ਗੈਂਗਸਟਰਾਂ ਦੇ ਖ਼ਾਤਮੇ ਤੋਂ ਬਿਨਾਂ ਪੰਜਾਬ ’ਚੋਂ ਨਸ਼ਾ ਖ਼ਤਮ ਨਹੀਂ ਹੋਣਾ: ਬਲਕੌਰ ਸਿੰਘ

ਗੈਂਗਸਟਰਾਂ ਦੇ ਖ਼ਾਤਮੇ ਤੋਂ ਬਿਨਾਂ ਪੰਜਾਬ ’ਚੋਂ ਨਸ਼ਾ ਖ਼ਤਮ ਨਹੀਂ ਹੋਣਾ: ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੜ ਸੇਧਿਆ ਪੰਜਾਬ ਸਰਕਾਰ ’ਤੇ ਨਿਸ਼ਾਨਾ
ਮਾਨਸਾ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਗੈਂਗਸਟਰਵਾਦ ਦੇ ਖ਼ਾਤਮੇ ਤੋਂ ਬਿਨਾਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੈਂਗਸਟਰਾਂ ਨੇ ਪੰਜਾਬ ਸਰਕਾਰ ਦਾ ਸਾਰਾ ਸਿਸਟਮ ਖ਼ਰੀਦਿਆ ਹੋਇਆ ਹੈ। ਉਹ ਆਸਾਨੀ ਨਾਲ ਨਸ਼ਾ ਸਪਲਾਈ, ਫਿਰੌਤੀਆਂ ਮੰਗਣ, ਡਰਾਉਣ-ਧਮਕਾਉਣ ਦਾ ਕੰਮ ਕਰਦੇ ਹਨ। ਉਹ ਅੱਜ ਪਿੰਡ ਮੂਸਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ ਵੋਟਾਂ ਮੰਗਣ ਆਉਣਗੇ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਨ੍ਹਾਂ ਨੂੰ ਘੇਰ ਕੇ ਸਵਾਲ ਪੁੱਛਣਾ ਹੈ ਕਿ ਪੰਜਾਬ ਦੇ ਐਨੇ ਮਾੜੇ ਹਾਲਾਤ ਕਿਵੇਂ ਹੋ ਗਏ। ਉਨ੍ਹਾਂ ਸਵਾਲ ਕੀਤਾ ਕਿ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਸਰਕਾਰ ਉਸ ਦੇ ਕਤਲ ਲਈ ਜ਼ਿੰਮੇਵਾਰ ਸਾਜ਼ਿਸ਼ ਘਾੜਿਆਂ ਨੂੰ ਜਾਂਚ ਵਿੱਚ ਸ਼ਾਮਲ ਕਿਉਂ ਨਹੀਂ ਕਰ ਰਹੀ।

ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਤੇ ਉਸ ਦੇ ਮੰਤਰੀਆਂ ਨੇ ਇਸ ਕੇਸ ਨੂੰ ਲੈ ਕੇ ਚੁੱਪ ਹੀ ਧਾਰ ਰੱਖੀ ਹੈ, ਪਰ ਉਹ ਗੈਂਗਸਟਰਾਂ ਦੀਆਂ ਧਮਕੀਆਂ ਤੇ ਸਰਕਾਰ ਦੀ ਚੁੱਪ ਤੋਂ ਡਰਨ ਵਾਲੇ ਨਹੀਂ ਹਨ। ਉਹ ਲੋਕਾਂ ਦੇ ਸਾਥ ਨਾਲ ਆਪਣੇ ਪੁੱਤ ਲਈ ਇਸੇ ਤਰ੍ਹਾਂ ਇਨਸਾਫ਼ ਮੰਗਦੇ ਰਹਿਣਗੇ।