ਚਾਲੀ ਮੁਕਤਿਆਂ ਦੀ ਯਾਦ ’ਚ ਮਨਾਇਆ ਜਾਂਦਾ ਮਾਘੀ ਮੇਲਾ, ਲੱਖਾਂ ਦੀ ਤਾਦਾਦ ’ਚ ਸ੍ਰੀ ਮੁਕਤਸਰ ਸਾਹਿਬ ਪੁੱਜੀਆਂ ਸੰਗਤਾਂ

ਚਾਲੀ ਮੁਕਤਿਆਂ ਦੀ ਯਾਦ ’ਚ ਮਨਾਇਆ ਜਾਂਦਾ ਮਾਘੀ ਮੇਲਾ, ਲੱਖਾਂ ਦੀ ਤਾਦਾਦ ’ਚ ਸ੍ਰੀ ਮੁਕਤਸਰ ਸਾਹਿਬ ਪੁੱਜੀਆਂ ਸੰਗਤਾਂ

ਸ੍ਰੀ ਮੁਕਤਸਰ ਸਾਹਿਬ : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਯਾਦ ਵਿਚ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਚ ਮਾਘੀ ਦਾ ਮੇਲਾ ਹੁੰਦਾ ਹੈ। ਲੋਹੜੀ ਦੇ ਦਿਨ ਤੋਂ ਹੀ ਸੰਗਤ ਨੇ ਸ੍ਰੀ ਮੁਕਤਸਰ ਸਾਹਿਬ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਸਵੇਰ ਤੋਂ ਹੀ ਲੱਖਾਂ ਦੀ ਤਾਦਾਦ ਵਿਚ ਸੰਗਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਈਆਂ ਅਤੇ 40 ਮੁਕਤਿਆਂ ਨੂੰ ਨਮਨ ਕਰ ਰਹੀਆਂ ਹਨ।
ਸ੍ਰੀ ਮੁਕਤਸਰ ਸਾਹਿਬ ਦੀ ਉਹ ਧਰਤੀ ਜਿੱਥੇ ਦਸਮ ਪਿਤਾ ਵੱਲੋਂ ਮੁਗਲ ਹਕੂਮਤ ਵਿਰੁੱਧ ਆਖ਼ਰੀ ਅਤੇ ਫੈਸਲਾਕੁੰਨ ਜੰਗ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਜਗ੍ਹਾ ’ਤੇ ਹੀ 40 ਸਿੱਖਾਂ ਨੇ ਗੁਰੂ ਸਾਹਿਬ ਦਾ ਜੰਗ ਵਿਚ ਸਾਥ ਦਿੱਤਾ, ਜੋ ਆਨੰਦਪੁਰ ਸਾਹਿਬ ਵਿਖੇ ਇਹ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ। ਮਾਤਾ ਭਾਗ ਕੌਰ ਦੀ ਪ੍ਰੇਰਨਾ ਨਾਲ ਭਾਈ ਮਹਾ ਸਿੰਘ ਦੀ ਅਗਵਾਈ ਵਿਚ ਉਹ 40 ਸਿੱਖ ਖਿਦਰਾਣੇ ਦੀ ਇਸ ਢਾਬ ’ਤੇ ਪਹੁੰਚੇ ਅਤੇ ਜੰਗ ਵਿਚ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਿੱਖ ਇਤਿਹਾਸ ਵਿਚ ਇਹਨਾਂ 40 ਸਿੱਖਾਂ ਨੂੰ 40 ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਘ ਮਹੀਨੇ ਦੀ ਪਹਿਲੀ ਤਰੀਕ ਨੂੰ ਉਨ੍ਹਾਂ 40 ਮੁਕਤਿਆਂ ਦੀ ਯਾਦ ਵਿਚ ਮਾਘੀ ਦਾ ਮੇਲਾ ਮਨਾਇਆ ਜਾਂਦਾ ਹੈ।
ਮਾਘੀ ਮੌਕੇ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਵੀ ਪੱਵਿਤਰ ਸਰੋਵਰ ਵਿਚ ਸੰਗਤ ਵੱਡੀ ਗਿਣਤੀ ਵਿਚ ਇਸ਼ਨਾਨ ਕਰ ਰਹੀ ਹੈ। ਮੇਲਾ ਮਾਘੀ ਨੂੰ ਲੈ ਕੇ ਗੁਰੂ ਦੀ ਲਾਡਲੀ ਫੌਜ ਦੇ ਨਾਂ ਨਾਲ ਜਾਣੇ ਜਾਂਦੇ ਨਿਹੰਗ ਸਿੰਘਾਂ ਨੇ ਵੀ ਸ੍ਰੀ ਮੁਕਤਸਰ ਸਾਹਿਬ ਵਿਚ ਡੇਰੇ ਲਗਾ ਲਏ ਹਨ।