ਚਰਚ ਵਿੱਚ ਭੰਨ-ਤੋੜ ਲੋਕਾਂ ਨੂੰ ਵੰਡਣ ਦੀ ਸਾਜ਼ਿਸ਼ ਕਰਾਰ

ਭਲਕੇ ਸੂਬੇ ਭਰ ’ਚ ਮੋਮਬੱਤੀ ਮਾਰਚ ਪ੍ਰਾਰਥਨਾ ਸਭਾਵਾਂ ਦਾ ਸੱਦਾ; ਮਸੀਹੀ ਭਾਈਚਾਰੇ ਨੇ ਰੋਸ ਵਜੋਂ ਵਿੱਦਿਅਕ ਅਦਾਰੇ ਰੱਖੇ ਬੰਦ

ਅੰਮ੍ਰਿਤਸਰ –

ਪੰਜਾਬ ਵਿੱਚ ਮਸੀਹੀ ਭਾਈਚਾਰੇ ਦੀਆਂ ਵੱਖ-ਵੱਖ ਸੰਪਰਦਾਵਾਂ, ਰੋਮਨ ਕੈਥੋਲਿਕ ਚਰਚ, ਚਰਚ ਆਫ ਨਾਰਥ ਇੰਡੀਆ ਦੀਆਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਡਾਇਓਸਿਸ, ਸਾਲਵੇਸ਼ਨ ਆਰਮੀ ਅਤੇ ਮੈਥੋਡਿਸਟ ਚਰਚ ਦੇ ਨੁਮਾਇੰਦਿਆਂ ਨੇ ਅੱਜ ਇੱਥੇ ਮੀਟਿੰਗ ਕਰਦਿਆਂ ਪੱਟੀ ਦੀ ਇਕ ਚਰਚ ਵਿੱਚ ਵਾਪਰੀ ਭੰਨ-ਤੋੜ ਦੀ ਘਟਨਾ ਦੀ ਨਿੰਦਾ ਕੀਤੀ ਹੈ।
ਇਨ੍ਹਾਂ ਸੰਪਰਦਾਵਾਂ ਨੇ ਪੰਜਾਬ ’ਚ ਚਰਚਾਂ ਨੂੰ ਵਧੇਰੇ ਸੁਰੱਖਿਆ ਮੁਹੱਈਆ ਕਰਨ, ਭੰਨ-ਤੋੜ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ 3 ਸਤੰਬਰ ਨੂੰ ਸੂਬੇ ਭਰ ਵਿੱਚ ਇਸ ਘਟਨਾ ਖ਼ਿਲਾਫ਼ ਕੈਂਡਲ ਮਾਰਚ ਪ੍ਰਾਥਨਾਵਾਂ ਕਰਨ ਦਾ ਸੱਦਾ ਦਿੱਤਾ ਹੈ। ਇਸ ਘਟਨਾ ਦੇ ਰੋਸ ਵਜੋਂ ਅੱਜ ਮਸੀਹੀ ਭਾਈਚਾਰੇ ਦੀਆਂ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰੇ ਵੀ ਬੰਦ ਰੱਖੇ ਗਏ। ਡਾਇਓਸਿਸ ਆਫ ਅੰਮ੍ਰਿਤਸਰ ਦੇ ਬਿਸ਼ਪ ਡਾ. ਪੀਕੇ ਸਾਮੰਤਰੌਇ ਜੋ ਕਿ ਮਸੀਹੀ ਮਹਾਸਭਾ ਦੇ ਪ੍ਰਧਾਨ ਵੀ ਹਨ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦਾ ਮਸੀਹੀ ਭਾਈਚਾਰਾ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ। ਉਨ੍ਹਾਂ ਜਬਰੀ ਧਰਮ ਤਬਦੀਲੀ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਦੋਸ਼ ਲਾਉਣ ਵਾਲੇ ਇਸ ਸਬੰਧੀ ਕੋਈ ਤੱਥ ਵੀ ਪੇਸ਼ ਕਰਨ। ਬਿਨਾਂ ਸਬੂਤਾਂ ਦੇ ਦੋਸ਼ ਲਾਉਣਾ ਠੀਕ ਨਹੀ ਹੈ। ਉਨ੍ਹਾਂ ਕਿਹਾ ਕਿ ਚਰਚ ਕਿਸੇ ਦੇ ਜਬਰੀ ਧਰਮ ਪਰਿਵਰਤਨ ਦੇ ਹੱਕ ਵਿਚ ਨਹੀਂ ਪਰ ਕਿਸ ਧਰਮ ਨੂੰ ਮਾਨਤਾ ਦੇਣੀ ਹੈ, ਇਹ ਇਕ ਵਿਅਕਤੀ ਦਾ ਨਿੱਜੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਮਸੀਹੀ ਭਾਈਚਾਰੇ ਵੱਲੋਂ ਦਹਾਕਿਆ ਤੋਂ ਕਈ ਵਿੱਦਿਅਕ ਅਦਾਰੇ ਤੇ ਸਿਹਤ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ, ਜੋ ਹਰ ਧਰਮ ਦੇ ਵਿਅਕਤੀ ਲਈ ਬਿਨਾਂ ਭੇਦ-ਭਾਵ ਸੇਵਾਵਾਂ ਦੇ ਰਹੀਆਂ ਹਨ। ਕਦੇ ਵੀ ਕਿਸੇ ਨੂੰ ਇਹ ਸੇਵਾਵਾਂ ਲੈਣ ਵਾਸਤੇ ਧਰਮ ਬਦਲਣ ਲਈ ਮਜਬੂਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਬਰੀ ਜਾਂ ਲਾਲਚ ਦੇ ਕੇ ਅਤੇ ਗੁੰਮਰਾਹ ਕਰਕੇ ਕਿਸੇ ਦਾ ਧਰਮ ਤਬਦੀਲ ਕਰ ਰਿਹਾ ਹੈ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਇਕ ਵਿਅਕਤੀ ਦੀ ਗਲਤੀ ਲਈ ਸਾਰੇ ਭਾਈਚਾਰੇ ਨੂੰ ਖਾਮਿਆਜ਼ਾ ਭੁਗਤਣਾ ਪਵੇ ਇਹ ਜਾਇਜ਼ ਨਹੀਂ ਹੈ। ਉਨਾਂ ਦੋਸ਼ ਲਾਇਆ ਕਿ ਕੁਝ ਤਾਕਤਾਂ ਪੰਜਾਬ ਦੇ ਮਸੀਹੀ ਭਾਈਚਾਰੇ ’ਚ ਵੰਡੀਆਂ ਪਾਉਣਾ ਚਾਹੁੰਦੀਆਂ ਹਨ, ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ ਕਿ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ 3 ਸਤੰਬਰ ਨੂੰ ਚਰਚਾਂ ਵਿੱਚ ਮੋਮਬੱਤੀ ਮਾਰਚ ਪ੍ਰਾਰਥਨਾ ਸਭਾਵਾਂ ਕੀਤੀਆਂ ਜਾਣਗੀਆਂ। ਜਲੰਧਰ ਡਾਇਓਸਿਸ ਦੇ ਬਿਸ਼ਪ ਐਗਨੇਲੋ ਗ੍ਰੈਸ਼ੀਅਸ ਨੇ ਦੱਸਿਆ ਕਿ ਉਨ੍ਹਾਂ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਆਖਿਆ ਹੈ। ਸਾਲਵੇਸ਼ਨ ਆਰਮੀ ਦੇ ਮੇਜਰ ਮੱਖਣ ਮਸੀਹ ਅਤੇ ਮੈਥੋਡਿਸਟ ਚਰਚ ਦੇ ਇਲਿਆਸ ਮਸੀਹ ਨੇ ਇਨ੍ਹਾਂ ਹਮਲਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਵੰਡਣ ਦੀ ਸਾਜ਼ਿਸ਼ ਕਰਾਰ ਦਿੱਤਾ ਅਤੇ ਇਸ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ।