ਚਾਰ ਮੁਲਕਾਂ ਦੇ ਗੁੱਟ ‘ਆਈ2ਯੂ2’ ਦਾ ਏਜੰਡਾ ਹਾਂ-ਪੱਖੀ: ਮੋਦੀ

ਚਾਰ ਮੁਲਕਾਂ ਦੇ ਗੁੱਟ ‘ਆਈ2ਯੂ2’ ਦਾ ਏਜੰਡਾ ਹਾਂ-ਪੱਖੀ: ਮੋਦੀ

ਜਲ, ਊਰਜਾ, ਢੋਆ-ਢੁਆਈ, ਪੁਲਾੜ, ਸਿਹਤ ਅਤੇ ਖੁਰਾਕ ਸੁਰੱਖਿਆ ਚ ਸਾਂਝਾ ਨਿਵੇਸ਼ ਵਧਾਉਣ ’ਤੇ ਸਹਿਮਤੀ ਜਤਾਈ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਚਾਰ ਮੁਲਕਾਂ ਦੇ ਗੁੱਟ ‘ਆਈ2ਯੂ2’ ਨੇ ਹਾਂ-ਪੱਖੀ ਏਜੰਡਾ ਸਥਾਪਿਤ ਕੀਤਾ ਹੈ ਅਤੇ ਇਸ ਦਾ ਢਾਂਚਾ ਵਧ ਰਹੇ ਆਲਮੀ ਬੇਯਕੀਨੀ ਦੇ ਮਾਹੌਲ ’ਚ ਵਿਹਾਰਕ ਸਹਿਯੋਗ ਲਈ ਬਹੁਤ ਵਧੀਆ ਮਾਡਲ ਹੈ। ਸ੍ਰੀ ਮੋਦੀ ਨੇ ਗੱਠਜੋੜ ਦੇ ਪਹਿਲੇ ਸਿਖਰ ਸੰਮੇਲਨ ਨੂੰ ਅੱਜ ਵਰਚੁਅਲੀ ਸੰਬੋਧਨ ਕੀਤਾ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਇਜ਼ਰਾਇਲੀ ਪ੍ਰਧਾਨ ਮੰਤਰੀ ਯਾਇਰ ਲਾਪਿਦ ਅਤੇ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਵੀ ਮੌਜੂਦ ਸਨ। ਸ੍ਰੀ ਮੋਦੀ ਨੇ ਕਿਹਾ ਕਿ ਚਾਰੋਂ ਮੁਲਕ ਰਲ ਕੇ ਊਰਜਾ ਸੁਰੱਖਿਆ, ਖੁਰਾਕ ਸੁਰੱਖਿਆ ਅਤੇ ਆਰਥਿਕ ਵਿਕਾਸ ਦੇ ਖੇਤਰਾਂ ’ਚ ਅਹਿਮ ਯੋਗਦਾਨ ਪਾਉਣਗੇ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ,‘‘ਅਸੀਂ ਕਈ ਖੇਤਰਾਂ ’ਚ ਸਾਂਝੇ ਪ੍ਰਾਜੈਕਟਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ’ਚ ਅਗਾਂਹ ਕਦਮ ਵਧਾਉਣ ਲਈ ਖਾਕਾ ਤਿਆਰ ਕੀਤਾ ਹੈ। ਅਸੀਂ ਆਈ2ਯੂ2 ਢਾਂਚੇ ਤਹਿਤ ਜਲ, ਊਰਜਾ, ਢੋਆ-ਢੁਆਈ, ਪੁਲਾੜ, ਸਿਹਤ ਅਤੇ ਖੁਰਾਕ ਸੁਰੱਖਿਆ ਦੇ ਛੇ ਅਹਿਮ ਖੇਤਰਾਂ ’ਚ ਸਾਂਝਾ ਨਿਵੇਸ਼ ਵਧਾਉਣ ’ਤੇ ਸਹਿਮਤੀ ਜਤਾਈ ਹੈ।’’ ਗਰੁੱਪ ਨੂੰ ‘ਆਈ2ਯੂ2’ ਵਜੋਂ ਜਾਣਿਆ ਜਾਂਦਾ ਹੈ ਜਿਸ ਦੇ ‘ਆਈ2’ ਤੋਂ ਭਾਵ ਹੈ ਭਾਰਤ ਅਤੇ ਇਜ਼ਰਾਈਲ ਅਤੇ ‘ਯੂ2’ ਤੋਂ ਯੂਐੱਸ ਤੇ ਯੂਏਈ। ਸ੍ਰੀ ਮੋਦੀ ਨੇ ਕਿਹਾ ਕਿ ਚਾਰੋਂ ਮੁਲਕਾਂ ਦੀ ਤਾਕਤ ਪੂੰਜੀ, ਮੁਹਾਰਤ ਅਤੇ ਮੰਡੀਆਂ ਦੀ ਵਰਤੋਂ ਕਰਕੇ ਏਜੰਡੇ ਨੂੰ ਰਫ਼ਤਾਰ ਦਿੱਤੀ ਜਾ ਸਕਦੀ ਹੈ ਅਤੇ ਗਰੁੱਪ ਆਲਮੀ ਅਰਥਚਾਰੇ ’ਚ ਚੋਖਾ ਯੋਗਦਾਨ ਦੇ ਸਕਦਾ ਹੈ। ਇਸ ਦੌਰਾਨ ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ’ਚ ਸੰਗਠਤ ਫੂਡ ਪਾਰਕਾਂ ਦੀ ਲੜੀ ਵਿਕਸਤ ਕਰਨ ਲਈ 2 ਅਰਬ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਇਨ੍ਹਾਂ ਪਾਰਕਾਂ ’ਚ ਭੋਜਨ ਦੀ ਬਰਬਾਦੀ ਰੋਕਣ, ਸਾਫ਼ ਪਾਣੀ ਸੰਭਾਲਣ ਅਤੇ ਨਵਿਆਉਣਯੋਗ ਊਰਜਾ ਵਸੀਲਿਆਂ ਆਦਿ ’ਚ ਵਾਤਾਵਰਨ ਪੱਖੀ ਤਕਨਾਲੋਜੀਆਂ ’ਤੇ ਜ਼ੋਰ ਦਿੱਤਾ ਜਾਵੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਪ੍ਰਾਜੈਕਟ ਲਈ ਢੁੱਕਵੀਂ ਜ਼ਮੀਨ ਦੇਵੇਗਾ। ਅਮਰੀਕੀ ਅਤੇ ਇਜ਼ਰਾਇਲੀ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਆਪਣੀਆਂ ਸੇਵਾਵਾਂ ਦੇਣਗੀਆਂ। ਗਰੁੱਪ ਵੱਲੋਂ ਗੁਜਰਾਤ ’ਚ ਹਾਈਬ੍ਰਿਡ ਨਵਿਆਉਣਯੋਗ ਊਰਜਾ ਪ੍ਰਾਜੈਕਟ ਲਗਾਇਆ ਜਾਵੇਗਾ ਜੋ ਪਣ ਅਤੇ ਸੋਲਰ ਸਮਰੱਥਾ ਵਾਲਾ 300 ਮੈਗਾਵਾਟ ਦਾ ਹੋਵੇਗਾ।

