ਘੱੱਗਰ ’ਚ ਵਧੇ ਪਾਣੀ ਨੇ ਲੋਕਾਂ ਦੇ ਸਾਹ ਸੂਤੇ

ਘੱੱਗਰ ’ਚ ਵਧੇ ਪਾਣੀ ਨੇ ਲੋਕਾਂ ਦੇ ਸਾਹ ਸੂਤੇ

ਪਟਿਆਲਾ- ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ, ਮਾਰਕੰਡਾ ਅਤੇ ਟਾਂਗਰੀ ਨਦੀ ਆਦਿ ਨਦੀਆਂ ਨਾਲ਼ਿਆਂ ’ਚ ਸ਼ਨਿੱਚਰਵਾਰ ਨੂੰ ਪਾਣੀ ਦਾ ਪੱਧਰ ਮੁੜ ਵਧ ਗਿਆ ਜਿਸ ਨੇ ਇਕ ਵਾਰ ਫੇਰ ਲੋਕਾਂ ਦੇ ਸਾਹ ਸੂਤ ਲਏ। ਕਿਉਂਕਿ ਪਿਛਲੇ ਦਿਨੀ ਇਨ੍ਹ੍ਵਾਂ ਨਦੀਆਂ ਨਾਲਿਆਂ ਦੇ ਉਛਲਣ ਅਤੇ ਕਈ ਥਾਈਂ ਪਏ ਪਾੜ ਕਾਰਨ ਜ਼ਿਲ੍ਹੇ ਅੰਦਰ ਆਏ ਹੜ੍ਹਾਂ ਕਾਰਨ ਕਈ ਦਿਨਾ ਤੱਕ ਹਾਲਾਤ ਨਾਜ਼ੁਕ ਬਣੇ ਰਹੇ ਹਨ। ਹੜ੍ਹ ਦੇ ਝੰਬੇ ਲੋਕ ਅਜੇ ਪੂਰੀ ਤਰ੍ਹਾਂ ਸੰਭਲ਼ ਵੀ ਨਹੀਂ ਸਕੇ ਸਨ ਕਿ ਸ਼ਨਿਚਰਵਾਰ ਦੀ ਸਵੇਰ ਨੂੰ ਹੀ ਘੱੱਗਰ ਵਿਚ ਮੁੜ ਵਧੇ ਪਾਣੀ ਨੇ ਲੋਕਾਂ ਨੂੰ ਬੇਚੈਨ ਕਰਕੇ ਰੱਖ ਦਿੱਤਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਘੱਗਰ ਦੇ ਕਿਨਾਰਿਆਂ, ਬੰਨ੍ਹੇ ਦੀ ਮਜ਼ਬੂਤੀ ਦਾ ਕੰਮ ਜਾਰੀ ਹੈ। ਘੱਗਰ ਦੇ ਸਰਾਲਾ ਹੈੱਡ ਨੇੜਲੇ ਪਿੰਡਾਂ ਨੂੰ ਚੌਕਸ ਰਹਿਣ ਲਈ ਅਲਰਟ ਜਾਰੀ ਕੀਤਾ ਗਿਆ ਹੈ। ਟਾਂਗਰੀ ਨੇੜਲੇ ਪਿੰਡਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਜਦਕਿ ਪਟਿਆਲਾ ਤਹਿਸੀਲ ਦੇ ਕਈ ਹੋਰ ਪਿੰਡਾਂ ਨੂੰ ਵੀ ਸੁਚੇਤ ਕੀਤਾ ਗਿਆ ਹੈ। ਫਿਲਹਾਲ ਵੱਡੀ ਨਦੀ ਸਬੰਧੀ ਚਿੰਤਾ ਦੀ ਕੋਈ ਗੱਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਵੇਰੇ ਜਦੋਂ ਘੱਗਰ ਦੇ ਭਾਂਖਰਪੁਰ ਹੈਡ ’ਤੇ ਸਾਢੇ ਨੌ ਫੁੱਟ ਪਾਣੀ ਵਗਣ ਦੀਆਂ ਰਿਪੋਰਟਾਂ ਆਈਆਂ ਤਾਂ ਪਟਿਆਲਾ ਜ਼ਿਲ੍ਹੇ ਦੇ ਲੋਕ ਮੁੜ ਤੋਂ ਆਪੋ ਆਪਣਾ ਸਾਮਾਨ ਅਤੇ ਮਸ਼ਿਨਰੀ ਆਦਿ ਵਸਤਾਂ ਦੀ ਸਾਂਭ ਸੰਭਾਲ਼ ਵਿੱਚ ਜੁੱਟ ਗਏ ਸਨ। ਇਸ ਤੋਂ ਬਾਅਦ ਜਦੋਂ ਘੱਗਰ ’ਚ ਹੀ ਸਰਾਲ਼ਾ ਹੈੱਡ ’ਤੇ ਵੀ ਪਾਣੀ ਵੱਧਦਾ ਗਿਆ ਤਾਂ ਇਸ ਖੇਤਰ ਦੇ ਕਈ ਪਰਿਵਾਰਾਂ ਨੇ ਸੁਰੱਖਿਆਤ ਥਾਵਾਂ ’ਤੇ ਜਾਣ ਦੀਆਂ ਤਿਆਰੀਆਂ ਕਰ ਲਈਆਂ ਸਨ। ਸ਼ਾਮੀ ਚਾਰ ਵਜੇ ਤੱਕ ਸਰਾਲਾ ਹੈਡ ’ਤੇ ਛੇ ਫੁੱਟ ਤੱਕ ਪਾਣੀ ਵਗਣ ਲੱਗਾ। ਇੱਥੇ ਖਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ।
ਉਂਜ ਪਿਛਲੇ ਹਫਤੇ ਤੱਕ ਇਸੇ ਹੈਡ ’ਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੀ ਚਾਰ ਫੁੱਟ ਵੱਧ, 20 ਫੁੱਟ ਤੱਕ ਚੱਲਦਾ ਰਿਹਾ ਹੈ। ਇਸ ਦੌਰਾਨ ਜਿਥੇ ਘੱਗਰ ਕਈ ਥਾਵਾਂ ਤੋਂ ਉਛਲ ਗਿਆ ਸੀ, ਉਥੇ ਹੀ ਕੁਝ ਥਾਈਂ ਪਾੜ ਵੀ ਪਏ ਜਿਸ ਕਾਰਨ ਪਾਣੀ ਨੇ ਇਲਾਕੇ ’ਚ ਭਾਰੀ ਤਬਾਹੀ ਮਚਾਈ ਪਰ ਹੁਣ ਕੁਝ ਦਿਨਾ ਤੋਂ ਇੱਥੇ ਪਾਣੀ ਦਾ ਪੱਧਰ ਨਾਮਾਤਰ ਸੀ ਪਰ ਸ਼ਨਿਚਰਵਾਰ ਨੂੰ ਘੱਗਰ ਦੇ ਮੁੜ ਚੜ੍ਹਣ ਕਾਰਨ ਚੁਫੇਰੇ ਹਾਹਾਕਾਰ ਮੱਚ ਗਈ ਸੀ।
ਇਸੇ ਤਰ੍ਹਾਂ ਜ਼ਿਲ੍ਹੇ ਵਿੱਚੋਂ ਦੀ ਲੰਘਦੇ ਮਾਰਕੰਡਾ ਵਿੱਚ ਸ਼ਾਮ ਤੱਕ ਪਾਣੀ 12 ਫੁੱਟ ’ਤੇ ਵਹਿ ਰਿਹਾ ਸੀ। ਇੱਥੇ ਖਤਰੇ ਦਾ ਨਿਸ਼ਾਨ 20 ਫੁੱਟ ਹੈ। ਪਿਛਲੇ ਹਫਤੇ ਤੱਕ ਇਥੇ 24 ਫੁੱਟ ਤੱਕ ਵੀ ਪਾਣੀ ਵਗਿਆ ਹੈ। ਇਸੇ ਤਰ੍ਹਾਂ ਟਾਂਗਰੀ ਨਦੀ, ਜਿਸ ਦਾ ਖਤਰੇ ਦਾ ਨਿਸ਼ਾਨ 12 ਫੁੱਟ ’ਤੇ ਹੈ, ਵਿੱਚ ਵੀ ਅੱਜ ਸਾਢੇ ਛੇ ਫੁੱਟ ਤੱਕ ਪਾਣੀ ਵਗਿਆ ਜਿਸ ਨੂੰ ਲੈ ਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇੱਕ ਵਾਰ ਫੇਰ ਸਮੁੱਚੇੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਕਰਦਿਆਂ ਪਹਿਲਾਂ ਦੀ ਤਰ੍ਹਾਂ ਹੀ ਆਪਣੀਆਂ ਪੁਜ਼ੀਸ਼ਨਾਂ ਲੈਣ ਦੀ ਤਾਕੀਦ ਕੀਤੀ।
ਡਿਪਟੀ ਕਮਿਸ਼ਨਰ ਘੱਗਰ ਤੇ ਟਾਂਗਰੀ ਨੇੜਲੇ ਕਈ ਪਿੰਡਾਂ ਦਾ ਦੌਰਾ ਕੀਤਾ। ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਘੱਗਰ ਦੇ ਨੁਕਸਾਨੇ ਖੇਤਰਾਂ ਦੀ ਤੁਰੰਤ ਰਿਪੇਅਰ ਕਰਨ ਦੀ ਹਦਾਇਤ ਕਰਦਿਆਂ ਡੀਸੀ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੀਆਂ ਸੜਕਾਂ ਦਾ ਨੁਕਸਾਨ ਹੋਇਆ ਹੈ, ਦਾ ਸੰਪਰਕ ਬਦਲਵੇਂ ਰਾਹਾਂ ਰਾਹੀਂ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰ ਵਿੱਚ ਵਰਖਾ ਹੋਣ ਨਾਲ ਘੱਗਰ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਇਸ ਲਈ ਸਬੰਧਤ ਵਿਭਾਗ ਤੁਰੰਤ ਲੋੜੀਦੇ ਪ੍ਰਬੰਧ ਕਰਨਾ ਯਕੀਨੀ ਬਣਾਉਣ। ਉਧਰ ਡੀਐੱਸਪੀ ਰੂਰਲ ਗੁਰਦੇਵ ਸਿੰਘ ਧਾਲ਼ੀਵਾਲ਼ ਦੀ ਅਗਵਾਈ ਹੇਠ ਪੁਲੀਸ ਫੋਰਸ ਨੇ ਵੀ ਸਨੌਰ ਹਲਕੇ ਦੇ ਕਈ ਖੇਤਰਾਂ ਦਾ ਦੌਰਾ ਕੀਤਾ।