ਗੁਰੁ ਨਾਨਕੁ ਜਿਨ ਸੁਣਿਆ ਪੇਖਿਆ

ਗੁਰੁ ਨਾਨਕੁ ਜਿਨ ਸੁਣਿਆ ਪੇਖਿਆ

ਸਿੱਖ ਧਰਮ ਬਾਕੀ ਧਰਮਾਂ ਨਾਲੋਂ ਛੋਟੀ ਉਮਰ ਦਾ ਹੋਣ ਕਰਕੇ ਆਧੁਨਿਕਤਾ ਦੇ ਵਧੀਕ ਨੇੜੇ ਹੈ। ਇਸ ਧਰਮ ਨੂੰ ਵਿਗਿਆਨਕ ਧਰਮ ਵੀ ਕਿਹਾ ਜਾਂਦਾ ਹੈ। ਇਸ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਵਿਗਿਆਨਕ ਵਿਚਾਰਧਾਰਾ ਪ੍ਰਦਾਨ ਕੀਤੀ ਹੈ। ਮਨੁੱਖਤਾ ਦੀ ਕਦਰਦਾਨ ਅਤੇ ਸਰਬੱਤ ਦੇ ਭਲੇ ਦੀ ਹਾਮੀ ਹੋਣ ਕਰਕੇ ਇਸ ਵਿਚਾਰਧਾਰਾ ਦਾ ਬੋਲਬਾਲਾ ਸਿਰਫ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਹੀ ਹੈ।
ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ 15 ਅਪ੍ਰੈਲ 1469 ਈ: ਨੂੰ ਅਜੋਕੇ ਪਾਕਿਸਤਾਨ ਦੇ ਜ਼ਿਲਾ ਸੇਖੂਪੁਰੇ ਦੇ ਪਿੰਡ ਤਲਵੰਡੀ ਵਿਖੇ ਬਾਬਾ ਕਲਿਆਣ ਦਾਸ ਉਰਫ ਮਹਿਤਾ ਕਾਲੂ (ਪਟਵਾਰੀ) ਅਤੇ ਮਾਤਾ ਤਿ੍ਰਪਤਾ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਇਹ ਮਾਣਮੱਤਾ ਪਿੰਡ ਜਿਸ ਨੂੰ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ। ਲਾਹੌਰ ਦੀ ਦੱਖਣ ਪੱਛਮੀ ਬਾਹੀ ਵਿੱਚ ਲਗਪਗ 42 ਮੀਲ ਦੀ ਦੂਰੀ ’ਤੇ ਸਥਿਤ ਹੈ।
ਜਿਸ ਕਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਉਹ ਕਾਲ ਦੁਨੀਆਂ ਦੇ ਧਾਰਮਿਕ ਇਤਿਹਾਸ ਵਿੱਚ ਬਹੁਤ ਅਹਿਮਤਰੀਨ ਕਾਲ ਹੈ। ਇਹ ਸਮਾਂ ਜਿਥੇ ਕਲਾ, ਸਾਹਿਤ ਅਤੇ ਗਿਆਨ ਦੀ ਮੁੜ ਉਸਾਰੀ ਦਾ ਸਮਾਂ ਸੀ, ਉਥੇ ਖੋਜ ਅਤੇ ਲੱਭਤ ਦਾ ਸਮਾਂ ਵੀ ਸੀ।
