ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ’ਚ ਸੈਮੀਨਾਰ

ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ’ਚ ਸੈਮੀਨਾਰ

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਦਿੱਲੀ ਯੂਨੀਵਰਸਿਟੀ ਨਾਲ ਜੁੜੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿੱਚ ‘ਪਹਿਲਾ ਮਰਣੁ ਕਬੂਲਿ’ ਸੈਮੀਨਾਰ ਕਰਵਾਇਆ ਗਿਆ। ਮੁੱਖ ਬੁਲਾਰਾ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਤੋਂ ਸ਼ੁਰੂ ਹੋਏ ਸਿੱਖ ਫਲਸਫ਼ੇ ਵਿੱਚ ਪਹਿਲਾ ਮਰਣੁ ਕਬੂਲਿ ਨੂੰ ਉਭਾਰਿਆ ਗਿਆ ਕਿ ਸਿੱਖ ਬਣਨ ਤੋਂ ਪਹਿਲਾਂ ਹੰਕਾਰ, ਨਿੱਜ ਤੇ ਵਿਕਾਰਾਂ ਨੂੰ ਤਿਆਗਣਾ ਹੈ। ਉਨ੍ਹਾਂ ਸਿੱਖ ਨੌਜਵਾਨਾਂ ਵਿੱਚ ਪਤਿਤਪੁਣਾ, ਪੰਜਾਬ ਵਿੱਚ ਵੱਡੀ ਪੱਧਰ ’ਤੇ ਹੋ ਰਹੀ ਭਰੂਣ ਹੱਤਿਆ ’ਤੇ ਡੂੰਘੀ ਚਿੰਤਾ ਕਰਦੇ ਹੋਏ ਮੌਜੂਦਾ ਸਿੱਖ ਬੁੱਧੀਜੀਵੀਆਂ ਨੂੰ ਹਲੂਣਾ ਦਿੱਤਾ ਕਿ ਇਨ੍ਹਾਂ ਮੁੱਦਿਆਂ ਨੂੰ ਸਿਰਫ਼ ਆਪਣੇ ਤੱਕ ਸੀਮਿਤ ਨਾ ਰੱਖੋ ਸਗੋਂ ਹਰ ਪਾਸੇ ਜ਼ਿਕਰ ਕੀਤਾ ਜਾਵੇ। ਉਨ੍ਹਾਂ ਸਿੱਖੀ ਦੇ ਹੋਰ ਵਰਗਾਂ ਤੱਕ ਪਹੁੰਚਾਉਣ ਦੀ ਤਵੱਕੋਂ ਵੀ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਏਸ਼ੀਆ ਖ਼ਾਸ ਕਰ ਕੇ ਪੰਜਾਬ ਵਿੱਚ ਤਬਦੀਲ ਹੋ ਰਹੀਆਂ ਭੂਗੋਲਿਕ ਪ੍ਰਸਿਥਤੀਆਂ ਬਾਰੇ ਖੋਜ ਕੀਤੀ ਜਾ ਰਹੀ ਹੈ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਕਿਉਂ ਪੰਜਾਬ ਵਿੱਚ ਪ੍ਰਵਾਸ ਹੋ ਰਿਹਾ ਹੈ ਜਦੋਂ ਕਿ ਉਕਤ ਦੋਨਾਂ ਸੂਬਿਆਂ ਵਿੱਚ ਕੋਈ ਮਾੜਾ ਨਹੀਂ ਵਾਪਰਿਆ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਨਵੀਂ ਪਨੀਰੀ ਵੱਲੋਂ ਅਣਗੌਲੇ ਜਾਣ ਦੀ ਉਦਹਾਰਣ ਦਿੱਤੀ ਕਿ 121 ਸਕੂਲਾਂ ਵਿੱਚ ਬੀਤੇ ਸਾਲਾਂ ਦੌਰਾਨ ਇੱਕ ਵੀ ਪੰਜਾਬੀ ਦੀ ਕਿਤਾਬ ਵਿਦਿਆਰਥੀ ਨੇ ਲਾਇਬ੍ਰੇਰੀ ਵਿੱਚੋਂ ਜਾਰੀ ਨਹੀਂ ਕਰਵਾਈ।