ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਹੋਵੇਗਾ ਪੰਜਾਬ: ਮਾਨ

ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਹੋਵੇਗਾ ਪੰਜਾਬ: ਮਾਨ

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਹੈ ਕਿ ਪੰਜਾਬ ਜਲਦੀ ਹੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਤੋਂ ਮੁਕਤ ਹੋਵੇਗਾ। ਅੰਮ੍ਰਿਤਸਰ ਜ਼ਿਲ੍ਹੇ ਵਿਚ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਦੀ ਸਫਲਤਾ ਨੂੰ ਲੈ ਕੇ ਮੁੱਖ ਮੰਤਰੀ ਨੇ ਅੱਜ ਡੀਜੀਪੀ ਗੌਰਵ ਯਾਦਵ, ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਅਤੇ ਸਮੁੱਚੀ ਟੀਮ ਨੂੰ ਥਾਪੜਾ ਦਿੱਤਾ। ਡੀਜੀਪੀ ਨੇ ਅੰਮ੍ਰਿਤਸਰ ਵਿੱਚ ਹੋਏ ਪੁਲੀਸ ਮੁਕਾਬਲੇ ਬਾਰੇ ਵੇਰਵੇ ਮੁੱਖ ਮੰਤਰੀ ਨਾਲ ਸਾਂਝੇ ਕੀਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਨੂੰ ਗਾਰੰਟੀ ਦਿੰਦੇ ਹਨ ਕਿ ਕਿਸੇ ਨੂੰ ਵੀ ਸੂਬੇ ਦੀ ਮੁਸ਼ਕਲ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਗੈਂਗਸਟਰ ਤੇ ਨਸ਼ਾ ਤਸਕਰਾਂ ਤੋਂ ਮੁਕਤੀ ਦੇ ਨਾਲ ਪੰਜਾਬ ਵਿੱਚ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਬਰਕਰਾਰ ਰੱਖਣ ਲਈ ਹਰੇਕ ਕਦਮ ਚੁੱਕਿਆ ਜਾਵੇਗਾ। ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਗੂ ਆਪਣੇ ਸਿਆਸੀ ਹਿਤਾਂ ਲਈ ਇਨ੍ਹਾਂ ਗੈਂਗਸਟਰਾਂ ਨੂੰ ਵਰਤਦੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਸੰਭਾਲਣ ਮਗਰੋਂ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਪੰਜਾਬ ਨੂੰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੋਂ ਮੁਕਤ ਕਰਨਾ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਸਾਰੇ ਗੈਂਗਸਟਰ ਸਲਾਖ਼ਾਂ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਨ ਅਤੇ ਵਾਰਦਾਤ ਵਾਲੇ ਦਿਨ ਤੋਂ ਹੀ ਫ਼ਰਾਰ ਸਨ। ਉਨ੍ਹਾਂ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ ਸੀ ਅਤੇ ਪਤਾ ਲਾਇਆ ਸੀ ਕਿ ਉਹ ਅੰਮ੍ਰਿਤਸਰ ਵਿੱਚ ਸਰਹੱਦ ਨੇੜੇ ਇੱਕ ਇਮਾਰਤ ਵਿਚ ਲੁਕੇ ਹੋਏ ਹਨ। ਮੁੱਖ ਮੰਤਰੀ ਨੇ ਪੰਜਾਬ ਪੁਲੀਸ ਦੀ ਮਿਸਾਲੀ ਦਲੇਰੀ ਅਤੇ ਹੌਸਲੇ ਦੀ ਦਾਦ ਦਿੰਦਿਆਂ ਕਿਹਾ ਕਿ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਜਵਾਨਾਂ ਦਾ ਸੂਬਾ ਕਰਜ਼ਦਾਰ ਰਹੇਗਾ। ਬੁੱਧਵਾਰ ਨੂੰ ਹੋਏ ਮੁਕਾਬਲੇ ਮਗਰੋਂ ਪੰਜਾਬ ਪੁਲੀਸ ਦੇ ਹੌਸਲੇ ਵਧੇ ਹਨ।

ਹਥਿਆਰ ਫੋਰੈਂਸਿਕ ਜਾਂਚ ਲਈ ਭੇਜੇ: ਡੀਜੀਪੀ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮੌਕੇ ਤੋਂ ਮਿਲੇ ਹਥਿਆਰ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਮਾਰੇ ਗਏ ਗੈਂਗਸਟਰ ਪਾਕਿਸਤਾਨ ਭੱਜਣ ਦੀ ਤਾਕ ਵਿਚ ਸਨ। ਗੈਂਗਸਟਰਾਂ ਕੋਲੋਂ ਮਿਲੀ ਏਕੇ 47 ਬਾਰੇ ਪੂਰਾ ਸ਼ੱਕ ਹੈ ਕਿ ਇਹ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੀ ਗਈ ਹੈ। ਗੈਂਗਸਟਰ ਦੀਪਕ ਮੁੰਡੀ ਫ਼ਰਾਰ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਗੋਲਡੀ ਬਰਾੜ ਬਾਰੇ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਹੈ।