ਗੁਰੂ ਕਾ ਬਾਗ਼ ਦਾ ਮੋਰਚਾ

ਗੁਰੂ ਕਾ ਬਾਗ਼ ਦਾ ਮੋਰਚਾ

ਸੁਖਵਿੰਦਰ ਸਿੰਘ ਮੁੱਲਾਂਪੁਰ

ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਗੁਰਦੁਆਰਿਆਂ ’ਚ ਬੈਠੇ ਮਹੰਤਾਂ ਵੱਲੋਂ ਗੁਰਦੁਆਰਿਆਂ ’ਚ ਦਿਨੋਂ-ਦਿਨ ਵੱਧ ਰਹੀਆਂ ਬੇਅਦਬੀਆਂ ਨੂੰ ਸਿੱਖ ਕਿੰਨਾ ਕੁ ਚਿਰ ਸਹਿਣ ਕਰ ਸਕਦੇ ਸਨ। ਅਖ਼ੀਰ ਉਨ੍ਹਾਂ ਮਹੰਤਾਂ ਕੋਲੋਂ ਗੁਰਦੁੁਆਰੇ ਆਜ਼ਾਦ ਕਰਵਾਉਣ ਦੀ ਮੁਹਿੰਮ ਵਿੱਢ ਲਈ। ਸਭ ਤੋਂ ਪਹਿਲਾਂ ਇਨ੍ਹਾਂ ਮਸੰਦਾਂ ਪੁਜਾਰੀਆਂ ਦੀ ਗੱਲ ਕਰਨ ਵੇਲੇ ਇਨ੍ਹਾਂ ਦੇ ਪਿਛੋਕੜ ਵੱਲ ਝਾਤ ਮਾਰਨੀ ਜ਼ਰੂਰੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਰਾਜ ’ਤੇ ਡੋਗਰੇ ਹਾਵੀ ਹੋਏ ਤਾਂ ਉਨ੍ਹਾਂ ਦੀ ਸੋਚ ਸੀ ਕਿ ਹੌਲੀ-ਹੌਲੀ ਮਹਾਰਾਜਾ ਦੇ ਪੁੱਤਰਾਂ ਨੂੰ ਖ਼ਤਮ ਕਰ ਕੇ ਆਪਣੇ ਪੁੱਤਰਾਂ ਨੂੰ ਤਖ਼ਤ ’ਤੇ ਬਿਠਾਇਆ ਜਾਵੇ। ਉਨ੍ਹਾਂ ਨੇ ਇਹ ਸੋਚ ਇੱਥੇ ਹੀ ਖ਼ਤਮ ਨਹੀਂ ਕੀਤੀ। ਧਾਰਮਿਕ ਅਸਥਾਨਾਂ ਦਾ ਪ੍ਰਬੰਧ ਚਲਾਉਣ ਲਈ ਗੁਰਦੁਆਰਿਆਂ ਵਿੱਚ ਜੰਮੂ ਦੇ ਡੋਗਰੇ ਲਿਆ ਕੇ ਬਿਠਾ ਦਿੱਤੇ।

ਉਨ੍ਹਾਂ ਨੂੰ ਸਿੱਖੀ ਨਾਲ ਕੋਈ ਪਿਆਰ ਨਹੀਂ ਸੀ। ਉਹ ਗੁਰਦੁਆਰਿਆਂ ’ਚ ਭੇਖਧਾਰੀ ਸਿੱਖ ਬਣ ਕੇ ਕਾਬਜ਼ ਹੋ ਗਏ। ਇਨ੍ਹਾਂ ਨੂੰ ਹੀ ਮਸੰਦਾਂ ਦਾ ਨਾਮ ਦਿੱਤਾ ਗਿਆ। ਇਹ ਗੁਰਦੁਆਰਿਆਂ ਦੀ ਮਾਣ ਮਰਿਯਾਦਾ ਦਾ ਖਿਆਲ ਨਹੀਂ ਰੱਖਦੇ ਸਨ। ਜਦੋਂ ਅੰਗਰੇਜ਼ੀ ਰਾਜ ਸ਼ੁਰੂ ਹੋਇਆ ਤਾਂ ਅੰਗਰੇਜ਼ਾਂ ਨੇ ਸਿੱਖਾਂ ਦੇ ਉਲਟ ਮਹੰਤਾਂ ਦੀ ਪਿੱਠ ਠੋਕਣੀ ਸ਼ੁਰੂ ਕਰ ਦਿੱਤੀ।

