ਗੈਂਗਸਟਰ ਅੰਸਾਰੀ ਦੀ ਮਹਿਮਾਨਨਿਵਾਜ਼ੀ ਦੇ ਸਾਰੇ ਖ਼ਰਚੇ ਕੈਪਟਨ ਤੋਂ ਵਸੂਲੇ ਜਾਣ: ਬੀਰ ਦਵਿੰਦਰ

ਗੈਂਗਸਟਰ ਅੰਸਾਰੀ ਦੀ ਮਹਿਮਾਨਨਿਵਾਜ਼ੀ ਦੇ ਸਾਰੇ ਖ਼ਰਚੇ ਕੈਪਟਨ ਤੋਂ ਵਸੂਲੇ ਜਾਣ: ਬੀਰ ਦਵਿੰਦਰ

ਪਟਿਆਲਾ – ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਯੂਪੀ ਦੇ ਬਦਨਾਮ ਗੈਂਗਸਟਰ, ਮੁਖਤਾਰ ਅੰਸਾਰੀ ਨੂੰ ਯੂਪੀ ਦੀ ਜੇਲ੍ਹ ਤੋਂ ਬਤੌਰ ‘ਸ਼ਾਹੀ ਮਹਿਮਾਨ’ ਪੰਜਾਬ ਲਿਆਉਣ ਲਈ ਪੰਜਾਬ ਦੀ ਤਤਕਾਲੀ ਕੈਪਟਨ ਅਮਰਿੰਦਰ ਸਰਕਾਰ ਤੋਂ ਸਾਰੇ ਰੁਪਏ ਵਸੂਲੇ ਜਾਣ, ਇਸ ਮਾਮਲੇ ਵਿਚ ਅਮਰਿੰਦਰ ਤੋਂ ਇਲਾਵਾ ਕੋਈ ਵੀ ਕਾਰਵਾਈ ਹੋਣੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਹੋਵੇਗੀ। ਇਸ ਮਾਮਲੇ ਵਿਚ ਅਮਰਿੰਦਰ ਦੇ ਬੇਟੇ ਰਣਇੰਦਰ ਸਿੰਘ ਦੇ ਉਂਗਲੀ ਚੁੱਕਦਿਆਂ ਬੀਰ ਦਵਿੰਦਰ ਨੇ ਕਿਹਾ ਕਿ ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ੁਫ਼ੀਆ ਆਦੇਸ਼ ਅਨੁਸਾਰ, ਮੁਹਾਲੀ ਦੇ ਥਾਣੇ ਵਿੱਚ ਫ਼ਰਜ਼ੀ ਐੱਫ਼ਆਈ ਆਰ ਦਰਜ ਕਰਕੇ ਮੁਖਤਾਰ ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ। ਇਸ ਖ਼ਾਤਰਦਾਰੀ ਉੱਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਖ਼ਰਚ ਕੀਤੇ ਸਨ। ਬੀਰਦਵਿੰਦਰ ਨੇ ਕਿਹਾ ਮੁਖਤਾਰ ਅੰਸਾਰੀ ਦਾ ਪੁੱਤਰ ਅੱਬਾਸ ਅੰਸਾਰੀ ਕੌਮੀ ਪੱਧਰ ਦਾ ਰਾਈਫ਼ਲ ਸ਼ੂਟਰ ਹੈ ਤੇ ਕੌਮੀ ਪੱਧਰ ਦਾ ਗੋਲਡ ਮੈਡਲ ਵਿਜੇਤਾ ਵੀ ਹੈ। ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਵੀ ਚੰਗਾ ਸ਼ੂਟਰ ਹੈ ਅਤੇ ਕਾਬਿਲ-ਏ-ਜ਼ਿਕਰ ਹੈ ਕਿ ਉਹ ਮੁਖਤਾਰ ਅੰਸਾਰੀ ਦੇ ਬੇਟੇ, ਅੱਬਾਸ ਅੰਸਾਰੀ ਦੀ ਇਮਦਾਦ ਨਾਲ, ਦਸੰਬਰ 2009 ਵਿੱਚ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦਾ ਪ੍ਰਧਾਨ ਵੀ ਚੁਣਿਆ ਗਿਆ ਸੀ। ਅੱਬਾਸ ਅੰਸਾਰੀ ਅਤੇ ਰਣਇੰਦਰ ਸਿੰਘ ਦੀ ਆਪਸ ਵਿੱਚ ਬੜੀ ਗੂੜ੍ਹੀ ਦੋਸਤੀ ਹੈ। ਉਨ੍ਹਾਂ ਕਿਹਾ ਕਿਪੰਜਾਬ ਸਰਕਾਰ, ਹੁਣ ਆਪਣੀਆਂ ਪੜਤਾਲਾਂ ਦਾ ਰੁਖ਼ ਕੈਪਟਨ ਅਮਰਿੰਦਰ ਸਿੰਘ ਵੱਲ ਵੀ ਮੋੜੇ।