ਦੁਨਿਆਵੀਂ ਸਿੱਖਿਆ ਹਾਸਲ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੂੰ 7 ਸਾਲ ਦੀ ਉਮਰ ਵਿੱਚ ਗੋਪਾਲ ਪੰਡਿਤ ਪਾਸੋਂ ਹਿੰਦੀ ਅਤੇ ਬਿਰਜ ਲਾਲ ਪਾਸੋਂ ਸੰਸਕਿ੍ਰਤ ਪੜ੍ਹਨ ਹਿੱਤ ਭੇਜਿਆ ਗਿਆ। ਇਥੇ ਹੀ ਬੱਸ ਨਹੀਂ 13 ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਫ਼ਾਰਸੀ ਤਾਲੀਮ ਸਿੱਖਣ ਦੇ ਮਨੋਰਥ ਹਿੱਤ ਮੌਲਵੀ ਕੁਤਬਦੀਨ ਪਾਸ ਵੀ ਭੇਜਿਆ ਗਿਆ। ਆਪ ਜੀ ਨੇ ਜਿਥੇ ਉਪਰੋਕਤ ਉਸਤਾਦਾਂ ਪਾਸੋਂ ਸੰਸਾਰੀ ਸਿੱਖਿਆ ਗ੍ਰਹਿਣ ਕੀਤੀ, ਉਥੇ ਉਹਨਾਂ (ਉਸਤਾਦਾਂ) ਨੂੰ ਸੱਚੀ ਸਿੱਖਿਆ (ਰੱਬੀ ਗਿਆਨ) ਦਾ ਪਾਠ ਵੀ ਪੜਾਇਆ। ਆਪਣੇ ਹਾਣੀਆਂ ਨੂੰ ਵੀ ਗੁਰੂ ਜੀ ਨੇ ਸੱਚ/ਪ੍ਰਮਾਤਮਾ ਦੀ ਸਿੱਖਿਆ ਨਾਲ ਜੋੜਿਆ। ਰਾਇ ਬੁਲਾਰ ਭੱਟੀ ਗੁਰੂ ਸਾਹਿਬ ਦੇ ਜੀਵਨ ਤੋਂ ਏਨਾ ਪ੍ਰਭਾਵਿਤ ਹੋਇਆ ਹੈ ਕਿ ਉਸਨੂੰ ਸਭ ਤੋਂ ਪਹਿਲਾਂ ਸਿੱਖ ਹੋਣ ਦਾ ਸ਼ਰਫ ਹਾਸਿਲ ਹੈ।
ਜਦੋਂ ਗੁਰੂ ਨਾਨਕ ਸਾਹਿਬ ਜੀ 10-11 ਸਾਲ ਦੇ ਹੋਏ ਤਾਂ ਉਹਨਾਂ ਦਾ ਨਿਖੇੜਾ ਜਾਤਹੀਣ ਸ਼ੂਦਰਾਂ ਤੋਂ ਕਰਨ ਲਈ ਪੁਰੋਹਿਤ ਨੇ ਜਨੇਊ ਪਹਿਨਾਉਣ ਦੇ ਬਹੁਤ ਯਤਨ ਕੀਤੇ। ਇਹ ਰਸਮੀ ਯਤਨ ਬ੍ਰਾਹਮਣ ਨੂੰ ਗੁਰੂ ਧਾਰਨ ਵੱਲ ਸੇਧਤ ਸਨ। ਪਰ ਆਪ ਤਾਂ ਜਗਤ ਜਲੰਦੇ ਨੂੰ ਤਾਰਨ ਹਿੱਤ ਧੁਰੋਂ ਪਠਾਏ ਹੋਏ ਗੁਰੂ ਸਨ। ਇਸ ਲਈ ਉਹਨਾਂ ਨੇ ਬ੍ਰਾਹਮਣ ਨੂੰ ਗੁਰੂ (ਜਨੇਊ) ਧਾਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ’ਤੇ ਗੁਰੂ ਜੀ ਵਲੋਂ ਇਹ ਸ਼ਬਦ ਉਚਾਰਿਆ ਗਿਆ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ (ਪੰਨਾ-471)