ਸਿੱਖ ਕੌਮ ਨੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਗੁਰਦਾਆਰਾ ਸੁਧਾਰ ਲਹਿਰ ਚਲਾਈ। ਸਿੱਖਾਂ ਦਾ ਰੌਂਅ ਵੇਖ ਕੇ ਧਰਮ ਦੇ ਮਸਲੇ ਵਿਚ ਸਰਕਾਰ ਵੀ ਢਿੱਲੀ ਪੈਣੀ ਸ਼ੁਰੂ ਹੋ ਗਈ। ਧਾਰਮਿਕ ਅਸਥਾਨਾਂ ਦੇ ਕਬਜ਼ੇ ਲੈਣ ਖ਼ਾਤਰ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ ਅਤੇ ਜੇਲ੍ਹਾਂ ਕੱਟਣੀਆਂ ਪਈਆਂ।

ਸਿੱਖਾਂ ਨੂੰ ਗੁਰੂ ਕੇ ਬਾਗ਼ ਦੇ ਗੁਰਦੁਆਰੇ ਦੀ ਗੁਰੂ ਮਰਿਯਾਦਾ ਕਾਇਮ ਰੱਖਣ ਖ਼ਾਤਰ ਮੋਰਚਾ ਲਾਉਣਾ ਪਿਆ। ਇਹ ਮੋਰਚਾ ਵੀ ਗੁਰਦੁਆਰਾ ਸੁਧਾਰ ਲਹਿਰ ਦਾ ਹੀ ਹਿੱਸਾ ਸੀ। ਸਿੱਖਾਂ ਨੇ ਪਹਿਲਾਂ ਤਰਨ ਤਾਰਨ, ਨਨਕਾਣਾ ਸਾਹਿਬ ਦਾ ਮੋਰਚਾ ਅਤੇ ਚਾਬੀਆਂ ਦਾ ਮੋਰਚਾ ਫ਼ਤਹਿ ਕਰ ਲਏ ਸਨ। ਹੁਣ ਗੁਰੂ ਕੇ ਬਾਗ਼ ’ਤੇ ਜਿੱਤ ਹਾਸਲ ਕਰਨਾ ਚਾਹੁੰਦੇ ਸਨ।

ਅੰਮ੍ਰਿਤਸਰ ਤੋਂ ਵੀਹ ਕਿਲੋਮੀਟਰ ਦੀ ਦੂਰੀ ’ਤੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕਾ ਬਾਗ਼ ਘੁੱਕੇਵਾਲੀ ਵਿੱਚ ਸਥਿਤ ਹੈ। ਇਸ ਗੁਰਦਆਰੇ ਕੋਲ ਕਾਫੀ ਜ਼ਮੀਨ ਹੈ, ਜੋ ‘ਗੁਰੂ ਕਾ ਬਾਗ਼’ ਅਖਵਾਉਂਦੀ ਹੈ। ਗੁਰੂ ਕਾ ਬਾਗ਼ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਦੇ ਕਬਜ਼ੇ ਵਿਚ ਸੀ, ਜਿਸ ਨੇ ਉੱਥੇ ਬਿਨਾਂ ਵਿਆਹ ਤੋਂ ਇਕ ਔਰਤ ਰੱਖੀ ਹੋਈ ਸੀ ਅਤੇ ਗੁਰਦੁਆਰੇ ਦੀ ਮਰਿਯਾਦਾ ਨੂੰ ਵੀ ਸਹੀ ਢੰਗ ਨਾਲ ਨਹੀ ਨਿਭਾਅ ਰਿਹਾ ਸੀ। ਇਹ ਸਭ ਕੁਝ ਇਲਾਕੇ ਦੀ ਸੰਗਤ ਨੂੰ ਮਨਜ਼ੂਰ ਨਹੀਂ ਸੀ। ਇਹ ਗੱਲ ਉਨ੍ਹਾਂ ਸ਼੍ਰੋਮਣੀ ਕਮੇਟੀ ਕੋਲ ਕੀਤੀ। ਸ਼੍ਰੋਮਣੀ ਕਮੇਟੀ ਨੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਦੀ ਡਿਊਟੀ ਦਾਨ ਸਿੰਘ ਵਿਛੋਆ ਦੀ ਲਾ ਦਿੱਤੀ। ਦਾਨ ਸਿੰਘ ਵਿਛੋਆ ਦੇ ਕਹਿਣ ’ਤੇ ਮਹੰਤ ਸੁੰਦਰ ਦਾਸ ਨੇ ਈਸਰੀ ਨਾਮ ਦੀ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਅਕਾਲ ਤਖ਼ਤ ਸਾਹਿਬ ਤੋ ਅੰਮ੍ਰਿਤ ਛੱਕ ਕੇ ਗੁਰਦੁਆਰੇ ਦੀ ਮਰਿਯਾਦਾ ਨੂੰ ਠੀਕ ਢੰਗ ਨਾਲ ਚਲਾਉਣ ਲੱਗ ਪਿਆ।

