਂਦਿਆਂ ਕਾਂਗਰਸ ਆਗੂ ਨੇ ਇਸ ਨੂੰ ਆਰਥਿਕ ਅਨਿਆਂ ਦਾ ਨਾਮ ਦਿੱਤਾ। ਮੀਡੀਆ ’ਤੇ ਕੁਝ ਖਾਸ ਵਿਅਕਤੀਆਂ ਉਪਰ ਧਿਆਨ ਕੇਂਦਰਤ ਕਰਨ ਦਾ ਦੋਸ਼ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਨੂੰ ਅਕਸਰ ਖੁੱਡੇ ਲਾ ਦਿੱਤਾ ਜਾਂਦਾ ਹੈ। ‘ਤੁਸੀਂ ਮੈਨੂੰ ਪੁੱਛੋਗੇ ਕਿ ਮੇਰਾ ਭਾਸ਼ਨ ਮੀਡੀਆ ’ਚ ਕਿਉਂ ਨਹੀਂ ਦਿਖਾਇਆ ਜਾਂਦਾ ਹੈ। ਮੀਡੀਆ ’ਚ 24 ਘੰਟੇ ਮੋਦੀ, ਅੰਬਾਨੀ, ਅਡਾਨੀ ਅਤੇ ਰਾਮਦੇਵ ਹੀ ਨਜ਼ਰ ਆਉਣਗੇ ਕਿਉਂਕਿ ਮੈਂ ਤਾਂ ਖਾਸ ਮੁੱਦਿਆਂ ’ਤੇ ਹੀ ਗੱਲ ਕਰਦਾ ਹਾਂ।’ ਉਨ੍ਹਾਂ ਦਾਅਵਾ ਕੀਤਾ ਕਿ ਲੋਕ ‘ਜੈ ਸ੍ਰੀ ਰਾਮ’ ਦੇ 24 ਘੰਟੇ ਨਾਅਰੇ ਲਗਾ ਕੇ ਨੁਕਸਾਨ ਝੱਲ ਲੈਂਦੇ ਹਨ ਪਰ ਲੋਕਾਂ ਦਾ ਪੈਸਾ ਰੋਜ਼ਾਨਾ ਖੋਹਿਆ ਜਾ ਰਿਹਾ ਹੈ ਅਤੇ ਉਹ ਭੁੱਖ ਨਾਲ ਮਰ ਰਹੇ ਹਨ। ਕਾਂਗਰਸ ਆਗੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਫੋਨਾਂ ਤੋਂ ਆਪਣਾ ਧਿਆਨ ਹਟਾਉਣ।