ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਨੂੰ ਅਲਵਿਦਾ ਕਿਹਾ

ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਜਥੇਬੰਦਕ ਚੋਣਾਂ ਤੋਂ ਪਹਿਲਾਂ ਅੱਜ ਇਕ ਵੱਡਾ ਝਟਕਾ ਦਿੰਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੰਜ ਪੰਨਿਆਂ ਦੇ ਪੱਤਰ ’ਚ ਕਿਹਾ ਹੈ ਕਿ ਪਾਰਟੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਉਨ੍ਹਾਂ ਲੀਡਰਸ਼ਿਪ ’ਤੇ ਦੋਸ਼ ਲਾਇਆ ਕਿ ਉਹ ‘ਫਰਜ਼ੀ’ ਅੰਦਰੂਨੀ ਚੋਣਾਂ ਦੇ ਨਾਮ ’ਤੇ ਪਾਰਟੀ ਨਾਲ ਧੋਖਾ ਕਰ ਰਹੀ ਹੈ। ਇਸ ਦੌਰਾਨ ਆਜ਼ਾਦ ਨੇ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ ਬਲਕਿ ਖ਼ੁਦ ਦੀ ਪਾਰਟੀ ਬਣਾਉਣਗੇ। ਆਜ਼ਾਦ ਨੇ ਟੀਵੀ ਚੈਨਲਾਂ ਨੂੰ ਕਿਹਾ ਕਿ ਉਹ ਜਲਦੀ ਹੀ ਜੰਮੂ ਕਸ਼ਮੀਰ ਜਾ ਕੇ ਆਪਣੇ ਹਮਾਇਤੀਆਂ ਤੇ ਲੋਕਾਂ ਨੂੰ ਮਿਲਣਗੇ।

ਉਨ੍ਹਾਂ ਪੱਤਰ ’ਚ ਆਪਣੇ ਗਿਲੇ-ਸ਼ਿਕਵੇ ਵੀ ਖੁੱਲ੍ਹ ਕੇ ਰੱਖੇ ਹਨ। ਇਸ ਤੋਂ ਪਹਿਲਾਂ ਕਪਿਲ ਸਿੱਬਲ ਅਤੇ ਅਸ਼ਵਨੀ ਕੁਮਾਰ ਜਿਹੇ ਵੱਡੇ ਆਗੂ ਕਾਂਗਰਸ ਨੂੰ ਅਲਵਿਦਾ ਆਖ ਚੁੱਕੇ ਹਨ। ਪਾਰਟੀ ਨਾਲੋਂ ਆਪਣੇ ਪੰਜ ਦਹਾਕਿਆਂ ਤੋਂ ਵਧ ਦੇ ਨਾਤੇ ਨੂੰ ਖ਼ਤਮ ਕਰਦਿਆਂ 73 ਵਰ੍ਹਿਆਂ ਦੇ ਆਗੂ ਨੇ ਕਿਹਾ ਕਿ ‘ਦਰਬਾਰੀਆਂ ਦੀ ਸਰਪ੍ਰਸਤੀ’ ਹੇਠ ਕਾਂਗਰਸ ਦਾ ਕੰਮਕਾਰ ਚੱਲਣ ਕਾਰਨ ਪਾਰਟੀ ਨੇ ਇੱਛਾਸ਼ਕਤੀ ਅਤੇ ਸਮਰੱਥਾ ਗੁਆ ਲਈ ਹੈ। ਪੱਤਰ ’ਚ ਰਾਹੁਲ ਗਾਂਧੀ ਦਾ ਨਾਮ ਲੈਂਦਿਆਂ ਆਜ਼ਾਦ ਨੇ ਕਿਹਾ ਕਿ ‘ਰਿਮੋਟ ਕੰਟਰੋਲ ਮਾਡਲ’ ਨੇ ਯੂਪੀਏ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਹੁਣ ਇਹ ਕਾਂਗਰਸ ਪਾਰਟੀ ਨੂੰ ਢਾਹ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਫ਼ੈਸਲੇ ਰਾਹੁਲ ਗਾਂਧੀ ਵੱਲੋਂ ਲਏ ਜਾਂਦੇ ਹਨ ਜਾਂ ਫਿਰ ਉਸ ਦੇ ਸੁਰੱਖਿਆ ਗਾਰਡ ਅਤੇ ਪੀਏ ਲੈ ਰਹੇ ਹਨ। ਸੋਨੀਆ ਨੂੰ ਲਿਖੇ ਪੱਤਰ ’ਚ ਆਜ਼ਾਦ ਨੇ ਕਿਹਾ,‘‘ਬਦਕਿਸਮਤੀ ਨਾਲ ਰਾਹੁਲ ਗਾਂਧੀ ਦੇ ਸਿਆਸਤ ’ਚ ਦਾਖ਼ਲੇ ਮਗਰੋਂ ਅਤੇ ਖਾਸ ਕਰਕੇ 2013 ਤੋਂ ਬਾਅਦ ਜਦੋਂ ਉਸ ਨੂੰ ਤੁਹਾਡੇ ਵੱਲੋਂ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਉਸ ਨੇ ਸਲਾਹ-ਮਸ਼ਵਰੇ ਵਾਲੇ ਪੂਰੇ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ। ਸਾਰੇ ਸੀਨੀਅਰ ਅਤੇ ਤਜਰਬੇਕਾਰ ਆਗੂਆਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਗਿਆ ਅਤੇ ਚਾਪਲੂਸ ਗ਼ੈਰਤਜਰਬੇਕਾਰ ਨਵੇਂ ਦਰਬਾਰੀਆਂ ਨੇ ਪਾਰਟੀ ਦੀ ਕਮਾਨ ਸੰਭਾਲ ਲਈ।’’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੌਮੀ ਪੱਧਰ ’ਤੇ ਭਾਜਪਾ ਲਈ ਪੂਰਾ ਰਾਹ ਖਾਲੀ ਕਰ ਦਿੱਤਾ ਜਦਕਿ ਸੂਬਾ ਪੱਧਰ ’ਤੇ ਖੇਤਰੀ ਪਾਰਟੀਆਂ ਉਸ ’ਤੇ ਭਾਰੂ ਪੈ ਗਈਆਂ। ‘ਪਿਛਲੇ ਅੱਠ ਸਾਲਾਂ ’ਚ ਲੀਡਰਸ਼ਿਪ ਨੇ ਇਕ ਗ਼ੈਰ-ਗੰਭੀਰ ਵਿਅਕਤੀ ਨੂੰ ਪਾਰਟੀ ’ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਕਾਂਗਰਸ ਦਾ ਤਕਰੀਬਨ ਸਫਾਇਆ ਹੋ ਚੁੱਕਿਆ ਹੈ।’ ਆਜ਼ਾਦ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਗੂਆਂ ਨੂੰ ਪੂਰੇ ਦੇਸ਼ ’ਚ ‘ਕਾਂਗਰਸ ਜੋੜੋ’ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਆਗੂਆਂ ਨੂੰ ਕਿਸੇ ਅਹੁਦੇ ਲਈ ਜੇਕਰ ਚੁਣਿਆ ਵੀ ਗਿਆ ਤਾਂ ਉਹ ਕਠਪੁਤਲੀ ਤੋਂ ਵੱਧ ਕੁਝ ਵੀ ਨਹੀਂ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਏਆਈਸੀਸੀ ਚਲਾ ਰਹੇ ਦਰਬਾਰੀਆਂ ਦੇ ਨਿਰਦੇਸ਼ ’ਤੇ ਅੱਜ ਮੇਰਾ ਜੰਮੂ ’ਚ ਨਕਲੀ ਜਨਾਜ਼ਾ ਕੱਢਿਆ ਗਿਆ। ‘ਜਿਨ੍ਹਾਂ ਇਹ ਅਨੁਸ਼ਾਸਨਹੀਣਤਾ ਦਿਖਾਈ ਹੈ, ਉਨ੍ਹਾਂ ਨੂੰ ਏਆਈਸੀਸੀ ਦੇ ਜਨਰਲ ਸਕੱਤਰਾਂ ਅਤੇ ਰਾਹੁਲ ਗਾਂਧੀ ਦੀ ਨਿੱਜੀ ਸ਼ਹਿ ਪ੍ਰਾਪਤ ਹੈ।’ ਉਨ੍ਹਾਂ ਕਿਹਾ ਕਿ 2014 ’ਚ ਸੋਨੀਆ ਗਾਂਧੀ ਅਤੇ ਉਸ ਤੋਂ ਬਾਅਦ ਰਾਹੁਲ ਦੀ ਅਗਵਾਈ ਹੇਠ ਕਾਂਗਰਸ ਨੂੰ ਲੋਕ ਸਭਾ ਦੀਆਂ ਦੋ ਚੋਣਾਂ ’ਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅੱਜ ਸਿਰਫ਼ ਦੋ ਸੂਬਿਆਂ ’ਚ ਰਾਜ ਹੈ ਅਤੇ ਦੋ ਸੂਬਿਆਂ ’ਚ ਹੋਰ ਪਾਰਟੀਆਂ ਦੇ ਗੱਠਜੋੜ ਨਾਲ ਸੱਤਾ ’ਚ ਹੈ। ਗੁਲਾਮ ਨਬੀ ਆਜ਼ਾਦ ਨੇ ਪੱਤਰ ’ਚ ਲਿਖਿਆ ਕਿ 2019 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਦੇ ਹਾਲਾਤ ਹੋਰ ਵਿਗੜੇ ਹਨ। ‘ਕਾਂਗਰਸ ਦੇ ਸੀਨੀਅਰ ਆਗੂਆਂ, ਜਿਨ੍ਹਾਂ ਪਾਰਟੀ ਲਈ ਆਪਣੀ ਉਮਰ ਲਗਾ ਦਿੱਤੀ, ਨੂੰ ਇਕ ਮੀਟਿੰਗ ਦੌਰਾਨ ਰਾਹੁਲ ਗਾਂਧੀ ਵੱਲੋਂ ਅਪਮਾਨਿਤ ਕੀਤਾ ਗਿਆ। ਰਾਹੁਲ ਕਾਹਲੀ ’ਚ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਹੋ ਗਿਆ ਅਤੇ ਉਸ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਤੋਂ ਤੁਸੀਂ (ਸੋਨੀਆ) ਅੰਤਰਿਮ ਪ੍ਰਧਾਨ ਹੋ।’ ਗਾਂਧੀ ਪਰਿਵਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਤਾਂ ਨਾਮ ਦੀ ਮੁਖੀ ਹੈ ਅਤੇ ਸਾਰੇ ਫ਼ੈਸਲੇ ਰਾਹੁਲ ਗਾਂਧੀ ਵੱਲੋਂ ਲਏ ਜਾ ਰਹੇ ਹਨ ਜਾਂ ਉਸ ਦੇ ‘ਸੁਰੱਖਿਆ ਗਾਰਡ ਅਤੇ ਪੀਏ’ ਲੈ ਰਹੇ ਹਨ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਆਜ਼ਾਦ ਨੇ ਰਾਹੁਲ ਗਾਂਧੀ ਵੱਲੋਂ ਯੂਪੀਏ ਸਰਕਾਰ ਸਮੇਂ ਮੀਡੀਆ ਸਾਹਮਣੇ ਸਰਕਾਰੀ ਆਰਡੀਨੈਂਸ ਪਾੜਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਅੱਲ੍ਹੜਪੁਣੇ ਦੀ ਸਭ ਤੋਂ ਵੱਡੀ ਮਿਸਾਲ ਹੈ। ‘ਰਾਹੁਲ ਦੇ ਬਚਗਾਨਾ ਰਵੱਈਏ ਨੇ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ ਢਾਹ ਲਗਾਈ। ਸਿਰਫ਼ ਇਕੋ ਵਤੀਰੇ ਨੇ 2014 ’ਚ ਯੂਪੀਏ ਸਰਕਾਰ ਦੀ ਹਾਰ ’ਚ ਵੱਡਾ ਯੋਗਦਾਨ ਪਾਇਆ।’