21 ਫ਼ਰਵਰੀ 1921 ਨੂੰ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਕੇ ਨਨਕਾਣਾ ਸਾਹਿਬ ਦਾ ਕਬਜ਼ਾ ਲੈ ਲਿਆ ਸੀ। ਮਹੰਤ ਸੁੰਦਰ ਦਾਸ ਨੂੰ ਵੀ ਆਪਣਾ ਫਿਕਰ ਪੈ ਗਿਆ। ਉਸ ਨੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ। ਮਹੰਤ ਸੁੰਦਰ ਦਾਸ ਨੂੰ ਕਮੇਟੀ ਨੇ 120 ਰੁਪਏ ਮਹੀਨਾ ਦੇਣਾ ਮੰਨ ਲਿਆ ਅਤੇ ਅੰਮ੍ਰਿਤਸਰ ਵਿੱਚ ਰਹਿਣ ਵਾਸਤੇ ਇਕ ਮਕਾਨ ਮੁੱਲ ਲੈ ਕੇ ਦੇ ਦਿੱਤਾ। ਗੁਰਦੁਆਰੇ ਦਾ ਪ੍ਰਬੰਧ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਪਰ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਮਹੰਤ ਨੇ ਫਿਰ ਗੁਰਦੁਆਰੇ ਦਾ ਪ੍ਰਬੰਧ ਆਪਣੇ ਕਬਜ਼ੇ ਵਿੱਚ ਲੈਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ।

8 ਅਗਸਤ 1922 ਨੂੰ ਪੰਜ ਸਿੰਘਾਂ ਦਾ ਜਥਾ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਗੁਰੂ ਕੇ ਬਾਗ਼ ਚਲਾ ਗਿਆ। ਮਹੰਤ ਸੁੰਦਰ ਦਾਸ ਨੇ ਇਹ ਖ਼ਬਰ ਪੁਲੀਸ ਨੂੰ ਕਰ ਦਿੱਤੀ। ਉਨ੍ਹਾਂ 9 ਅਗਸਤ ਨੂੰ ਪੰਜੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। 10 ਅਗਸਤ ਨੂੰ ਸਿੰਘਾਂ ਨੂੰ ਛੇ-ਛੇ ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਸੁਣਾ ਦਿੱਤਾ ਗਿਆ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਡੰਟ ਨੇ ਸਰਕਾਰੀ ਹਦਾਇਤਾਂ ਅਨੁਸਾਰ 22 ਅਗਸਤ ਤੋਂ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। 25 ਅਗਸਤ ਤੋਂ ਸਿੱਖਾਂ ’ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਗਿਆ।

