ਚੀਫ ਖਾਲਸਾ ਦੀਵਾਨ ਨੇ ਸਰਾਵਾਂ ਨੂੰ ਜੀਐੱਸਟੀ ਅਧੀਨ ਲਿਆਉਣ ਦੇ ਫ਼ੈਸਲੇ ਦਾ ਕੀਤਾ ਵਿਰੋਧ

ਚੀਫ ਖਾਲਸਾ ਦੀਵਾਨ ਨੇ ਸਰਾਵਾਂ ਨੂੰ ਜੀਐੱਸਟੀ ਅਧੀਨ ਲਿਆਉਣ ਦੇ ਫ਼ੈਸਲੇ ਦਾ ਕੀਤਾ ਵਿਰੋਧ

ਅੰਮ੍ਰਿਤਸਰ – ਚੀਫ ਖ਼ਾਲਸਾ ਦੀਵਾਨ ਨੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਸਰਾਵਾਂ ’ਤੇ ਜੀ.ਐੱਸ.ਟੀ. ਲਾਏ ਜਾਣ ਦਾ ਵਿਰੋਧ ਕੀਤਾ। ਇਸ ਦੌਰਾਨ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰ. ਕੁਲਵੰਤ ਸਿੰਘ ਅਣਖੀ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਬਾਰੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨਾਲ ਗੱਲਬਾਤ ਕਰਕੇ ਇਸ ਫੈਸਲੇ ਨੂੰ ਰੱਦ ਕਰਵਾਉੁਣ ਲਈ ਯਤਨ ਕਰਨ।

ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਨੇ ਕਿਹਾ ਕਿ ਧਾਰਮਿਕ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆ ਕੇ ਠਹਿਰਦੇ ਹਨ, ਨੂੰ ਜੀ.ਐੱਸ.ਟੀ. ਦੇ ਘੇਰੇ ਵਿੱਚ ਲਿਆਉਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੀ.ਐੱਸ.ਟੀ. ਕਾਰੋਬਾਰੀ ਅਤੇ ਵਪਾਰਿਕ ਵਸਤਾਂ ’ਤੇ ਲਗਾਇਆ ਜਾਂਦਾ ਹੈ ਜਦ ਕਿ ਸਰਾਵਾਂ ਦਾ ਉਦੇਸ਼ ਨਿੱਜੀ ਹਿੱਤ ਜਾਂ ਆਰਥਿਕ ਲਾਭ ਨਹੀਂ ਹੈ ਸਗੋਂ ਇਹ ਸਰਾਵਾਂ ਮਾਨਵਤਾ ਦੀ ਸੇਵਾ ਕਰਨ ਲਈ ਬਣੀਆਂ ਹਨ। ਸ਼ਰਧਾਲੂਆਂ ਨੂੰ ਰਿਹਾਇਸ਼ ਸੁਵਿਧਾ ਪ੍ਰਦਾਨ ਕਰਨ ਹਿੱਤ ਬਣੀਆਂ ਇਨ੍ਹਾਂ ਸਰਾਵਾਂ ’ਤੇ ਜੀ.ਐੱਸ.ਟੀ. ਲਗਾਉਣਾ ਧਰਮ ਵਿਰੋਧੀ ਹੀ ਨਹੀਂ ਸਗੋਂ ਮਾਨਵਤਾ ਵਿਰੋਧੀ ਫੈਸਲਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸ਼ਰਧਾਲੂਆਂ ਦੀ ਸਹੂਲਤ ਅਤੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੇ ਮਦੇਨਜ਼ਰ ਆਪਣਾ ਧਰਮ ਅਤੇ ਜਨ ਵਿਰੋਧੀ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਸਮਾਜਿਕ ਜਥੇਬੰਦੀ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਸ੍ਰੀ ਅਣਖੀ ਨੇ ਭਾਜਪਾ ਆਗੂ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਬਤੌਰ ਭਾਜਪਾ ਆਗੂ ਆਪਣਾ ਅਸਰ ਰਸੂਖ ਵਰਤ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਵਾਪਸ ਕਰਵਾਉਣ ਲਈ ਯਤਨ ਕਰਨ।