ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਨੂੰ ਸਿੱਖੀ ਮੁੱਖ ਧਾਰਾ ’ਚ ਲਿਆਉਣ ਦੀ ਲੋੜ

ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਨੂੰ ਸਿੱਖੀ ਮੁੱਖ ਧਾਰਾ ’ਚ ਲਿਆਉਣ ਦੀ ਲੋੜ


ਤਲਵਿੰਦਰ ਸਿੰਘ ਬੁੱਟਰ
‘ਗੁਰੂ ਨਾਨਕ ਨਾਮ ਲੇਵਾ’ ਸਮੂਹ ਭਾਈਚਾਰਿਆਂ ਨੇ ਪਿਛਲੇ 550 ਸਾਲਾਂ ’ਚ ਆਪਣੇ ਅਕੀਦੇ ਨੂੰ ਨਿਭਾਉਂਦਿਆਂ ਅਨੇਕਾਂ ਦੁਸ਼ਵਾਰੀਆਂ, ਸਮੱਸਿਆਵਾਂ ਅਤੇ ਔਕੜਾਂ ਦਾ ਸਿਦਕਦਿਲੀ ਨਾਲ ਸਾਹਮਣਾ ਵੀ ਕੀਤਾ ਪਰ ਇਹ ਸਿੱਖ ਪੰਥ ਦੀ ਮੁੱਖ ਧਾਰਾ ਤੋਂ ਅਣਗੌਲੇ ਹੀ ਰਹੇ ਹਨ। ਇਨ੍ਹਾਂ ਨੂੰ ਸਿੱਖ ਸਮਾਜ ਦਾ ਅੰਗ ਹੋਣ ਦਾ ਮਾਣ ਦਿਵਾਉਣ ਅਤੇ ਇਨ੍ਹਾਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਦੇ ਹੱਲ ਲਈ ਹੁਣ ਤੱਕ ਦੋ ਵਾਰ ਵਿਸ਼ਵ ਕਾਨਫ਼ਰੰਸਾਂ ਬੁਲਾ ਕੇ ਸਿਦਕੀ ਯਤਨ ਤਾਂ ਕੀਤੇ ਗਏ ਪਰ ਇਨ੍ਹਾਂ ਯਤਨਾਂ ਨੂੰ ਪੂਰੀ ਤਰ੍ਹਾਂ ਅਮਲੀ ਬੂਰ ਨਹੀਂ ਪੈ ਸਕਿਆ।
14-15 ਅਕਤੂਬਰ, 1934 ਨੂੰ ਲੁਧਿਆਣਾ ਜ਼ਿਲ੍ਹੇ ਦੇ ਭੈਣੀ ਵਿਖੇ ‘ਗੁਰੂ ਨਾਨਕ ਨਾਮ ਲੇਵਾ’ ਦੀ ਪਹਿਲੀ ਵਿਸ਼ਵ ਕਾਨਫ਼ਰੰਸ ਕਰਵਾਈ ਗਈ ਸੀ। ਇਸ ਕਾਨਫ਼ਰੰਸ ’ਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ. ਅਰਜਨ ਸਿੰਘ ਬਾਗੜੀਆਂ, ਭਾਈ ਕਾਨ੍ਹ ਸਿੰਘ ਨਾਭਾ, ਪਿ੍ਰੰ. ਤੇਜਾ ਸਿੰਘ, ਪਿ੍ਰੰ. ਗੰਗਾ ਸਿੰਘ, ਸ. ਸੁੰਦਰ ਸਿੰਘ ਮਜੀਠੀਆ, ਗਿਆਨੀ ਸ਼ੇਰ ਸਿੰਘ, ਭਾਈ ਜੋਧ ਸਿੰਘ, ਸ਼੍ਰੋਮਣੀ ਅਕਾਲੀ ਦਲ, ਚੀਫ਼ ਖ਼ਾਲਸਾ ਦੀਵਾਨ ਅਤੇ ਬੁੱਢਾ ਦਲ ਵਰਗੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ ਅਤੇ ਵੱਖ-ਵੱਖ ਹਿੱਸਿਆਂ ਤੋਂ ਆਏ ‘ਗੁਰੂ ਨਾਨਕ ਨਾਮ ਲੇਵਾ’ ਦੇ ਪ੍ਰਤੀਨਿਧਾਂ ਦੀ ਹਾਜ਼ਰੀ ’ਚ, ਆਪਸੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇਕ ਮਤਾ ਪਾਸ ਕੀਤਾ ਗਿਆ ਕਿ, ‘ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੀਆਂ ਸਭ ਸੰਪਰਦਾਵਾਂ ਆਪਣੇ ਅਸੂਲਾਂ ਦਾ ਪ੍ਰਚਾਰ ਕਰਦੇ ਸਮੇਂ ਇਕ ਦੂਜੇ ਦੇ ਸਿਧਾਂਤਾਂ ਨੂੰ ਖੰਡਨ ਕਰਨ ਦੀ ਪਰਪਾਟੀ ਬੰਦ ਕਰਨ।’ ਦੂਜੀ ਵਾਰ ਸਾਲ 2019 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੌਰਾਨ 10 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਗੁਰੂ ਨਾਨਕ ਨਾਮ ਲੇਵਾ’ ਦਾ ਇਕ ਸੰਮੇਲਨ ਬੁਲਾਇਆ ਗਿਆ। ਪਰ ਇਨ੍ਹਾਂ ਯਤਨਾਂ ਦੇ ਬਾਵਜੂਦ ਸਿੱਖ ਪੰਥ ਇਨ੍ਹਾਂ ਭਾਈਚਾਰਿਆਂ ਨਾਲ ਪੀਢੀ ਸਾਂਝ ਅਤੇ ਰਾਬਤਾ ਕਾਇਮ ਨਹੀਂ ਕਰ ਸਕਿਆ, ਜਿਸ ਕਾਰਨ ਅੱਜ ਲੱਖਾਂ ਵਣਜਾਰੇ, ਸਿਕਲੀਗਰ ਅਤੇ ਹੋਰ ‘ਗੁਰੂ ਨਾਨਕ ਨਾਮ ਲੇਵਾ’ ਸਿੱਖੀ ਮੂਲ ਧਾਰਾ ਤੋਂ ਅਛੋਪਲੇ ਦੂਰ ਜਾ ਰਹੇ ਹਨ।
‘ਗੁਰੂ ਨਾਨਕ ਨਾਮ ਲੇਵਾ’ ਭਾਈਚਾਰਿਆਂ ’ਚ ਪ੍ਰਮੁੱਖ ਕਬੀਲਾ ਵਣਜਾਰਿਆਂ ਦਾ ਹੈ, ਜੋ ਸਮੁੱਚੇ ਦੱਖਣੀ ਭਾਰਤ ਵਿਚ ਸਭ ਤੋਂ ਵੱਧ ਫੈਲਿਆ ਹੋਇਆ ਹੈ ਇਨ੍ਹਾਂ ਦੀ ਗਿਣਤੀ 5 ਕਰੋੜ ਦੇ ਲਗਪਗ ਮੰਨੀ ਜਾਂਦੀ ਹੈ। ਇਸ ਬਹਾਦਰ ਕਬੀਲੇ ਵਿਚੋਂ ਮੁਗ਼ਲਾਂ ਦੇ ਭੇਜੇ ਖੂਨੀ ਹਾਥੀਆਂ ਦੇ ਮੂੰਹ ਮੋੜਨ ਵਾਲੇ ਯੋਧੇ ਭਾਈ ਬਚਿੱਤਰ ਸਿੰਘ, ਦੇਗਾਂ ’ਚ ਉਬਾਲੇ ਜਾਣ ਵਾਲੇ ਭਾਈ ਦਿਆਲਾ, ਬੰਦ-ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ, ਪੁੱਠੀਆਂ ਖੱਲਾਂ ਲੁਹਾਉਣ ਵਾਲੇ ਭਾਈ ਜਗਤ ਸਿੰਘ ਵਰਗੇ ਸਿੱਖ ਸ਼ਹੀਦ ਹੋਏ ਹਨ। ਗੁਰੂ ਨਾਨਕ ਦੇ ਦਰ ਪ੍ਰਤੀ ਸਮਰਪਣ ਭਾਵਨਾ ਪ੍ਰਗਟ ਕਰਨ ਲਈ ਇਨ੍ਹਾਂ ਵਿਚ ਇਕ ਨਾਅਰਾ ਪ੍ਰਚੱਲਿਤ ਹੈ, ‘ਜਿਸ ਘਰ ਨਾਨਕ ਪੂਜਾ, ਤਿਸ ਘਰ ਦੇਉ ਨ ਦੂਜਾ’ ਇਨ੍ਹਾਂ ਵਿਚ ਭਾਈਚਾਰਕ ਅਸੂਲ ਵੇਖਣਯੋਗ ਹਨ। ਦੋ ਧੜਿਆਂ ਵਿਚ ਲੜਾਈ ਹੋ ਰਹੀ ਹੋਵੇ ਅਤੇ ਅਰਦਾਸੀਆ ਗੁਰੂ ਨਾਨਕ ਦੀ ਅਰਦਾਸ ਕਰ ਦੇਵੇ ਤਾਂ ਦੋਵੇਂ ਧੜੇ ਲੜਾਈ ਅੱਧਵਾਟੇ ਛੱਡ ਕੇ ਆਪੋ-ਆਪਣੇ ਘਰਾਂ ਨੂੰ ਤੁਰ ਜਾਂਦੇ ਹਨ ਮੁੰਡੇ ਦਾ ਵਿਆਹ ਪਗੜੀ ਵਿਚ ਗੁਰੂ ਨਾਨਕ ਦੇ ਨਾਮ ਦਾ ਰੁਪਈਆ ਬੰਨ੍ਹੇ ਬਗੈਰ ਨਹੀਂ ਕਰਦੇ ਵਿਆਂਹਦੜ ਕੁੜੀ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਚੂੜਾ ਪਹਿਨਦੀ ਹੈ ਇਹ ਬੜੇ ਮਾਣ ਨਾਲ ਕਹਿੰਦੇ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ ਸੀ, ਇਸ ਕਰਕੇ ਅੱਧੀ ਸਿੱਖੀ ਤਾਂ ਸਾਡੀ ਹੈ ਅੱਜ 90 ਫ਼ੀਸਦੀ ਵਣਜਾਰੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਜਿਊਂਦੇ ਹਨ।
ਸਿਕਲੀਗਰ ਸਿੱਖ ਸਿਰੜ ਅਤੇ ਸਿਦਕ ’ਚ ਸਭ ਤੋਂ ਅੱਗੇ ਹਨ। ਇਹ ਗੁਰੂ ਸਾਹਿਬਾਨ ਵੇਲੇ ਸਰਬਲੋਹ ਦੇ ਸ਼ਸਤਰ ਤਿਆਰ ਕਰਨ ਦੀ ਸੇਵਾ ਕਰਦੇ ਸਨ। ਪੰਜਾਬੋਂ ਬਾਹਰ ਸਿਕਲੀਗਰ ਵੱਡੀ ਗਿਣਤੀ ’ਚ ਮਹਾਰਾਸ਼ਟਰ, ਆਂਧਰਾ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ ਵਸਦੇ ਹਨ ਸ਼੍ਰੋਮਣੀ ਕਮੇਟੀ ਆਪਣੇ ਬਜਟ ’ਚ ਸਿਕਲੀਗਰ ਸਿੱਖਾਂ ਦੀ ਸਹਾਇਤਾ ਲਈ ਕਰੋੜਾਂ ਦੇ ਫੰਡ ਰੱਖਦੀ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਨੂੰ ਆਰਥਿਕ ਤੌਰ ’ਤੇ ਸਮਰੱਥ ਬਣਾਉਣ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ।
ਸਤਿਨਾਮੀਏ 2 ਕਰੋੜ ਦੀ ਵੱਡੀ ਗਿਣਤੀ ’ਚ ਛੱਤੀਸਗੜ੍ਹ, ਝਾਰਖੰਡ, ਬੰਗਾਲ ਆਦਿ ਸੂਬਿਆਂ ’ਚ ਰਹਿੰਦੇ ਹਨ। ਇਨ੍ਹਾਂ ਬਾਰੇ ਸਿੱਖ ਸਮਾਜ ਅਨਜਾਣ ਹੈ। ਜਦੋਂ ਔਰੰਗਜ਼ੇਬ ਨੇ ਗ਼ੈਰ ਮੁਸਲਮਾਨਾਂ ’ਤੇ ਜਜ਼ੀਆ ਲਾਉਣ ਅਤੇ ਮੰਦਰਾਂ ਨੂੰ ਢਾਹੁਣ ਦੇ ਫ਼ਰਮਾਨ ਜਾਰੀ ਕੀਤੇ ਸਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ਾਂ ’ਤੇ ਇਨ੍ਹਾਂ ਲੋਕਾਂ ਨੇ ਬਾਦਸ਼ਾਹ ਔਰੰਗਜ਼ੇਬ ਨਾਲ ਭਰਵੀਂ ਟੱਕਰ ਲਈ ਤੇ ਬਗ਼ਾਵਤ ਕਰਕੇ ਅਜੋਕੇ ਦੱਖਣੀ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਪੂਰੇ ਇਲਾਕੇ ’ਤੇ ਚੋਖਾ ਸਮਾਂ ਕਬਜ਼ਾ ਜਮਾਈ ਰੱਖਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਇਲਾਕੇ ਦੀ ਫੇਰੀ ਦੌਰਾਨ ‘ਸਤਿਨਾਮ’ ਦੇ ਹੋਕੇ ਨਾਲ ਜੁੜੇ ਇਹ ਲੋਕ ‘ਸਤਿਨਾਮੀਏ’ ਕਹਾਉਂਦੇ ਹਨ।
