ਚੀਨ-ਤਿੱਬਤ ਮਸਲੇ ਦਾ ਹੱਲ ਦੋਵਾਂ ਧਿਰਾਂ ਲਈ ਲਾਹੇਵੰਦ: ਸੀਟੀਏ

ਚੀਨ-ਤਿੱਬਤ ਮਸਲੇ ਦਾ ਹੱਲ ਦੋਵਾਂ ਧਿਰਾਂ ਲਈ ਲਾਹੇਵੰਦ: ਸੀਟੀਏ

ਨਵੀਂ ਦਿੱਲੀ: ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀਟੀਏ) ਨੇ ਚੀਨ ਨਾਲ ਦਹਾਕਿਆਂ ਤੋਂ ਚੱਲ ਰਹੇ ਤਿੱਬਤ ਸੰਘਰਸ਼ ਦਾ ਹੱਲ ਗੱਲਬਾਤ ਰਾਹੀਂ ਕੱਢਣ ਦਾ ਆਪਣਾ ਸੱਦਾ ਦੁਹਰਾਇਆ ਹੈ। ਕੁਝ ਦਿਨ ਪਹਿਲਾਂ ਪੇਈਚਿੰਗ ਨੇ ਕਿਹਾ ਸੀ ਕਿ ਉਹ ਸਿਰਫ਼ ਦਲਾਈ ਲਾਮਾ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ ਨਾ ਕਿ ਜਲਾਵਤਨ ਸਰਕਾਰ ਨਾਲ। ਪਿਛਲੇ ਹਫ਼ਤੇ ਸਿਕਯੌਂਗ ਜਾਂ ਤਿੱਬਤ ਦੀ ਜਲਾਵਤਨ ਸਰਕਾਰ (ਸੀਟੀਏ) ਦੇ ਸਿਆਸੀ ਮੁਖੀ ਪੈਂਪਾ ਸ਼ੇਰਿੰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਿੱਬਤ ਮਸਲੇ ਦੇ ਹੱਲ ਲਈ ਪੇਈਚਿੰਗ ਨਾਲ ਗੱਲਬਾਤ ਲਈ ਤਿਆਰ ਹੈ। ਇਸ ਦੇ ਨਾਲ ਹੀ ਸ਼ੇਰਿੰਗ ਨੇ ਕਿਹਾ ਕਿ ਗੈਰ-ਰਸਮੀ ਗੱਲਬਾਤ ਨਾਲ ਤੁਰੰਤ ਕੋਈ ਪ੍ਰਗਤੀ ਹੋਣ ਦੀ ਆਸ ਨਹੀਂ ਹੈ। ਤਿੱਬਤ ’ਚ ਚੀਨ ਵਿਰੋਧੀ ਮੁਜ਼ਾਹਰਿਆਂ ਅਤੇ ਬੋਧ ਖੇਤਰ ਪ੍ਰਤੀ ਪੇਈਚਿੰਗ ਦੇ ਕੱਟੜਵਾਦੀ ਨਜ਼ਰੀਏ ਦੇ ਮੱਦੇਨਜ਼ਰ ਰਸਮੀ ਵਾਰਤਾ ਪ੍ਰਕਿਰਿਆ ਦੇ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਬੰਦ ਰਹਿਣ ਮਗਰੋਂ ਇਨ੍ਹਾਂ ਟਿੱਪਣੀਆਂ ਨੂੰ ਦੋਵਾਂ ਧਿਰਾਂ ਵੱਲੋਂ ਮੁੜ ਤੋਂ ਜੁੜਨ ਦੀ ਇੱਛਾ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।