ਗੁਲਾਮ ਨਬੀ ਆਜ਼ਾਦ ਦਾ ਸਾਥ ਛੱਡ 17 ਆਗੂ ਮੁੜ ਕਾਂਗਰਸ ’ਚ ਸ਼ਾਮਲ

ਗੁਲਾਮ ਨਬੀ ਆਜ਼ਾਦ ਦਾ ਸਾਥ ਛੱਡ 17 ਆਗੂ ਮੁੜ ਕਾਂਗਰਸ ’ਚ ਸ਼ਾਮਲ

ਨਵੀਂ ਦਿੱਲੀ – ਜੰਮੂੁ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪੀਰਜ਼ਾਦਾ ਮੁਹੰਮਦ ਸਈਅਦ ਸਮੇਤ ਗੁਲਾਮ ਨਬੀ ਆਜ਼ਾਦ ਦੀ ਡੈਮੋਕ੍ਰੈਟਿਕ ਆਜ਼ਾਦ ਪਾਰਟੀ (ਡੀਏਪੀ) ਦੇ 17 ਸਾਬਕਾ ਨੇਤਾ ਅੱਜ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇਨ੍ਹਾਂ ਨੇਤਾਵਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਇਹ ਸਾਰੇ ਨੇਤਾ ਕਾਂਗਰਸ ਛੱਡ ਕੇ ਨਹੀਂ ਗਏ ਸੀ, ਬਲਕਿ ਇਹ ਦੋ ਮਹੀਨੇ ਦੀ ਛੁੱਟੀ ’ਤੇ ਸਨ ਅਤੇ ਹੁਣ ਪਰਤ ਆਏ ਹਨ। ਵੇਣੂਗੋਪਾਲ ਨੇ ਕਿਹਾ, ‘‘ਭਾਰਤ ਜੋੜੋ ਯਾਤਰਾ ਦੇ ਜੰਮੂ ਕਸ਼ਮੀਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਾਡੇ ਕਈ ਨੇਤਾ ਘਰ ਵਾਪਸੀ ਕਰ ਰਹੇ ਹਨ। ਇਹ ਬੜੀ ਖੁਸ਼ੀ ਦੀ ਗੱਲ ਹੈ।’’ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਜਾਰੀ ਯਾਤਰਾ ਨੇ ਵੱਡੇ ਅੰਦੋਲਨ ਦਾ ਰੂਪ ਧਾਰ ਲਿਆ ਹੈ ਅਤੇ ਜੋ ਲੋਕ ਕਾਂਗਰਸ ਦੀ ਸੋਚ ਅਤੇ ਵਿਚਾਰਧਾਰਾ ਨਾਲ ਸਹਿਮਤੀ ਰੱਖਦੇ ਹਨ, ਉਹ ਇਸ ਯਾਤਰਾ ਨਾਲ ਜੁੜਨਾ ਚਾਹੁੰਦੇ ਹਨ।

ਇਹ ਪੁੱਛੇ ਜਾਣ ’ਤੇ ਕਿ ਕੀ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਵਿੱਚ ਵਾਪਸੀ ਲਈ ਸਿੱਧੇ ਜਾਂ ਅਸਿੱਧੇ ਤੌਰ ’ਤੇ ਸੰਪਰਕ ਕੀਤਾ ਹੈ ਤਾਂ ਵੇਣੂਗੋਪਾਲ ਨੇ ਕਿਹਾ ਕਿ ਆਜ਼ਾਦ ਨੇ ਇਸ ਸਬੰਧੀ ਗੱਲਬਾਤ ਤੋਂ ਖ਼ੁਦ ਮਨ੍ਹਾ ਕਰ ਦਿੱਤਾ ਹੈ। ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਦੇ ਜੰਮੂ ਕਸ਼ਮੀਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇਹ ਨੇਤਾ ਕਾਂਗਰਸ ਵਿੱਚ ਵਾਪਸ ਆਏ ਹਨ, ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਹੋਰ ਲੋਕ ਵੀ ਪਾਰਟੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਵਿੱਚ ਅੱਜ 19 ਨੇਤਾਵਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਸੀ, ਜਿਨ੍ਹਾਂ ਵਿੱਚੋਂ 17 ਹੀ ਦਿੱਲੀ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਜਲਦੀ ਹੋਰ ਨੇਤਾ ਵੀ ਪਾਰਟੀ ਵਿੱਚ ਸ਼ਾਮਲ ਹੋਣਗੇ।

ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਤੋਂ ਕਾਂਗਰਸ ਦੀ ਵਾਪਸੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਅਸੀਂ ਜਜ਼ਬਾਤੀ ਹੋ ਕੇ ਅਤੇ ਦੋਸਤੀ ਖਾਤਰ ਜਲਦਬਾਜ਼ੀ ਵਿੱਚ ਗਲਤ ਫ਼ੈਸਲਾ ਲਿਆ ਸੀ। ਕਾਂਗਰਸ ਛੱਡਣਾ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ। ਅਸੀਂ ਆਪਣੀ ਜ਼ਿੰਦਗੀ ਦੇ 50 ਵਰ੍ਹੇ ਕਾਂਗਰਸ ਵਿੱਚ ਬਿਤਾਉਣ ਮਗਰੋਂ ਡੀਏਪੀ ਵਿੱਚ ਸਹਿਜ ਮਹਿਸੂਸ ਨਹੀਂ ਕਰ ਰਹੇ ਸਾਂ। ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।’’ ਕਾਂਗਰਸ ਦੀ ਜੰਮੂ ਕਸ਼ਮੀਰ ਮਾਮਲਿਆਂ ਦੀ ਮੁਖੀ ਰਜਨੀ ਪਟੇਲ ਨੇ ਕਿਹਾ, ‘‘ਆਜ਼ਾਦ ਦੀ ਡੀਏਪੀ ਵਿੱਚ ਇੱਕ ਵੱਡਾ ਭੁਚਾਲ ਆਇਆ ਹੈ। ਸਵੇਰ ਦਾ ਭੁੱਲਿਆ ਜੇਕਰ ਸ਼ਾਮ ਤੱਕ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਇਨ੍ਹਾਂ ਆਗੂਆਂ ਦੀ ਵਾਪਸੀ ਨਾਲ ਜੰਮੂ ਕਸ਼ਮੀਰ ਵਿੱਚ ਵੱਡਾ ਬਦਲਾਅ ਆਵੇਗਾ।’’

ਅੱਜ ਇੱਥੇ ਡੀਏਪੀ ਦੇ ਅਹੁਦੇਦਾਰ ਰਹੇ ਠਾਕੁਰ ਬਲਵਾਨ ਸਿੰਘ, ਮੁਹੰਮਦ ਮੁਜ਼ੱਫਰ ਪਰੇ, ਮੋਹੇਂਦਰ ਭਾਰਦਵਾਜ, ਭੂਸ਼ਣ ਡੋਗਰਾ, ਵਿਨੋਦ ਸ਼ਰਮਾ, ਨਰੇਂਦਰ ਸ਼ਰਮਾ, ਨਰੇਸ਼ ਸ਼ਰਮਾ, ਅੰਬਰੀਸ਼ ਮਗੋਤਰਾ, ਸੁਭਾਸ਼ ਭਗਤ, ਸੰਤੋਸ਼ ਮਿਨਹਾਸ, ਬਦਰੀਨਾਥ ਸ਼ਰਮਾ, ਵਰੁਣ ਮੰਗੋਤਰਾ, ਅਨੁਰਾਧਾ ਸ਼ਰਮਾ, ਵਿਜੈ ਤਾਰਗੋਤਰਾ ਅਤੇ ਚੰਦਰਪ੍ਰਭਾ ਸ਼ਰਮਾ ਕਾਂਗਰਸ ਵਿੱਚ ਸ਼ਾਮਲ ਹੋਏ।