ਚੇਤਨ ਸ਼ਰਮਾ ਵੱਲੋਂ ਕਿ੍ਕਟ ਬੋਰਡ ਦੀ ਚੋਣ ਕਮੇਟੀ ਦੇ ਚੇਅਰਮੈਨ ਵਜੋਂ ਅਸਤੀਫ਼ਾ

ਚੇਤਨ ਸ਼ਰਮਾ ਵੱਲੋਂ ਕਿ੍ਕਟ ਬੋਰਡ ਦੀ ਚੋਣ ਕਮੇਟੀ ਦੇ ਚੇਅਰਮੈਨ ਵਜੋਂ ਅਸਤੀਫ਼ਾ

  • ਸਟਿੰਗ ਅਪਰੇਸ਼ਨ ’ਚ ਫਸੇ ਸ਼ਰਮਾ ਨੇ ਗੁਪਤ ਜਾਣਕਾਰੀ ਦਾ ਕੀਤਾ ਸੀ ਖੁਲਾਸਾ
    ਨਵੀਂ ਦਿੱਲੀ: ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਚੇਤਨ ਸ਼ਰਮਾ ਨੇ ਇੱਕ ਨਿਊਜ਼ ਚੈਨਲ ਦੇ ਸਟਿੰਗ ਅਪਰੇਸ਼ਨ ’ਚ ਫਸਣ ਮਗਰੋਂ ਚੋਣ ਕਮੇਟੀ ਦੇ ਚੇਅਰਮੈਨ ਵਜੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਸਟਿੰਗ ਅਪਰੇਸ਼ਨ ਵਿੱਚ ਸ਼ਰਮਾ ਨੇ ਕੁਝ ਗੁਪਤ ਸੂਚਨਾਵਾ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਦੀ ਜਗ੍ਹਾ ਹੁਣ ਬੱਲੇਬਾਜ਼ ਸ਼ਿਵ ਸੁੰਦਰ ਦਾਸ ਨੂੰ ਚੋਣ ਕਮੇਟੀ ਦਾ ਅੰਤਰਿਮ ਚੇਅਰਮੈਨ ਨਿਯੁਕਤ ਕੀਤਾ ਜਾ ਸਕਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਇੱਕ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘‘ਹਾਂ, ਚੇਤਨ ਨੇ ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ ਅਤੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਸਟਿੰਗ ਅਪਰੇਸ਼ਨ ਵਿੱਚ ਫਸਣ ਮਗਰੋਂ ਉਨ੍ਹਾਂ ਦੀ ਸਥਿਤੀ ਡਾਵਾਂਡੋਲ ਹੋ ਗਈ ਸੀ। ਉਨ੍ਹਾਂ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਨਹੀਂ ਆਖਿਆ ਗਿਆ ਸੀ।’’

ਚੇਤਨ ਸ਼ਰਮਾ ਬੰਗਾਲ ਅਤੇ ਸੌਰਾਸ਼ਟਰ ਵਿਚਾਲੇ ਰਣਜੀ ਟਰਾਫੀ ਫਾਈਨਲ ਲਈ ਚੋਣ ਕਮੇਟੀ ਦੇ ਹੋਰ ਮੈਂਬਰਾਂ ਨਾਲ ਕੋਲਕਾਤਾ ਵਿੱਚ ਸਨ। ਉਹ ਉਥੇ ਇਰਾਨੀ ਕੱਪ ਲਈ ਟੀਮ ਦੀ ਚੋਣ ਦੇ ਸਬੰਧ ਵਿੱਚ ਗਏ ਸਨ। ਪਰ ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਚੇਤਨ ਦਿੱਲੀ ਲਈ ਰਵਾਨਾ ਹੋ ਗਏ ਅਤੇ ਹਵਾਈ ਅੱਡੇ ’ਤੇ ਉਨ੍ਹਾਂ ਮੀਡੀਆ ਕਰਮੀਆਂ ਨਾਲ ਗੱਲ ਨਾ ਕੀਤੀ। ਦੱਸਣਯੋਗ ਹੈ ਜ਼ੀ ਨਿਊੁਜ਼ ਦੇ ਸਟਿੰਗ ਅਪਰੇਸ਼ਨ ਵਿੱਚ ਚੇਤਨ ਨੂੰ ਇਹ ਕਹਿੰਦਿਆਂ ਦਿਖਾਇਆ ਗਿਆ ਹੈ ਕਿ ਕਈ ਖਿਡਾਰੀ 80 ਤੋਂ 85 ਫ਼ੀਸਦੀ ਫਿੱਟ ਹੋਣ ਦੇ ਬਾਵਜੂਦ ਕ੍ਰਿਕਟ ਵਿੱਚ ਜਲਦੀ ਵਾਪਸੀ ਲਈ ਟੀਕੇ ਲਗਵਾਉਂਦੇ ਹਨ। ਚੇਤਨ ਸ਼ਰਮਾ ਨੇ ਇਹ ਵੀ ਦੋਸ਼ ਲਾਇਆ ਸਤੰਬਰ ਵਿੱਚ ਆਸਟਰੇਲੀਆ ਖ਼ਿਲਾਫ਼ ਟੀ-20 ਲੜੀ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਨੂੰ ਲੈ ਕੇ ਉਨ੍ਹਾਂ ਅਤੇ ਟੀਮ ਮੈਨਜਮੈਂਟ ਵਿਚਾਲੇ ਮਤਭੇਦ ਸਨ। ਚੇਤਨ ਇਹ ਵੀ ਦਾਅਵਾ ਕੀਤਾ ਹੈ ਕਿ ਟੀ-20 ਟੀਮ ਦੇ ਕਪਤਾਨ ਹਾਰਦਿਕ ਪਾਂਡਿਆ, ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਤੇ ਦੀਪਕ ਹੁੱਡਾ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਆਉਂਦੇ ਹਨ। ਉਨ੍ਹਾਂ ਨੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਸਬੰਧਾਂ ਬਾਰੇ ਵੀ ਗੱਲ ਕੀਤੀ। ਚੇਤਨ ਸ਼ਰਮਾ ਨੂੰ ਇਹ ਕਹਿ ਕੇ ਵਰਗਲਾਇਆ ਗਿਆ ਸੀ ਕਿ ਇੱਕ ਓਟੀਟੀ ਪਲੈਟਫਾਰਮ ’ਤੇ ਦਸਤਾਵੇਜ਼ੀ ਵਾਸਤੇ ਖੋਜ ਦੇ ਕੰਮ ਲਈ ਉਨ੍ਹਾਂ ਦੇ ਇਨਪੁਟਸ ਦੀ ਲੋੜ ਹੈ।