ਪਿੰਡ ਤਲਵੰਡੀ ਦੇ ਵਸਨੀਕ ਭਾਈ ਮਰਦਾਨਾ ਜੀ ਜੋ ਮੁਸਲਮਾਨ ਮਿਰਾਸੀ ਸਨ, ਗੁਰੂ ਸਾਹਿਬ ਦੇ ਬਹੁਤ ਪਿਆਰੇ ਮਿੱਤਰ ਸਨ। ਬਤੌਰ ਰਬਾਬੀ ਉਹ ਗੁਰੂ ਨਾਨਕ ਸਾਹਿਬ ਜੀ ਨਾਲ 6 ਦਹਾਕਿਆਂ ਤੱਕ ਰਹੇ ਹਨ।
18 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਬਟਾਲੇ ਸ਼ਹਿਰ ਦੇ ਬਸ਼ਿੰਦੇ ਸ੍ਰੀ ਮੂਲ ਚੰਦ ਦੀ ਧੀ ਸੁਲੱਖਣੀ ਨਾਲ ਹੋਇਆ। ਇਸ ਪਵਿੱਤਰ ਬੰਧਨ ਦੇ ਮੌਕੇ ਕੁਝ ਸ਼ਰਾਰਤੀ ਪੁਰੋਹਿਤਾਂ ਨੇ ਗੁਰੂ ਜੀ ਉਪਰ ਕੱਚੀ ਕੰਧ ਡੇਗਣ ਦੀ ਵਿਉਂਤਬੰਦੀ ਕੀਤੀ ਪਰ ਦਿਲਾਂ ਦੀਆਂ ਬੁੱਝਣ ਵਾਲੇ ਨਾਨਕ ਨੇ ਉਹਨਾਂ ਦੀ ਵਿਉਂਤ ਹਮੇਸ਼ਾਂ ਲਈ ਫੇਲ੍ਹ ਕਰ ਦਿੱਤੀ। ਇਹ ਕੰਧ ਅਜੇ ਵੀ ਬਟਾਲੇ ਵਿੱਚ ਯਾਦਗਾਰ ਦੇ ਤੌਰ’ਤੇ ਕਾਇਮ ਹੈ। ਆਪ ਜੀ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲਖਮੀ ਜੀ ਦਾਸ ਪੈਦਾ ਹੋਏ।
35 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਆਪਣੀ ਭੈਣ ਨਾਨਕੀ ਦੇ ਗ੍ਰਹਿ ਸੁਲਤਾਨਪੁਰ ਵਿਖੇ ਪੁਹੰਚ ਗਏ। ਇਥੇ ਆਪ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਬਣ ਗਏ। ਜਿਥੇ ਆਪ ਨੇ ਰਿਸ਼ਵਤ ਖੋਰੀ ਬੰਦ ਕਰਵਾਈ ਅਤੇ ਗਰੀਬਾਂ ਅਮੀਰਾਂ ਨੂੰ ਇਕੋ ਜਿਹਾ ਇਨਸਾਫ ਦਿੱਤਾ। ਕਾਰੋਬਾਰ ਤੋਂ ਵਿਹਲੇ ਹੋ ਕੇ ਗੁਰੂ ਜੀ ਇਸ ਨਗਰ ਵਿੱਚ ਸਤਿਸੰਗ ਵੀ ਕਰਿਆ ਕਰਦੇ ਸਨ। ਇਸ ਸਤਿਸੰਗ ਦੀ ਬਦੌਲਤ ਸਿੱਖੀ ਧਾਰਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ। ਇਥੇ ਹੀ ਮਲਸੀਹਾਂ ਦੇ ਵਸਨੀਕ ਭਗੀਰਥ ਅਤੇ ਮਨਸੁੱਖ ਆਪ ਜੀ ਦੇ ਸਿੱਖ ਬਣੇ। 1507 ਈ: ਵਿੱਚ ਗੁਰੂ ਨਾਨਕ ਸਾਹਿਬ ਜੀ ਵਲੋਂ ਜਗਤ ਜਲੰਦੇ ਦੇ ਸੁਧਾਰ ਹਿੱਤ ਇਕਾਂਤਵਾਸ ਕੀਤਾ ਗਿਆ। ਇਸ ਇਕਾਂਤਵਾਸ ਤੋਂ ਬਾਦ ਉਹਨਾਂ ਨੇ ਭਟਕੀ ਹੋਈ ਲੋਕਾਈ ਨੂੰ ਇੱਕ ਨਵੀਨ ‘ਨਾਅਰਾ ਨਾ ਕੋ ਹਿੰਦੂ ਨਾ ਮੁਸਲਮਾਨ’ ਦਿੱਤਾ। ਮਨੁੱਖਤਾ ਨੂੰ ਪਰਨਾਏ ਇਸ ਨਾਅਰੇ ਦੀ ਖੂਬ ਚਰਚਾ ਹੋਈ ਪਰ ਇਹ ਚਰਚਾ ਉਸ ਵਕਤ ਦੇ ਨਵਾਬ ਅਤੇ ਕਾਜ਼ੀ ਨੂੰ ਹਜ਼ਮ ਨਾ ਹੋ ਸਕੀ। ਉਹਨਾਂ ਨੇ ਗੁਰੂ ਸਾਹਿਬ ਦੀ ਇਨਕਲਾਬੀ ਸੋਚ ਦਾ ਵਿਰੋਧ ਕੀਤਾ ਪਰ ਜਿੱਤ ਆਖਰ ਸੱਚ ਦੀ ਹੀ ਹੋਈ। ਆਪਣੀ ਇਸ ਸੋਚ ਨੂੰ ਦੁਨੀਆਂ ਦੇ ਵੱਖ-ਵੱਖ ਖੇਤਰਾਂ ਤੱਕ ਪਹੁੰਚਾਉਣ ਹਿੱਤ ਗੁਰੂ ਜੀ ਵਲੋਂ ਕਈ ਪ੍ਰਚਾਰ ਦੌਰੇ ਵੀ ਕੀਤੇ ਗਏ, ਜਿਹਨਾਂ ਨੂੰ ਸਿੱਖ ਇਤਿਹਾਸ ਵਿੱਚ ਉਦਾਸੀਆਂ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀਆਂ ਇਹਨਾਂ ਉਦਾਸੀਆਂ ਦਾ ਵਰਨਣ ਇਸ ਪ੍ਰਕਾਰ ਹੈ:
ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਭਾਰਤ ਵਿੱਚ ਵੈਦਿਕ ਧਰਮ ਦੀ ਚੜ੍ਹਤ ਸੀ, ਜਿਸ ਦੀ ਬੁਨਿਆਦ ਵਰਣ ਆਸ਼ਰਮ ਧਰਮ’ਤੇ ਆਧਾਰਿਤ ਸੀ। ਜਦੋਂ ਗੁਰੂ ਜੀ ਨੇ ਅਵਤਾਰ ਧਾਰਿਆ ਤਾਂ ਉਸ ਸਮੇਂ ਭਾਰਤੀ ਸਮਾਜ ਬਹੁਤ ਹੀ ਗੁੰਝਲਦਾਰ ਜਾਤੀਆਂ ਅਤੇ ਧਾਰਮਿਕ ਫਿਰਕਿਆਂ ਵਿੱਚ ਵੰਡਿਆ ਹੋਇਆ ਸੀ। ਮਨੁੱਖ ਦੀ ਪਛਾਣ ਕਰਮ ਆਧਾਰਿਤ ਨਾ ਹੋ ਕੇ ਸਗੋਂ ਜਨਮ ਆਧਾਰਿਤ ਸੀ। ਲੋਕਾਂ ਵਿਚੋਂ ਆਪਸੀ ਭਾਈਚਾਰੇ ਅਤੇ ਇਕਸੁਰਤਾ ਦੀ ਭਾਵਨਾ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਸੀ।
