ਗੁਰੂਮਿਲਾਪ ਸੰਸਥਾ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਸਾਲਾਨਾ ਸਮਾਗਮ

ਗੁਰੂਮਿਲਾਪ ਸੰਸਥਾ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਸਾਲਾਨਾ ਸਮਾਗਮ

ਫਰਿਜ਼ਨੋ/ਕੈਲੀਫੋਰਨੀਆ : ਸਥਾਨਕ ਗੁਰੂਮਿਲਾਪ ਸੰਸਥਾ ਜਿਹੜੀ ਕਿ ਸਿੱਖੀ ਸਿੱਖਿਆ ਗੁਰ ਵਿਚਾਰ ਦੇ ਸਲੋਗਨ ਹੇਠ ਰਾਜਸਥਾਨ ਦੇ ਅਲਵਰ ਵਿਖੇ ਗਰੀਬ ਸਾਬਤ ਸੂਰਤ ਸਿੱਖ ਬੱਚਿਆਂ ਲਈ ਸਕੂਲ ਚਲਾ ਕੇ ਬਿਲਕੁਲ ਮੁਫ਼ਤ ਵਿੱਦਿਆ ਮੁਹੱਈਆ ਕਰਵਾ ਰਹੀ ਹੈ, ਵੱਲੋਂ ਵਿੱਦਿਆ ਦਾ ਚਾਨਣ ਵੰਡਣ ਤੇ ਸੰਗਤ ਨੂੰ ਸੰਸਥਾ ਦੇ ਕੰਮਾਂ ਤੋਂ ਜਾਣੂ ਕਰਵਾਉਣ ਲਈ ਸਾਲਾਨਾ ਕੀਰਤਨ ਦਰਬਾਰ ਗੁਰਦੁਆਰਾ ਸਿੰਘ ਸਭਾ ਵਿਖੇ 9 ਜੁਲਾਈ ਨੂੰ ਕਰਵਾਇਆ ਗਿਆ, ਜਿੱਥੇ ਸੰਸਥਾ ਦੇ ਮੋਢੀ ਜਗਦੀਸ਼ ਸਿੰਘ ਨੇ ਦੱਸਿਆ ਕਿ ਜੇਕਰ ਸੰਗਤ ‘ਚੋਂ ਕੋਈ ਬੱਚਾ ਗੋਦ ਲੈ ਕੇ ਪੜ੍ਹਾਉਣਾ ਚਾਹੇ ਤਾਂ ਮਹੀਨੇ ਦੀ ਫੀਸ 20 ਡਾਲਰ ਦੇ ਕੇ ਸੇਵਾ ਲੈ ਸਕਦਾ ਹੈ, ਜੇਕਰ ਇੰਡੀਆ ਤੋਂ ਕਿਸੇ ਨੇ ਸੇਵਾ ਲੈਣੀ ਹੋਵੇ ਤਾਂ 1600 ਰੁਪਏ ਪ੍ਰਤੀ ਮਹੀਨਾ ਆਪਣੇ ਦਸਵੰਧ ‘ਚੋਂ ਕੱਢ ਕੇ ਲੈ ਸਕਦਾ ਹੈ। ਇਸੇ ਤਰੀਕੇ ਅਲਵਰ ਦੇ ਸਕੂਲ ਵਿੱਚ 300 ਤੋਂ ਵੱਧ ਬੱਚੇ ਪੜ੍ਹਦੇ ਹਨ ਤੇ 25 ਤੋਂ ਜ਼ਿਆਦਾ ਸਟਾਫ ਦੇ ਮੈਂਬਰ ਹਨ। ਇੱਥੇ ਬੱਚਿਆਂ ਲਈ ਲੰਚ ਦਾ ਵੀ ਮੁਫ਼ਤ ਪ੍ਰਬੰਧ ਹੈ, ਜੇਕਰ ਲੰਚ ਦੀ ਸੇਵਾ ਲੈਣੀ ਹੋਵੇ ਤਾਂ ਮਹੀਨੇ ਦੀ ਸੇਵਾ ਤਕਰੀਬਨ 1300 ਡਾਲਰ ਦੇ ਕੇ ਲੈ ਸਕਦਾ ਹੈ।
ਇਸ ਮੌਕੇ ਜਿੱਥੇ ਗੁਰੂ ਘਰ ਦੇ ਕੀਰਤਨੀਏ ਭਾਈ ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਕੀਤਾ, ਉਥੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਭਾਈ ਗੁਰਪ੍ਰੀਤ ਸਿੰਘ ਮਾਨ ਅਤੇ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਕਰਨਾਲ ਨੇ ਵੀ ਸੰਗਤਾਂ ਨੂੰ ਗੁਰੂਮਿਲਾਪ ਸੰਸਥਾ ਦੀਆਂ ਪ੍ਰਾਪਤੀਆਂ ਤੋਂ ਸੰਗਤ ਨੂੰ ਜਾਣੂ ਕਰਵਾਇਆ। ਪੀਸੀਏ ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਵੀ ਆਪਣੇ ਤਜਰਬੇ ‘ਚੋਂ ਗੁਰਮਿਲਾਪ ਸੰਸਥਾ ਦੇ ਸਬੰਧ ਵਿੱਚ ਆਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਪ੍ਰੇਮੀ, ਬੀਬੀ ਕੁਲਵੰਤ ਕੌਰ, ਬੀਬੀ ਕਮਲਪ੍ਰੀਤ ਕੌਰ, ਭਾਈ ਹਰਵਿੰਦਰ ਸਿੰਘ ਆਦਿ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਪੰਥ ਦੇ ਮਹਾਨ ਕੀਰਤਨੀਏ ਭਾਈ ਓਂਕਾਰ ਸਿੰਘ ਨੇ ਗੁਰਬਾਣੀ ਦਾ ਕੀਰਤਨ ਕਰਕੇ ਸਪੈਸ਼ਲ ਹਾਜ਼ਰੀ ਭਰੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਸੰਗਤਾਂ ਨੇ ਗੁਰੂਮਿਲਾਪ ਸੰਸਥਾ ਨੂੰ ਮਦਦ ਦਾ ਭਰੋਸਾ ਦਿੱਤਾ।