‘ਗੂੜ੍ਹੀ ਮੁਹੱਬਤ’ ਦੀ ਸਾਂਝ ਤੋੜ ਗਿਆ ਸੁਰਿੰਦਰ ਛਿੰਦਾ

‘ਗੂੜ੍ਹੀ ਮੁਹੱਬਤ’ ਦੀ ਸਾਂਝ ਤੋੜ ਗਿਆ ਸੁਰਿੰਦਰ ਛਿੰਦਾ

ਲੁਧਿਆਣਾ ਵਿੱਚ ਹੋਇਆ ਸਸਕਾਰ; ਵੱਡੀ ਗਿਣਤੀ ਪ੍ਰਸ਼ੰਸਕਾਂ ਤੇ ਸ਼ਖ਼ਸੀਅਤਾਂ ਨੇ ਕੀਤੇ ਅੰਤਿਮ ਦਰਸ਼ਨ
ਲੁਧਿਆਣਾ- ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਅੱਜ ਪੰਜ ਤੱਤਾਂ ’ਚ ਵਿਲੀਨ ਹੋ ਗਿਆ। ਸ਼ਹਿਰ ਦੇ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਸੁਰਿੰਦਰ ਛਿੰਦਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮਰਹੂਮ ਗਾਇਕ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਵੱਡੀ ਗਿਣਤੀ ਵਿੱਚ ਗਾਇਕ, ਅਦਾਕਾਰ, ਸਿਆਸੀ, ਧਾਰਮਿਕ ਤੇ ਜਨਤਕ ਆਗੂ ਪੁੱਜੇ। ਛਿੰਦਾ ਦੇ ਪੁੱਤਰ ਮਨਿੰਦਰ ਸਿੰਘ ਤੇ ਸਿਮਰਨ ਸਿੰਘ ਨੇ ਪਿਤਾ ਨੂੰ ਅਗਨੀ ਭੇਟ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮਰਹੂਮ ਗਾਇਕ ਦੀ ਅੰਤਿਮ ਯਾਤਰਾ ਉਸ ਦੇ ਘਰੋਂ ਬਾਅਦ ਦੁਪਹਿਰ 1 ਵਜੇ ਸ਼ੁਰੂ ਹੋਈ। ਫੁੱਲਾਂ ਨਾਲ ਸਜਾਏ ਖੁੱਲ੍ਹੇ ਟਰੱਕ ’ਚ ਸੁਰਿੰਦਰ ਛਿੰਦਾ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਗਿਆ, ਜਿਸ ਦੇ ਅੱਗੇ ਛਿੰਦਾ ਦੀ ਫੋਟੋ ਲੱਗੀ ਹੋਈ ਸੀ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਪ੍ਰਸ਼ੰਸਕਾਂ ਨੇ ਮਰਹੂਮ ਗਾਇਕ ਦੇ ਅੰਤਿਮ ਦਰਸ਼ਨ ਕੀਤੇ ਅਤੇ ਦੋ ਵਜੇ ਮ੍ਰਿਤਕ ਦੇਹ ਸਮਸ਼ਾਨਘਾਟ ਪਹੁੰਚੀ। ਇਸ ਮੌਕੇ ਲੋਕ ਗਾਇਕ ਤੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਗੁਰਭਜਨ ਸਿੰਘ ਗਿੱਲ, ਗਾਇਕ ਫਿਰੋਜ਼ ਖਾਨ, ਅਦਾਕਾਰ ਹੌਬੀ ਧਾਲੀਵਾਲ, ਸਤਵਿੰਦਰ ਬੁੱਗਾ, ਹਰਜੀਤ ਹਰਮਨ, ਫਿਲਮ ਅਦਾਕਾਰ ਗੁਗੂ ਗਿੱਲ ਤੇ ਵਿਧਾਇਕ ਗੁਰਪ੍ਰੀਤ ਗੋਗੀ, ਵਿਧਾਇਕ ਮਨਪ੍ਰੀਤ ਇਆਲੀ, ਕ੍ਰਿਸ਼ਨ ਕੁਮਾਰ ਬਾਵਾ ਸਮੇਤ ਵੱਡੀ ਗਿਣਤੀ ਕਲਾਕਾਰ ਸ਼ਰਧਾਂਜਲੀ ਦੇਣ ਪਹੁੰਚੇ। ਜ਼ਿਕਰਯੋਗ ਹੈ ਕਿ ਬੀਤੀ 26 ਜੁਲਾਈ ਨੂੰ ਡੀਐੱਮਸੀ ਹਸਪਤਾਲ ਵਿੱਚ ਸੁਰਿੰਦਰ ਛਿੰਦਾ ਨੇ ਆਖਰੀ ਸਾਹ ਲਏ ਸਨ।