ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਿੱਖ ਵਿਦਿਅਕ ਕਾਨਫ਼ਰੰਸ ਸ਼ੁਰੂ

ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਿੱਖ ਵਿਦਿਅਕ ਕਾਨਫ਼ਰੰਸ ਸ਼ੁਰੂ

ਵਾਤਾਵਰਨ, ਸਿੱਖ ਇਤਿਹਾਸ, ਤੰਤੀ ਸਾਜ਼ਾਂ ਤੇ ਖੇਤੀਬਾੜੀ ਵਿਸ਼ਿਆਂ ’ਤੇ ਪ੍ਰਦਰਸ਼ਨੀਆਂ ਲਾਈਆਂ
ਅੰਮ੍ਰਿਤਸਰ-ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵੱਲੋਂ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ 3 ਤੋਂ 5 ਦਸੰਬਰ ਤੱਕ ਚੱਲਣ ਵਾਲੀ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਦਾ ਆਰੰਭ ਕੀਤਾ ਗਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵੀਨਿਊ ਵਿੱਚ ਇਸ ਕਾਨਫ਼ਰੰਸ ਦੀ ਸ਼ੁਰੂਆਤ ਲਈ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਤੇ ਅਜੀਤ ਸਿੰਘ ਬਸਰਾ ਨੇ ਸੰਗਤਾਂ ਦਾ ਸਵਾਗਤ ਕੀਤਾ।

ਇਸ ਮੌਕੇ ਚੇਅਰਮੈਨ ਸੰਤੋਖ ਸਿੰਘ ਸੇਠੀ ਅਤੇ ਜਨਰਲ ਸਕੱਤਰ ਡਾ. ਸਰਬਜੀਤ ਸਿੰਘ ਛੀਨਾ ਨੇ ਕਾਨਫ਼ਰੰਸ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ਮੂਲੀਅਤ ਕੀਤੀ। ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਈ। ਇਸ ਮੌਕੇ ਸੀਕੇਡੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਨਿਗਰਾਨੀ ਹੇਠ ਵਾਤਾਵਰਨ ਅਤੇ ਕੁਦਰਤੀ ਸਾਧਨ, ਪੁਸਤਕਾਂ, ਸਿੱਖ ਇਤਿਹਾਸ ਅਤੇ ਚਿੱਤਰਕਾਰੀ, ਤੰਤੀ ਸਾਜ਼ ਅਤੇ ਸ਼ਸਤਰ ਅਤੇ ਖੇਤੀਬਾੜੀ ਵਿਸ਼ਿਆ ’ਤੇ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ ਗਿਆ। ਸ਼ਾਮ ਨੂੰ ਮੇਜ਼ਬਾਨ ਸਕੂਲ ਵਿੱਚ ਕੀਰਤਨ ਦਰਬਾਰ ਸਜਾਇਆ ਗਿਆ। ਕਾਨਫ਼ਰੰਸ ਦੇ ਦੂਜੇ ਦਿਨ ਵੱਖ ਵੱਖ ਵਿਸ਼ਿਆ ਤੇ ਵੱਖ ਵੱਖ ਸੈਮੀਨਾਰ ਹੋਣਗੇ।

ਚੀਫ਼ ਖ਼ਾਲਸਾ ਦੀਵਾਨ ਦੇ ਸਕੂਲਾਂ ਦੀ ਵਿਦਿਅਕ ਨੀਤੀ ਭਾਈ ਵੀਰ ਸਿੰਘ ਦੀ ਸੋਚ ਦੇ ਅਨੁਸਾਰ: ਡਾ ਨਿੱਝਰ

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲਦੇ ਸਕੂਲਾਂ ਦੀ ਵਿਦਿਅਕ ਨੀਤੀ ਭਾਈ ਵੀਰ ਸਿੰਘ ਦੀ ਸੋਚ ਦੇ ਅਨੁਸਾਰ ਹੈ ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਉਚ ਮਿਆਰੀ ਸਿੱਖਿਆ ਦੇ ਨਾਲ ਉਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਅਤੇ ਸਿੱਖੀ ਕਦਰਾਂ ਕੀਮਤਾਂ ਦੇ ਧਾਰਨੀ ਵੀ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਉਚ ਮਿਆਰੀ ਵਿਦਿਅਕ ਤਕਨੀਕਾਂ ਦੇ ਨਾਲ ਧਾਰਮਿਕਤਾ ਤੇ ਸਿੱਖ ਪਨੀਰੀ ਨੂੰ ਸੰਭਾਲਣ ਲਈ ਨਵੀਂ ਸੇਧ ਪ੍ਰਦਾਨ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ।