ਗੋਲਡੀ ਬਰਾੜ ਕੈਨੇਡਾ ’ਚ ਲੋੜੀਂਦੇ 25 ਗੈਂਗਸਟਰਾਂ ਵਿੱਚ ਸ਼ਾਮਲ

ਗੋਲਡੀ ਬਰਾੜ ਕੈਨੇਡਾ ’ਚ ਲੋੜੀਂਦੇ 25 ਗੈਂਗਸਟਰਾਂ ਵਿੱਚ ਸ਼ਾਮਲ

ਟੋਰਾਂਟੋ ਦੇ ਯੋਂਗੇ ਡੂਡਾਂਸ ਚੌਰਾਹੇ ’ਤੇ ਬਰਾੜ ਸਣੇ ਹੋਰਨਾਂ ਦੇ ਕੱਟਆਊਟ ਲਾਏ

ਟੋਰਾਂਟੋ- ਕੈਨੇਡਾ ਸਰਕਾਰ ਨੇ ਸਤਿੰਦਰ ਸਿੰਘ ਬਰਾੜ ਉਰਫ਼ ਗੋਲਡੀ ਬਰਾੜ (29), ਜੋ ਮਕਬੂਲ ਗਾਇਕ-ਸਿਆਸਤਦਾਨ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਕਥਿਤ ਸਾਜ਼ਿਸ਼ਘਾੜਾ ਹੈ, ਨੂੰ ਸਿਖਰਲੇ 25 ਲੋੜੀਂਦੇ ਗੈਂਗਸਟਰਾਂ ਦੀ ਸੂਚੀ ਵਿੱਚ ਨਾਮਜ਼ਦ ਕੀਤਾ ਹੈ। ਇਨ੍ਹਾਂ ਖ਼ਤਰਨਾਕ ਗੈਂਗਸਟਰਾਂ ਦੀ ਕੈਨੇਡਾ ਪੁਲੀਸ ਨੂੰ ਬੇਸਬਰੀ ਨਾਲ ਭਾਲ ਹੈ। ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਰਤ ਨੇ ਜੂਨ 2022 ਵਿੱਚ ਗੋਲਡੀ ਬਰਾੜ ਖਿਲਾਫ਼ ਇੰਟਰਪੋਲ ਦਾ ਰੈੱਡ ਨੋਟਿਸ ਹਾਸਲ ਕੀਤਾ ਸੀ, ਜਿਸ ਮਗਰੋਂ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੂੰ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਪੰਜਾਬ ਮੂਲ ਦੇ ਗੈਂਗਸਟਰ ਦੀ ਤਲਾਸ਼ ਹੈ।

ਕੈਨੇਡੀਅਨ ਪੁਲੀਸ ਵਲੋਂ ਟੋਰਾਂਟੋ ਦੇ ਯੋਂਗੇ-ਡੂਡਾਂਸ ਚੌਰਾਹੇ ’ਤੇ ਬਰਾੜ ਸਣੇ 25 ਭਗੌੜਿਆਂ ਦੇ ਕੱਟਆਊਟ ਲਾਏ ਗਏ ਹਨ। ਬਰਾੜ ਉੱਤੇ ਭਾਰਤ ਵਿੱਚ ਕਤਲ, ਇਰਾਦਾ ਕਤਲ, ਕਤਲ ਦੀ ਸਾਜ਼ਿਸ਼ ਘੜਨ ਤੇ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਹਨ। ਕੈਨੇਡੀਅਨ ਪੁਲੀਸ ਵੱਲੋਂ ਜਾਰੀ ਸੂਚੀ ਵਿੱਚ ਗੋਲਡੀ ਬਰਾੜ ਦਾ ਨਾਮ 15ਵੀਂ ਥਾਵੇਂ ਹੈ, ਪਰ ਉਸ ਦੇ ਸਿਰ ’ਤੇ ਕੋਈ ਇਨਾਮ ਨਹੀਂ ਰੱਖਿਆ ਗਿਆ। ਬਰਾੜ, ਜੋ ਸਾਲ 2017 ਵਿੱਚ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਪਹੁੰਚਿਆ ਸੀ, ਨੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਹੋਏ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ’ਤੇ ਦੋਸ਼ ਹੈ ਕਿ ਉਸ ਨੇ ਬਹੁਤੇ ਅਪਰਾਧ ਕੈਨੇਡਾ ਵਿੱਚ ਰਹਿ ਕੇ ਹੀ ਕੀਤੇ ਹਨ ਤੇ ਇਹ ਸਾਰੇ ਜਾਂਚ ਅਧੀਨ ਹਨ।

ਬਿਆਨ ਮੁਤਾਬਕ ਕੈਨੇਡਾ ਪੁਲੀਸ ਨੇ ਅਜੇ ਤੱਕ ਉਸ ਖਿਲਾਫ਼ ਕੋਈ ਅਪਰਾਧਿਕ ਦੋਸ਼ ਨਹੀਂ ਲਾਇਆ। ਗੋਲਡੀ ਬਰਾੜ ਪੰਜਾਬ ਦੇ ਮੁਕਤਸਰ ਨਾਲ ਸਬੰਧਤ ਹੈ। ਇੰਟਰਪੋਲ ਵੱਲੋਂ ਜਾਰੀ ਨੋਟਿਸਾਂ ਤਹਿਤ ਮੈਂਬਰ ਮੁਲਕਾਂ ਦੀ ਪੁਲੀਸ ਨੂੰ ਅਪਰਾਧ ਨਾਲ ਸਬੰਧਤ ਲੋੜੀਂਦੀ ਅਹਿਮ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਜਾਂਦਾ ਹੈ। ਰੈੱਡ ਨੋਟਿਸ ਦੇ ਮਾਮਲੇ ਵਿੱਚ, ਸਬੰਧਤ ਵਿਅਕਤੀ ਮੁਕੱਦਮਾ ਚਲਾਉਣ ਲਈ ਜਾਂ ਗ੍ਰਿਫਤਾਰੀ ਵਾਰੰਟ ਜਾਂ ਅਦਾਲਤ ਦੇ ਫੈਸਲੇ ਦੇ ਅਧਾਰ ’ਤੇ ਸਜ਼ਾ ਕੱਟਣ ਲਈ ਰਾਸ਼ਟਰੀ ਅਧਿਕਾਰ ਖੇਤਰਾਂ ਦੁਆਰਾ ਲੋੜੀਂਦੇ ਹਨ। ਕੈਨੇਡਾ ਵਿੱਚ ਇੰਟਰਪੋਲ ਦਾ ਰੈੱਡ ਨੋਟਿਸ ਸਥਾਨਕ ਪੁਲੀਸ ਨੂੰ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਅਥਾਰਿਟੀ ਨਹੀਂ ਦਿੰਦਾ। ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਦੋਂ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਜਦੋਂ ਉਸ ਖਿਲਾਫ਼ ਕੋਈ ਵਾਜਬ ਅਧਾਰ ਹੋਵੇ ਕਿ ਉਸ ਨੇ ਕੈਨੇਡਾ ਵਿਚ ਕੋਈ ਅਪਰਾਧ ਕੀਤਾ ਹੈ ਜਾਂ ਫਿਰ ਉਸ ਖਿਲਾਫ਼ ਕੈਨੇਡੀਅਨ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਵੇ। ਬਿਆਨ ਵਿੱਚ ਕਿਹਾ ਗਿਆ ਕਿ ਬਰਾੜ ਵੱਲੋਂ ਭਾਰਤ ਵਿੱਚ ਕੀਤੇ ਕਥਿਤ ਅਪਰਾਧ ਕਾਫ਼ੀ ਗੰਭੀਰ ਹਨ ਤੇ ‘ਅਜਿਹਾ ਮੰਨਣਾ ਹੈ ਕਿ ਬਰਾੜ ਕੈਨੇਡਾ ਵਿੱਚ ਹੈ ਤੇ ਉਹ ਲੋਕਾਂ ਦੀ ਸੁਰੱਖਿਆ ਲਈ ਜੋਖ਼ਮ ਖੜ੍ਹਾ ਕਰ ਸਕਦਾ ਹੈ।’’ ਪਿਛਲੇ ਸਾਲ ਮਾਨਸਾ ਕੋਰਟ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਾਇਰ 1850 ਸਫਿਆਂ ਦੀ ਚਾਰਜਸ਼ੀਟ ਵਿੱਚ ਗੋਲਡੀ ਬਰਾੜ ਦਾ ਵੀ ਨਾਮ ਸ਼ਾਮਲ ਹੈ। ਚਾਰਜਸ਼ੀਟ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਤੋਂ ਇਲਾਵਾ ਦਰਜਨਾਂ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਗੈਂਗਸਟਰ ਵਿਰੋਧੀ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ‘ਸਿੱਟ’ ਵੱਲੋਂ ਮੂਸੇਵਾਲਾ ਕਤਲ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਬਾਨ ਨੇ ਕਿਹਾ ਸੀ ਕਿ ਬਿਸ਼ਨੋਈ, ਜੋ ਮੁੱਖ ਸਾਜ਼ਿਸ਼ਘਾੜਾ ਹੈ, ਨੇ ਕਬੂਲਿਆ ਸੀ ਕਿ ਅਕਾਲੀ ਯੂਥ ਆਗੂ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਹੀ ਅਗਸਤ 2021 ਵਿੱਚ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੀ ਸਾਜ਼ਿਸ਼ ਘੜੀ ਗਈ ਸੀ।

ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ
ਮਾਨਸਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਇਨਸਾਫ਼ ਦੀ ਲੜਾਈ ਉਸ ਸਮੇਂ ਸ਼ੁਰੂ ਕੀਤੀ, ਜਦੋਂ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਈ ਹੋਰ ਧਿਰਾਂ ਨੇ ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਕਹੀ ਸੀ। ਉਨ੍ਹਾਂ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਜੇਕਰ ਗੋਲਡੀ ਬਰਾੜ ਹਿਰਾਸਤ ਵਿੱਚ ਸੀ ਤਾਂ ਕੈਨੇਡਾ ਸਰਕਾਰ ਨੂੰ ‘ਮੋਸਟ ਵਾਂਟੇਡ’ ਦੀ ਸੂਚੀ ਵਿੱਚ ਉਸ ਦਾ ਨਾਂ ਸ਼ਾਮਲ ਕਰਨ ਦੀ ਕੀ ਲੋੜ ਪੈ ਗਈ। ਉਧਰ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਗੋਲਡੀ ਬਰਾੜ ਇਸ ਸਮੇਂ ਅਮਰੀਕਾ ਵਿੱਚ ਲੁਕਿਆ ਹੋਇਆ ਹੈ। ਖੁਫੀਆ ਏਜੰਸੀਆਂ ਮੁਤਾਬਕ ਗੋਲਡੀ ਬਰਾੜ ਮੂਸੇਵਾਲਾ ਦੇ ਕਤਲ ਸਮੇਂ ਕੈਨੇਡਾ ’ਚ ਰਹਿ ਰਿਹਾ ਸੀ। ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਉਹ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਅਮਰੀਕਾ ਵਿੱਚ ਭੱਜ ਗਿਆ। ਸੂਤਰਾਂ ਮੁਤਾਬਕ ਉਥੇ ਜਾ ਕੇ ਉਸ ਨੇ ਦੋ ਵਕੀਲਾਂ ਦੀ ਮਦਦ ਨਾਲ ਸਿਆਸੀ ਸ਼ਰਨ ਲੈਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ’ਚ 20 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਸੀ। ਗੋਲਡੀ ਬਰਾੜ ਖ਼ਿਲਾਫ਼ ਦੋ ਪੁਰਾਣੇ ਮਾਮਲਿਆਂ ’ਚ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।