ਚੀਤਿਆਂ ਦੇ ਮੁੜ ਵਸੇਬੇ ਲਈ ਦਹਾਕਿਆਂ ਤੱਕ ਕੋਈ ਕੋਸ਼ਿਸ਼ ਨਹੀਂ ਹੋਈ: ਮੋਦੀ

ਪ੍ਰਧਾਨ ਮੰਤਰੀ ਨੇ ਆਪਣੇ 72ਵੇਂ ਜਨਮ ਦਿਨ ਮੌਕੇ ਭਾਰਤ ਲਿਆਂਦੇ 8 ’ਚੋਂ 3 ਚੀਤੇ ਕੂਨੋ ਨੈਸ਼ਨਲ ਪਾਰਕ ਦੇ ਵਿਸ਼ੇਸ਼ ਵਾੜੇ ’ਚ ਛੱਡੇ

ਸ਼ਿਓਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤ ਦਹਾਕੇ ਪਹਿਲਾਂ ਅਲੋਪ ਹੋਣ ਤੋਂ ਬਾਅਦ ਦੇਸ਼ ’ਚ ਚੀਤਿਆਂ ਦੇ ਮੁੜ ਵਸੇਬੇ ਲਈ ਦਹਾਕਿਆਂ ਤੱਕ ਕੋਈ ਉਸਾਰੂ ਕੋਸ਼ਿਸ਼ਾਂ ਨਹੀਂ ਕੀਤੀ ਗਈਆਂ। ਸ੍ਰੀ ਮੋਦੀ ਨੇ ਕਿਹਾ ਕਿ ਪ੍ਰਾਜੈਕਟ ਚੀਤਾ ਤਹਿਤ ਉਨ੍ਹਾਂ ਦੀ ਸਰਕਾਰ ਨੇ ਵਾਤਾਵਰਨ ਅਤੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਦਾ ਉਪਰਾਲਾ ਕੀਤਾ ਹੈ। ਸ੍ਰੀ ਮੋਦੀ ਨੇ ਅੱਜ ਆਪਣੇ 72ਵੇਂ ਜਨਮਦਿਵਸ ਮੌਕੇ ਨਾਮੀਬੀਆ ਤੋਂ ਲਿਆਂਦੇ 8 ਚੀਤਿਆਂ (ਪੰਜ ਮਾਦਾ ਤੇ ਤਿੰਨ ਨਰ) ’ਚੋਂ ਤਿੰਨ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ਦੇ ਵਿਸ਼ੇਸ਼ ਵਾੜੇ ’ਚ ਛੱਡਿਆ। ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਅੱਜ ਸਵੇਰੇ ਅੱਠ ਚੀਤਿਆਂ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਸ਼ਿਓਪੁਰ ਵਿੱਚ ਕੂਨੋ ਨੈਸ਼ਨਲ ਪਾਰਕ ਨੇੜੇ ਪਾਲਪੁਰ ਪਹੁੰਚੇ। ਮਾਲਵਾਹਕ ਬੋਇੰਗ ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਨਾਮੀਬੀਆ ਤੋਂ ਉਡਾਣ ਭਰੀ ਸੀ ਅਤੇ ਕਰੀਬ 10 ਘੰਟੇ ਦੇ ਲਗਾਤਾਰ ਸਫ਼ਰ ਦੌਰਾਨ ਚੀਤਿਆਂ ਨੂੰ ਲੱਕੜ ਦੇ ਬਣੇ ਪਿੰਜਰਿਆਂ ਵਿੱਚ ਪਹਿਲਾਂ ਗਵਾਲੀਅਰ ਤੇ ਫਿਰ ਇੱਥੇ ਲਿਆਂਦਾ ਗਿਆ। ਚੀਤਿਆਂ ਨੂੰ ਪਾਰਕ ’ਚ ਬਣਾਏ ਗਏ ਵਿਸ਼ੇਸ਼ ਵਾੜੇ ’ਚ ਛੱਡਣ ਮੌਕੇ ਸ੍ਰੀ ਮੋਦੀ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਕੈਮਰੇ ’ਚ ਕੈਦ ਕੀਤੀਆਂ।