ਸਿੰਧੀਆਂ ਵਿਚ ਸਿੱਖੀ ਪ੍ਰਤੀ ਆਸਥਾ ਤੇ ਸੇਵਾ ਮਿਸਾਲੀ ਹੈ। ਸਿੱਖੀ ਸਰੂਪ ’ਚ ਪ੍ਰਪੱਕ ਨਾ ਹੋਣ ਦੇ ਬਾਵਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗ਼ੈਰ ਜੀਵਨ ਦੀ ਕੋਈ ਵੀ ਰਸਮ ਪੂਰੀ ਨਹੀਂ ਕਰਦੇ। ਅਫ਼ਗਾਨੀ ਸੰਗਤਾਂ ਦਾ ਸਿੱਖ ਧਰਮ ਨਾਲ ਮੁੱਢ ਤੋਂ ਡੂੰਘਾ ਰਿਸ਼ਤਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਅਫ਼ਗਾਨਿਸਤਾਨ ਦੀਆਂ ਸੰਗਤਾਂ ਸਿੱਖ ਧਰਮ ਨਾਲ ਜੁੜ ਗਈਆਂ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਫ਼ਗਾਨੀ ਸੰਗਤਾਂ ਦਾ ਸਿੱਖੀ ਪਿਆਰ ਤੇ ਭਾਵਨਾ ਨੂੰ ਕਬੂਲ ਕਰਦਿਆਂ ਇਕ ਹੁਕਮਨਾਮੇ ’ਚ ਇਉਂ ਵਰ ਦਿੱਤਾ ਸੀ, ‘ਕਾਬਲ ਕੀ ਸੰਗਤ ਕੋ ਗੁਰੂ ਰੱਖੇਗਾ।’ ਸੰਨ 1921 ’ਚ ਅਕਾਲੀ ਕੌਰ ਸਿੰਘ ਨੇ ਅਫ਼ਗਾਨਿਸਤਾਨ ਦੇ ਜਲਾਲਾਬਾਦ ਦੇ ਪਿੰਡ ਗੋਸ਼ਤੇ ’ਚ ਪਹਿਲਾ ਅੰਮਿ੍ਰਤ ਸੰਚਾਰ ਕਰਵਾਇਆ ਜੀ, ਜਿਸ ਦੌਰਾਨ 1200 ਅਫ਼ਗਾਨੀ ਸਿੱਖ, ਸਿੰਘ ਸਜੇ ਸਨ। ਇਸ ਵੇਲੇ 90 ਫ਼ੀਸਦੀ ਅਫ਼ਗਾਨੀ ਸਿੱਖ ਅੰਮਿ੍ਰਤਧਾਰੀ ਹਨ।
ਇਸੇ ਤਰ੍ਹਾਂ ਲਾਮੇ ਜੋ ਕਿ ਜ਼ਿਆਦਾਤਰ ਬੁੱਧ ਧਰਮ ਨੂੰ ਮੰਨਦੇ ਹਨ, ਪਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਅਥਾਹ ਸ਼ਰਧਾ ਰੱਖਦੇ ਹਨ। ਭਾਈ ਮਰਦਾਨੇ ਦੇ ਵੰਸ਼ਜ਼ ਮਰਦਾਨੇ-ਕੇ ਕਹਾਉਂਦੇ ਹਨ। ਬਾਕੀ ‘ਗੁਰੂ ਨਾਨਕ ਨਾਮ ਲੇਵਾ’ ਭਾਈਚਾਰਿਆਂ ਦੀਆਂ ਵੀ ਗੁਰੂ ਨਾਨਕ ਸਾਹਿਬ ਪ੍ਰਤੀ ਆਪਣੀਆਂ ਆਸਥਾਵਾਂ ਹਨ। ਸਿੱਖ ਪੰਥ ਦੀਆਂ ਸਮਰੱਥ ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ ਨੂੰ ‘ਗੁਰੂ ਨਾਨਕ ਨਾਮ ਲੇਵਾ’ ਭਾਈਚਾਰਿਆਂ ਦਾ ਆਰਥਿਕ ਅਤੇ ਧਾਰਮਿਕ ਜੀਵਨ ਉੱਚਾ ਚੁੱਕਣ, ਇਨ੍ਹਾਂ ਨੂੰ ਪੂਰਨ ਰੂਪ ’ਚ ਸਿੱਖ ਪੰਥ ਦਾ ਅੰਗ ਬਣਾਉਣ ਲਈ ਅਤੇ ਇਨ੍ਹਾਂ ਭਾਈਚਾਰਿਆਂ ਨਾਲ ਪੰਥਕ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਦਿਸ਼ਾ ਵਿਚ ਸ਼ਿੱਦਤ ਦੇ ਨਾਲ ਵੱਡੇ ਸਿਦਕੀ ਯਤਨ ਕਰਨ ਦੀ ਲੋੜ ਹੈ।