ਅਜਿਹੀ ਤਰਸਯੋਗ ਸੁਰਤ-ਏ-ਹਾਲ ਵਿੱਚ ਸਿਫ਼ਤੀ ਅਤੇ ਇਨਕਲਾਬੀ ਤਬਦੀਲੀ ਲਿਆਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਤੰਬਰ 1507 ਈ: ਨੂੰ ਭਾਈ ਮਰਦਾਨੇ ਨੂੰ ਨਾਲ ਲੈ ਕੇ ਦੁਨੀਆਂ ਦੀਆਂ ਵੱਖ-ਵੱਖ ਦਿਸ਼ਾਵਾਂ ਵਿੱਚ ਪ੍ਰਚਾਰ ਦੌਰੇ ਅਰੰਭ ਕੀਤੇ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਉਹ ਭਾਰਤ ਦੀਆਂ ਸਾਰੀਆਂ ਕੂੰਟਾਂ ਵਿੱਚ ਜਾਣ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਗਏ। ਇਸ ਦੇਸ਼ਾਂ ਰਟਨ ਵਿੱਚ ਗੁਰੂ ਸਾਹਿਬ ਦਾ ਲਗਪਗ 25 ਕੁ ਸਾਲ ਦਾ ਸਮਾਂ ਲੇਖੇ ਲੱਗਾ। ਇਨ੍ਹਾਂ ਉਦਾਸੀਆਂ ਸਮੇਂ ਉਹ ਬਹੁਤ ਸਾਰੇ ਵਿਅਕਤੀਆਂ ਨੂੰ ਮਿਲੇ। ਉਹਨਾਂ ਦਾ ਪੜਾਅ ਕਦੇ ਗਰੀਬ ਘਰਾਂ ਅਤੇ ਕਦੇ ਨੀਲੀ ਛੱਤ ਹੇਠ ਹੀ ਹੁੰਦਾ ਰਿਹਾ। ਇਹਨਾਂ ਉਦਾਸੀਆਂ ਵਿੱਚ ਉਹਨਾਂ ਦਾ ਮਿਲਾਪ ਛੋਟੇ ਅਤੇ ਅਣਗੋਲੇ ਲੋਕਾਂ ਦੇ ਨਾਲ-ਨਾਲ ਕਈ ਬਾਦਸ਼ਾਹਾਂ ਨਾਲ ਵੀ ਹੋਇਆ।
ਪਹਿਲੀ ਉਦਾਸੀ:- ਗੁਰੂ ਸਾਹਿਬ ਦੀ ਪਹਿਲੀ ਉਦਾਸੀ ਦਾ ਸਮਾਂ ਲਗਪਗ 8 ਸਾਲ ਹੈ। ਇਸ ਉਦਾਸੀ ਦੌਰਾਨ ਉਹ ਸਭ ਤੋਂ ਪਹਿਲਾਂ ਐਮਨਾਬਾਦ ਗਏ ਜੋ ਤਲਵੰਡੀ ਤੋਂ ਲਗਪਗ 60 ਕਿ: ਮੀ:’ਤੇ ਸਥਿਤ ਹੈ। ਇਥੇ ਆਪ ਧਰਮ ਦੀ ਕਿਰਤ ਕਰਨ ਵਾਲੇ ਇੱਕ ਅਤਿ ਗਰੀਬੜੇ ਮਨੁੱਖ ਭਾਈ ਲਾਲੋ ਦੇ ਘਰ ਠਹਿਰੇ। ਭਾਈ ਸਾਹਿਬ ਲੱਕੜੀ ਦਾ ਕੰਮ ਕਰਦੇ ਸਨ। ਬ੍ਰਾਹਮਣਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਗੁਰੂ ਜੀ ਨੀਵੀਂ ਜਾਤੀ ਦੇ ਵਿਅਕਤੀ ਦੇ ਘਰ ਕਿਉਂ ਠਹਿਰੇ ਹਨ। ਪਰ ਆਪ ਨੇ ਇਸ ਵਿਰੋਧ ਦਾ ਕੋਈ ਅਸਰ ਨਾ ਕਬੂਲਿਆ। ਕਿਉਂਕਿ ਉਹਨਾਂ ਦਾ ਮਿਸ਼ਨ ਵੀ ਵਰਣਵਾਦੀ ਸਿਸਟਮ ਨੂੰ ਤੋੜਨਾ ਸੀ। ਇਸ ਮਿਸ਼ਨ ਦੀ ਹੀ ਪੁਸ਼ਟੀ ਕਰਦਾ ਹੈ ਉਹਨਾਂ ਦਾ ਇਹ ਫੁਰਮਾਨ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ (ਪੰਨਾ-15)
ਹਰਿਦੁਆਰ ਵਿਖੇ ਵਿਸਾਖੀ ਦਾ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਮੇਲਾ ਵੇਖਣ ਵਾਲੇ ਮੇਲੀ ਅਤੇ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਸਨ। ਸਿਰਫ਼ ਇਸ਼ਨਾਨ ਹੀ ਨਹੀਂ ਸਗੋਂ ਆਪਣੇ ਪਿੱਤਰਾਂ ਨੂੰ ਸੂਰਜ ਸਾਹਿਬਤਾ ਰਾਹੀਂ ਪਾਣੀ ਵੀ ਪਹੁੰਚਾਉਂਦੇ ਸਨ। ਗੁਰੂ ਜੀ ਨੇ ਜਿਥੇ ਬੜੇ ਨਾਟਕੀ ਢੰਗ ਨਾਲ ਅਜਿਹੇ ਵਿਚਾਰਾਂ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਦਿੱਤਾ, ਉਥੇ ਵੈਸ਼ਨਵ ਸਾਧੂਆਂ ਨੂੰ ਮਨੁੱਖੀ ਬਰਾਬਰਤਾ ਦਾ ਸਬਕ ਵੀ ਦਿੱਤਾ। ਗੁਰੂ ਜੀ ਨੇ ਉਹਨਾਂ ਨੂੰ ਬੜਾ ਸਮਝਾਇਆ ਕਿ ਰੱਬ ਦਾ ਕੋਈ ਵੀ ਬੰਦਾ ਮਾੜਾ ਜਾਂ ਨੀਚ ਨਹੀਂ ਹੈ।
ਗੋਰਖ ਮਤੇ ਗੋਰਖ ਨਾਥ ਅਤੇ ਉਸਦੇ ਚੇਲਿਆਂ ਦਾ ਗੜ੍ਹ ਸੀ। ਇਹ ਸਥਾਨ ਪੀਲੀਭੀਤ ਤੋਂ ਲਗਪਗ 20 ਕੁ ਕਿਲੋਮੀਟਰ ਦੀ ਵਿੱਥ’ਤੇ ਸਥਿਤ ਹੈ। ਇਥੇ ਗੁਰੂ ਜੀ ਨੇ ਜੋਗੀਆਂ ਨੂੰ ਸਮਝਾਇਆ ਕਿ ਪ੍ਰਮਾਤਮਾ ਬਾਹਰੀ ਭੇਖ’ਤੇ ਨਹੀਂ ਰੀਝਦਾ ਸਗੋਂ ਉਸ ਦੀ ਪ੍ਰਾਪਤੀ ਦੀ ਜੁਗਤ ਵਿਕਾਰ ਰਹਿਤ ਜੀਵਨ ਬਸਰ ਕਰਦਿਆਂ ਉਸ ਦੀ ਸਿਫਤ ਸਲਾਹ ਕਰਨਾ ਹੈ। ਗੁਰੂ ਜੀ ਦੀ ਆਮਦ ਸਦਕਾ ਇਸ ਸਥਾਨ ਦਾ ਨਾਂ ਗੋਰਖ ਮਤੇ ਤੋਂ ਤਬਦੀਲ ਹੋ ਕੇ ਨਾਨਕ ਮਤਾ ਪੈ ਗਿਆ।