ਇਸ ਮੌਕੇ ਰੱਖੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਇਹ ਬਦਕਿਸਮਤੀ ਹੈ ਕਿ ਅਸੀਂ 1952 ’ਚ ਚੀਤਿਆਂ ਨੂੰ ਦੇਸ਼ ’ਚੋਂ ਅਲੋਪ ਹੋਣ ਦਾ ਤਾਂ ਐਲਾਨ ਕਰ ਦਿੱਤਾ ਪਰ ਉਨ੍ਹਾਂ ਦੇ ਮੁੜ ਵਸੇਬੇ ਲਈ ਦਹਾਕਿਆਂ ਤੱਕ ਕੋਈ ਉਸਾਰੂ ਕੋਸ਼ਿਸ਼ ਨਹੀਂ ਕੀਤੀਆਂ। ਅੱਜ ਆਜ਼ਾਦੀ ਦੇ ਅੰਮ੍ਰਿਤ ਕਾਲ ’ਚ ਹੁਣ ਦੇਸ਼ ਨਵੀਂ ਊਰਜਾ ਨਾਲ ਚੀਤਿਆਂ ਨੂੰ ਵਸਾਉਣ ਦੇ ਪ੍ਰਾਜੈਕਟ ’ਚ ਜੁੜ ਗਿਆ ਹੈ।’’ ਉਂਜ ਇਹ ਪ੍ਰਾਜੈਕਟ ਪਿਛਲੀ ਯੂਪੀਏ ਸਰਕਾਰ ਵੱਲੋਂ 2009 ’ਚ ਤਿਆਰ ਕੀਤਾ ਗਿਆ ਸੀ। ਸ੍ਰੀ ਮੋਦੀ ਨੇ ਭਾਰਤ ’ਚ ਚੀਤਿਆਂ ਨੂੰ ਵਸਾਉਣ ਦੇ ਪ੍ਰੋਗਰਾਮ ’ਚ ਸਹਾਇਤਾ ਲਈ ਨਾਮੀਬੀਆ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ 1947 ’ਚ ਤਿੰਨ ਚੀਤੇ ਜੰਗਲ ’ਚ ਬਚੇ ਸਨ ਜਿਨ੍ਹਾਂ ਦਾ ਸ਼ਿਕਾਰ ਕਰ ਲਿਆ ਗਿਆ ਸੀ। ਸ੍ਰੀ ਮੋਦੀ ਨੇ ਕਿਹਾ,‘‘ਕੂਨੋ ਨੈਸ਼ਨਲ ਪਾਰਕ ’ਚ ਛੱਡੇ ਗਏ ਚੀਤਿਆਂ ਨੂੰ ਦੇਖਣ ਲਈ ਦੇਸ਼ਵਾਸੀਆਂ ਨੂੰ ਕੁਝ ਮਹੀਨਿਆਂ ਦੀ ਉਡੀਕ ਕਰਨੀ ਚਾਹੀਦੀ ਹੈ ਤਾਂ ਜੋ ਉਹ ਇਥੇ ਆਪਣਾ ਘਰ ਵਸਾ ਸਕਣ। ਅੱਜ ਇਹ ਚੀਤੇ ਮਹਿਮਾਨ ਬਣ ਕੇ ਆਏ ਹਨ ਅਤੇ ਇਸ ਖੇਤਰ ਤੋਂ ਅਣਜਾਣ ਹਨ। ਸਾਨੂੰ ਉਡੀਕ ਕਰਨੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਇਹ ਕੁਦਰਤ ਅਤੇ ਵਾਤਾਵਰਨ ਦੀ ਸੰਭਾਲ ਦਾ ਸਹੀ ਸਮਾਂ ਹੈ ਤਾਂ ਜੋ ਸਾਡਾ ਭਵਿੱਖ ਸੁਰੱਖਿਅਤ ਬਣ ਸਕੇ। ਇਸ ਨਾਲ ਵਿਕਾਸ ਅਤੇ ਤਰੱਕੀ ਦੇ ਰਾਹ ਵੀ ਖੁੱਲ੍ਹਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੌਮਾਂਤਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਚੀਤਿਆਂ ਦੀ ਆਬਾਦੀ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਇਹ ਕੋਸ਼ਿਸ਼ਾਂ ਬੇਕਾਰ ਨਹੀਂ ਜਾਣੀਆਂ ਚਾਹੀਦੀਆਂ ਹਨ। ‘ਕੂਨੋ ਨੈਸ਼ਨਲ ਪਾਰਕ ’ਚ ਜਦੋਂ ਚੀਤੇ ਮੁੜ ਤੋਂ ਦੌੜਨਗੇ ਤਾਂ ਇਥੋਂ ਦਾ ਈਕੋ ਸਿਸਟਮ ਅਤੇ ਜੈਵਿਕ ਵਿਭਿੰਨਤਾ ਬਹਾਲ ਹੋਵੇਗੀ।’ ਸ੍ਰੀ ਮੋਦੀ ਨੇ ਕਿਹਾ ਕਿ ਅੱਜ 21ਵੀਂ ਸਦੀ ਦਾ ਭਾਰਤ ਪੂਰੀ ਦੁਨੀਆ ਨੂੰ ਸੁਨੇਹਾ ਦੇ ਰਿਹਾ ਹੈ ਕਿ ਅਰਥਚਾਰਾ ਅਤੇ ਚੌਗਿਰਦਾ ਕੋਈ ਵਿਰੋਧੀ ਖੇਤਰ ਨਹੀਂ ਹਨ। ਮੋਦੀ ਨੇ ਅੱਜ ਕੌਮੀ ਲੌਜਿਸਟਿਕਸ ਨੀਤੀ ਲਾਂਚ ਕੀਤੀ। ਇਸ ਦਾ ਮੰਤਵ ਟਰਾਂਸਪੋਰਟ ਖੇਤਰ ਦੀਆਂ ਮੁਸ਼ਕਲਾਂ ਨੂੰ ਘੱਟ ਕਰਨਾ ਹੈ।

ਲੱਖਾਂ ਮਾਵਾਂ ਦਾ ਮੈਨੂੰ ਮਿਲ ਰਿਹੈ ਆਸ਼ੀਰਵਾਦ: ਮੋਦੀ
ਸ਼ਿਓਪੁਰ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅੱਜ ਜਨਮਦਿਨ ਮੌਕੇ ਲੱਖਾਂ ਮਾਵਾਂ ਦਾ ਆਸ਼ੀਰਵਾਦ ਮਿਲ ਰਿਹਾ ਹੈ। ਇਥੇ ਸਵੈ ਸਹਾਇਤਾ ਗਰੁੱਪਾਂ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਰੁਝੇਵਿਆਂ ਕਾਰਨ ਹਰ ਸਾਲ ਵਾਂਗ ਆਪਣੇ ਜਨਮਦਿਨ ’ਤੇ ਅੱਜ ਮਾਂ ਨੂੰ ਮਿਲਣ ਲਈ ਨਹੀਂ ਜਾ ਸਕੇ ਹਨ ਪਰ ਇਥੇ ਮੌਜੂਦ ਮਾਵਾਂ ਦੇ ਆਸ਼ੀਰਵਾਦ ਨਾਲ ਉਹ ਜ਼ਰੂਰ ਖੁਸ਼ ਹੋਵੇਗੀ। ਸ੍ਰੀ ਮੋਦੀ ਨੇ ਕਿਹਾ ਕਿ ਮਾਵਾਂ, ਧੀਆਂ ਅਤੇ ਭੈਣਾਂ ਉਨ੍ਹਾਂ ਦੀ ਤਾਕਤ ਅਤੇ ਪ੍ਰੇਰਣਾ ਸਰੋਤ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ’ਚ ਪੰਚਾਇਤ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਮਹਿਲਾਵਾਂ ਦਾ ਝੰਡਾ ਬੁਲੰਦ ਹੋ ਰਿਹਾ ਹੈ।