ਬਾਇਡਨ ਅਤੇ ਲਾਪਿਦ ਵੱਲੋਂ ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਚਰਚਾ

ਜੇਰੋਸ਼ਲੱਮ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਯਾਇਰ ਲਾਪਿਦ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਵਿਚਾਰ ਵਟਾਂਦਰਾ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਲਾਪਿਦ ਨੂੰ ਇਜ਼ਰਾਈਲ ਦੀ ਖਿੱਤੇ ’ਚ ਵਧ ਰਹੀ ਅਹਿਮੀਅਤ ਬਾਰੇ ਵੀ ਜਾਣਕਾਰੀ ਦਿੱਤੀ। ਬਾਇਡਨ ਦੇ ਦੋ ਦਿਨੀਂ ਦੌਰੇ ਮੌਕੇ ਦੋਵੇਂ ਆਗੂਆਂ ਵਿਚਕਾਰ ਵਾਰਤਾ ’ਤੇ ਸਾਰਿਆਂ ਦੀ ਨਜ਼ਰ ਸੀ ਕਿਉਂਕਿ ਅਮਰੀਕਾ ਅਤੇ ਇਜ਼ਰਾਈਲ ਦੇ ਸਬੰਧ ਪਹਿਲਾਂ ਹੀ ਥੋੜੇ ਨਰਮ ਚੱਲ ਰਹੇ ਸਨ। ਦੋਵੇਂ ਆਗੂਆਂ ਨੇ ਸਾਂਝੇ ਐਲਾਨਨਾਮੇ ’ਚ ਫ਼ੌਜੀ ਸਹਿਯੋਗ ਅਤੇ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਪ੍ਰਤੀ ਵਚਨਬੱਧਤਾ ਦੁਹਰਾਈ। ਜ਼ਿਕਰਯੋਗ ਹੈ ਕਿ ਇਜ਼ਰਾਈਲ, ਇਰਾਨ ਨੂੰ ਆਪਣਾ ਦੁਸ਼ਮਣ ਸਮਝਦਾ ਹੈ।