26 ਅਗਸਤ 1922 ਨੂੰ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਕਰ ਰਹੇ ਅੰਤ੍ਰਿੰਗ ਕਮੇਟੀ ਦੇ ਆਗੂ ਭਗਤ ਜਸਵੰਤ ਸਿੰਘ, ਮਹਿਤਾਬ ਸਿੰਘ, ਪ੍ਰੋ. ਸਾਹਿਬ ਸਿੰਘ, ਸਰਮੁੱਖ ਸਿੰਘ ਝਬਾਲ, ਬਾਬਾ ਕੇਹਰ ਸਿੰਘ ਪੱਟੀ, ਮਾਸਟਰ ਤਾਰਾ ਸਿੰਘ ਅਤੇ ਰਵੇਲ ਸਿੰਘ ਨੂੰ ਡੀਸੀ ਨੇ ਵਾਰੰਟ ਜਾਰੀ ਕਰ ਕੇ ਸਾਰੇ ਗ੍ਰਿਫ਼ਤਾਰ ਕਰ ਲਏ। ਸਰਕਾਰ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਵੇਲੇ ਸਿੱਖਾਂ ਦੇ ਦਲੇਰੀ ਭਰੇ ਕਾਰਨਾਮੇ ਦੇਖ ਚੁੱਕੀ ਸੀ। ਹੁਣ ਉਹ ਸਿੱਖਾਂ ਦੀ ਲਹਿਰ ਨੂੰ ਸਖਤੀ ਨਾਲ ਦਬਾ ਦੇਣਾ ਚਾਹੁੰਦੀ ਸੀ ਪਰ ਸਰਕਾਰ ਦੀ ਸਖ਼ਤੀ ਦਾ ਸਿੱਖਾਂ ’ਤੇ ਕੋਈ ਅਸਰ ਨਾ ਪਿਆ। 30 ਅਗਸਤ ਨੂੰ 60 ਕੁ ਸਿੰੰਘਾਂ ਦਾ ਜਥਾ ਗੁਰੂ ਕੇ ਬਾਗ਼ ਵੱਲ ਰਵਾਨਾ ਹੋਇਆ। ਜਥੇ ਨੂੰ ਰਾਤ ਰਸਤੇ ’ਚ ਹੀ ਕੱਟਣੀ ਪਈ। ਪੁਲੀਸ ਨੇ ਸੁੱਤੇ ਪਏ ਜਥੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

31 ਅਗਸਤ ਤੋਂ ਹਰ ਰੋਜ਼ ਸੌ ਮੈਂਬਰਾਂ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਤੁਰਦਾ। ਜਥੇ ਨੂੰ ਤੁਰਨ ਵੇਲੇ ਇਹ ਸਿੱਖਿਆ ਦਿੱਤੀ ਜਾਂਦੀ ਕਿ ਉਹ ਅੰਗਰੇਜ਼ ਸਰਕਾਰ ਵੱਲੋਂ ਕੀਤੇ ਤਸ਼ੱਦਦ ਸਮੇਂ ਪੂਰਨ ਸ਼ਾਂਤਮਈ ਰਹਿਣਗੇ। ਜਥੇ ਵਿੱਚ ਸ਼ਾਮਲ ਸਿੰਘਾਂ ਨੂੰ ਰਸਤੇ ’ਚ ਹੀ ਪੁਲੀਸ ਵਲੋਂ ਕੁੱਟਮਾਰ ਕੀਤੀ ਜਾਂਦੀ। ਇੰਡੀਅਨ ਨੈਸ਼ਨਲ ਕਾਂਗਰਸ ਨੇ ਪੜਤਾਲ ਕਰਨ ਵਾਸਤੇ ਕਮੇਟੀ ਨਿਯੁਕਤ ਕੀਤੀ, ਜਿਸ ਨੇ ਅਕਾਲੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਸਰਕਾਰ ਦਾ ਵਹਿਸ਼ੀਆਨਾ ਜ਼ੁਲਮ ਸਹਿਣ ਕਰਨ ਦੀ ਸ਼ਲਾਘਾ ਕੀਤੀ ਅਤੇ ਪੁਲੀਸ ਨੂੰ ਦੋਸ਼ੀ ਠਹਿਰਾਇਆ। ਸਿੱਖਾਂ ਨਾਲ ਹਮਦਰਦੀ ਦੇ ਤੌਰ ’ਤੇ ਵੱਖ-ਵੱਖ ਧਰਮਾਂ ਦੇ ਲੋਕ ਵੱਡੀ ਗਿਣਤੀ ਵਿੱਚ ਗੁਰੂ ਕਾ ਬਾਗ਼ ਪਹੁੰਚਣ ਲੱਗੇ।

ਜਦੋਂ ਪਾਦਰੀ ਸੀਐੱਫ ਐਡਰੀਊਜ਼ ਨੇ ਜਾ ਕੇ ਵਰ੍ਹ ਰਹੀਆਂ ਡਾਂਗਾਂ ਨਾਲ ਤਸੀਹੇ ਝੱਲਦੇ ਸਿੱਖਾਂ ਨੂੰ ਦੇਖਿਆ ਤਾਂ ਉਹ ਬਹੁਤ ਦੁਖੀ ਹੋਇਆ। ਉਸ ਨੇ ਲੈਫਟੀਨੈਂਟ ਗਵਰਨਰ ਨੂੰ ਪੁਲੀਸ ਦੀ ਵਹਿਸ਼ੀਆਨਾ ਕਾਰਵਾਈ ਤੋਂ ਜਾਣੂ ਕਰਵਾਇਆ ਤੇ ਉਸ ਨੂੰ ਆਪ ਜਾ ਕੇ ਮੌਕਾ ਵੇਖਣ ਲਈ ਕਿਹਾ। ਸਰ ਐਡਵਰਡ ਮੈਕਲਾਗਨ 13 ਸਤੰਬਰ ਨੂੰ ਗੁਰੂ ਕਾ ਬਾਗ਼ ਪਹੁੰਚਿਆ ਤੇ ਡਾਂਗਾਂ ਨਾਲ ਹੁੰਦੀ ਮਾਰ ਕੁੱਟ ਬੰਦ ਕਰਵਾਈ ਪਰ ਗ੍ਰਿਫ਼ਤਾਰੀਆਂ ਉਸੇ ਤਰ੍ਹਾਂ ਹੀ ਚੱਲਦੀਆਂ ਰਹੀਆਂ।

ਸਰਕਾਰ ਨੇ ਸਰ ਗੰਗਾ ਰਾਮ ਨੂੰ ਵਿਚੋਲਾ ਬਣਾ ਕੇ ਗੁਰੂ ਕਾ ਬਾਗ਼ ਦੀ ਜ਼ਮੀਨ ਮਹੰਤ ਕੋਲੋਂ ਲੈ ਕੇ ਪਟੇ ’ਤੇ ਦੇ ਦਿੱਤੀ। ਸਰਕਾਰ ਨੇ ਪੁਲੀਸ ਉੱਥੋਂ ਹਟਾ ਲਈ। ਸ਼੍ਰੋਮਣੀ ਕਮੇਟੀ ਨੂੰ ਗੁਰੂ ਕਾ ਬਾਗ਼ ਦੀ ਸਾਰੀ ਜਾਇਦਾਦ ਦਾ ਕਬਜ਼ਾ ਦੇ ਕੇ ਮਾਲਕ ਬਣਾ ਦਿੱਤਾ ਗਿਆ। ਇਸ ਦੇ ਨਾਲ ਹੀ 17 ਨਵੰਬਰ 1922 ਨੂੰ ਗ੍ਰਿਫ਼ਤਾਰੀਆਂ ਬੰਦ ਹੋ ਗਈਆਂ। 14 ਮਾਰਚ 1923 ਨੂੰ ਸਿੱਖ ਆਗੂ ਰਿਹਾਅ ਕਰ ਦਿੱਤੇ ਗਏ। ਇਸ ਤਰ੍ਹਾਂ ਸਿੱਖਾਂ ਨੇ ਮੋਰਚਾ ਫ਼ਤਿਹ ਕਰ ਲਿਆ। ਇਸ ਜਿੱਤ ਨਾਲ ਆਜ਼ਾਦੀ ਦਾ ਰਾਹ ਹੋਰ ਪੱਧਰਾ ਹੋ ਗਿਆ। ਇਸ ਮੋਰਚੇ ’ਚ ਲਗਪਗ 839 ਸਿੱਖ ਜ਼ਖਮੀ ਹੋਏ ਅਚੇ 5,605 ਸਿੱਖਾਂ ਨੇ ਗ੍ਰਿਫ਼ਤਾਰ ਦਿੱਤੀ।