ਚੀਨ ਦੀ ‘ਇਕ ਪੱਟੀ ਇਕ ਰੋਡ’ ਫੋਰਮ ਵਿਚ ਸ਼ਾਮਲ ਨਹੀਂ ਹੋਵੇਗਾ ਭਾਰਤ

ਚੀਨ ਦੀ ‘ਇਕ ਪੱਟੀ ਇਕ ਰੋਡ’ ਫੋਰਮ ਵਿਚ ਸ਼ਾਮਲ ਨਹੀਂ ਹੋਵੇਗਾ ਭਾਰਤ

ਭਾਰਤ ਸਿਖਰ ਸੰਮੇਲਨ ’ਚੋਂ ਲਗਾਤਾਰ ਤੀਜੀ ਵਾਰ ਰਹੇਗਾ ਗ਼ੈਰਹਾਜ਼ਰ
ਪੇਈਚਿੰਗ- ਭਾਰਤ ਨੇ ਚੀਨ ਦੇ ‘ਇਕ ਪੱਟੀ ਤੇ ਇਕ ਰੋਡ’ ਪਹਿਲਕਦਮੀ ਸਿਖਰ ਵਾਰਤਾ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ। ਭਾਰਤ ਲਗਾਤਾਰ ਤੀਜੀ ਵਾਰ ਸਿਖਰ ਸੰਮੇਲਨ ’ਚੋਂ ਗੈਰਹਾਜ਼ਰ ਰਹੇਗਾ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਭਾਰਤ ਗੈਰਹਾਜ਼ਰ ਰਹਿ ਕੇ ਇਸ ਵਿਵਾਦਿਤ ਸੀਪੈੱਕ (ਚੀਨ ਪਾਕਿਸਤਾਨ ਆਰਥਿਕ ਗਲਿਆਰਾ) ਨਾਲ ਪ੍ਰਭੂਸੱਤਾ ਨੂੰ ਲੈ ਕੇ ਜੁੜੇ ਆਪਣੇ ਸਟੈਂਡ ’ਤੇ ਰੌਸ਼ਨੀ ਪਾਏਗਾ।

ਚੇਤੇ ਰਹੇ ਕਿ ਇਹ ਆਰਥਿਕ ਗਲਿਆਰਾ ਮਕਬੂਜ਼ਾ ਕਬਜ਼ੇ ’ਚੋਂ ਹੋ ਕੇ ਲੰਘਦਾ ਹੈ। ਚੀਨ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਇਹ ਦੋ ਰੋਜ਼ਾ ਬੈਲਟ ਐਂਂਡ ਰੋਡ ਫੋਰਮ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਬੀਆਰਐੱਫਆਈਸੀ) ਅਜਿਹੇ ਮੌਕੇ ਕਰ ਰਿਹਾ ਹੈ ਜਦੋਂ ਸ੍ਰੀਲੰਕਾ ਜਿਹੇ ਛੋਟੇ ਮੁਲਕਾਂ ਨੂੰ ਅਸਥਿਰ ਪ੍ਰਾਜੈਕਟਾਂ ਲਈ ਅਰਬਾਂ ਡਾਲਰ ਦੇ ਕਰਜ਼ੇ ਦੇ ਕੇ ਡੂੰਘੇ ਆਰਥਿਕ ਸੰਕਟ ਵਿੱਚ ਫਸਾਉਣ ਲਈ ਉਸ ਦੀ ਨੁਕਤਾਚੀਨੀ ਹੋ ਰਹੀ ਹੈ।

ਇਕ ਪੱਟੀ ਤੇ ਇਕ ਰੋਡ ਪਹਿਲਕਦਮੀ (ਬੀਆਰਆਈ), ਜੋ ਚੀਨੀ ਰਾਸ਼ਟਰਪਤੀ ਸ਼ੀ ਜਨਿਪਿੰਗ ਦਾ ਪਸੰਦੀਦਾ ਪ੍ਰਾਜੈਕਟ ਹੈ, ਨੂੰ ਇਸ ਸਾਲ ਇਕ ਦਹਾਕਾ ਪੂਰਾ ਹੋ ਰਿਹਾ ਹੈ। ਚੀਨ ਨੇ ਸਾਲ 2017 ਤੇ 2019 ਵਿੱਚ ਵੀ ਆਪਣੇ ਇਸ ਮੈਗਾ ਆਲਮੀ ਬੁੁਨਿਆਦੀ ਢਾਂਚਾ ਪਹਿਲਕਦਮੀ ਲਈ ਦੋ ਕੌਮਾਂਤਰੀ ਸੰਮੇੇਲਨ ਕੀਤੇ ਸਨ। ਭਾਰਤ ਉਦੋਂ ਵੀ ਇਨ੍ਹਾਂ ਦੋਵਾਂ ਬੈਠਕਾਂ ਵਿਚੋਂ ਗ਼ੈਰਹਾਜ਼ਰ ਰਿਹਾ ਸੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪਿਛਲੀਆਂ ਦੋ ਬੀਆਰਆਈ ਕਾਨਫਰੰਸਾਂ ਵਾਂਗ ਭਾਰਤ ਇਸ ਸਾਲ ਵੀ ਬੈਠਕ ’ਚ ਸ਼ਾਮਲ ਨਹੀਂ ਹੋਵੇਗਾ। ਭਾਰਤ ਬੀਆਰਆਈ ਖਾਸ ਕਰਕੇ ਚੀਨ ਦੇ 60 ਅਰਬ ਅਮਰੀਕੀ ਡਾਲਰ ਦੀ ਲਾਗਤ ਵਾਲੇ ਚੀਨ-ਪਾਕਿਸਤਾਨ ਇਕਨੌਮਿਕ ਕਾਰੀਡੋਰ (ਸੀਪੈੱਕ) ਦੀ ਨੁਕਤਾਚੀਨੀ ਕਰਦਾ ਰਿਹਾ ਹੈ।

ਇਹ ਪ੍ਰਾਜੈਕਟ ਮਕਬੂਜ਼ਾ ਕਸ਼ਮੀਰ ’ਚੋਂ ਹੋ ਕੇ ਲੰਘਦਾ ਹੈ, ਜਿਸ ਕਰਕੇ ਭਾਰਤ ਦੇ ਪ੍ਰਭੂਸੱਤਾ ਨਾਲ ਸਬੰਧਿਤ ਫਿਕਰ ਜੁੜੇ ਹੋਏ ਹਨ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਤਾਸ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਬੈਠਕ ਵਿਚ ਸ਼ਾਮਲ ਹੋਣਗੇ।

ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ, ਜਨਿ੍ਹਾਂ ਦਾ ਮੁਲਕ ਪਿਛਲੇ ਸਾਲ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਕਰਕੇ ਦੀਵਾਲੀਆ ਹੋ ਗਿਆ ਸੀ, ਵੀ ਮੀਟਿੰਗ ਲਈ ਚੀਨ ਪੁੱਜ ਗਏ ਹਨ। ਸ੍ਰੀਲੰਕਾ ’ਤੇ ਇਸ ਵੇਲੇ 46.9 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਹੈ, ਜਿਸ ਵਿਚੋਂ 52 ਫੀਸਦ ਚੀਨ ਦਾ ਹੈ।