ਨਾਨਕ ਮਤੇ ਤੋਂ ਪ੍ਰਚਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੀਵਾਲੀ ਵਾਲੇ ਦਿਨ ਅਯੁੱਧਿਆ ਪਹੁੰਚੇ। ਇਥੇ ਆਪ ਜੀ ਦੀ ਭੇਟ ਭਾਈ ਰਾਮਾਨੰਦ ਜੀ ਦੇ ਚੇਲਿਆਂ ਨਾਲ ਹੋਈ। ਇਹਨਾਂ ਬੈਰਾਗੀਆਂ ਨੂੰ ਮੁਕਤੀ ਮਾਰਗ ਬਾਰੇ ਦਸਦਿਆ ਗੁਰੂ ਜੀ ਨੇ ਫੁਰਮਾਇਆ ਕਿ ਮੂਰਤੀ ਪੂਜਾ ਨੂੰ ਤਿਆਗ ਕੇ ਇੱਕ ਅਕਾਲ ਪੁਰਖ ਦੀ ਪੂਜਾ ਵਿੱਚ ਲੱਗ ਜਾਉ।
ਇਲਾਹਬਾਦ ਦਾ ਪੁਰਾਣਾ ਨਾਂ ਪ੍ਰਯਾਗ ਸੀ। ਗੰਗਾ ਜਮਨਾ ਦੇ ਸੰਗਮ ਵਾਲਾ ਇਹ ਹਿੰਦੂਆਂ ਦਾ ਤੀਰਥ ਸਥਾਨ ਹੈ। ਇਹਨਾਂ ਨਦੀਆਂ ਵਿੱਚ ਇਸ਼ਨਾਨ ਕਰਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਇਸ ਮਹੱਤਵ ਨੂੰ ਘਟਾਉਂਦਿਆਂ ਗੁਰੂ ਜੀ ਨੇ ਕਿਹਾ ਕਿ ਤੀਰਥ ਇਸ਼ਨਾਨ ਦਾ ਪ੍ਰਭੂ ਦੀ ਭਗਤੀ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਹੈ। ਕਿਉਂਕਿ ਇਸ਼ਨਾਨ ਸਿਰਫ ਤਨ ਦੀ ਮੈਲ ਉਤਾਰਦਾ ਹੈ, ਮਨ ਦੀ ਨਹੀਂ। ਸੱਚਾ ਤੀਰਥ ਤਾਂ ਗੁਰੂ ਆਪ ਹੈ ਜਿਸ ਦੀ ਸਿੱਖਿਆ ਰੂਪੀ ਨਦੀ ਵਿੱਚ ਨਹਾ ਕੇ ਜੀਵ ਮੁਕਤੀ ਪ੍ਰਾਪਤ ਕਰ ਸਕਦਾ ਹੈ।
ਬਨਾਰਸ ਸੰਸਕਿ੍ਰਤ ਵਿਦਿਆ ਅਤੇ ਹਿੰਦੂ ਧਰਮ ਦਾ ਕੇਂਦਰ ਹੈ। ਇਥੋਂ ਦੇ ਪੰਡਿਤਾਂ ਨੇ ਇਹ ਗੱਲ ਪ੍ਰਚਾਰੀ ਹੋਈ ਸੀ ਕਿ ਜੇਕਰ ਕੋਈ ਮਨੁੱਖ ਪੰਡਿਤਾਂ ਨੂੰ ਦਾਨ-ਪੁੰਨ ਕਰਨ ਮਗਰੋਂ ਆਰੇ ਨਾਲ ਸਰੀਰ ਚਿਰਾਵੇਗਾ ਤਾਂ ਉਹ ਸਿੱਧਾ ਸ਼ਿਵਪੁਰੀ ਨੂੰ ਜਾਏਗਾ ਪਰ ਗੁਰੂ ਜੀ ਨੇ ਬਨਾਰਸ ਵਾਸੀਆਂ ਨੂੰ ਪੰਡਿਤਾਂ ਦੀਆਂ ਚਾਲਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਮੁਕਤੀ ਕਿਸੇ ਵਿਸ਼ੇਸ਼ ਥਾ ਤੇ ਮਰਨ ਨਾਲ ਨਹੀਂ ਸਗੋਂ ਚੰਗੇ ਕਰਮਾਂ ਨਾਲ ਮਿਲਦੀ ਹੈ।
ਇਥੇ ਆਪ ਨੇ ਪੰਡਿਤ ਚਤੁਰਦਾਸ ਨੂੰ ਸਮਝਾਇਆ ਕਿ ਤਿਲਕ, ਤੁਲਸੀ, ਮਾਲਾ ਸਾਲਗ੍ਰਾਮ ਅਤੇ ਧਾਰਮਿਕ ਪਹਿਰਾਵਾ ਬ੍ਰਾਹਮਣ ਹੋਣ ਦੀ ਬਾਹਰਮੁਖੀ ਨਿਸ਼ਾਨੀ ਹਨ ਪਰ ਅਸਲੀ ਬ੍ਰਾਹਮਣ ਫੋਕਟ ਕਰਮਕਾਡਾਂ ਵਿੱਚ ਸਮਾਂ ਨਸਟ ਕਰਨ ਦੀ ਬਜਾਏ ਉਸ ਪ੍ਰਭੂ ਦੀ ਸਿਫਤ ਸਲਾਹ ਵਿੱਚ ਸਮਾਂ ਬਤੀਤ ਕਰਦਾ ਹੈ। ਬਨਾਰਸ ਵਿਚੋਂ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ, ਭਗਤ ਰਵੀਦਾਸ ਅਤੇ ਰਾਮਾਨੰਦ ਜੀ ਦੀ ਬਾਣੀ ਪ੍ਰਾਪਤ ਕੀਤੀ।
ਗਯਾ ਬਿਹਾਰ ਪ੍ਰਾਂਤ ਵਿੱਚ ਫਲਗੂ ਨਦੀ ਦੇ ਕੰਢੇ ਤੇ ਸਥਿਤ ਹੈ। ਬ੍ਰਾਹਮਣਾਂ ਦੇ ਸਿਖਾਏ ਲੋਕ ਇਥੇ ਆਪਣੇ ਪਿਤਰਾਂ ਦੀ ਗਤੀ ਲਈ ਦਾਨ-ਪੁੰਨ ਕਰਨ ਵਾਸਤੇ ਆਉਂਦੇ ਸਨ। ਅਜਿਹੇ ਲੋਕਾਂ ਨੂੰ ਸਿਖਿਆ ਦਿੰਦਿਆਂ ਗੁਰੂ ਜੀ ਨੇ ਕਿਹਾ ਕਿ ਮੌਤ ਪਿਛੋਂ ਕੀਤੀਆਂ ਜਾਣ ਵਾਲੀਆਂ ਰਸਮਾਂ ਦਾ ਵਿਛੜੀ ਹੋਈ ਆਤਮਾ ਨੂੰ ਕੋਈ ਲਾਭ ਨਹੀਂ ਪਹੁੰਚਦਾ।
ਬਿਹਾਰ ਪ੍ਰਾਂਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਆਸਾਮ ਵਿੱਚ ਦਾਖਲ ਹੋਏ। ਉਸ ਵਕਤ ਇਸ ਪ੍ਰਾਂਤ ਨੂੰ ਕਾਮਰੂਪ ਕਿਹਾ ਜਾਂਦਾ ਸੀ, ਇਸ ਪ੍ਰਾਂਤ ਦੇ ਪ੍ਰਸਿੱਧ ਸ਼ਹਿਰ ਗੋਹਾਟੀ ਵਿੱਚ ਕਾਮਖਯਾ ਸਾਹਿਬੀ ਦਾ ਮੰਦਰ ਹੈ। ਇਹ ਮੰਦਰ ਵਾਮ ਮਾਰਗੀਆਂ ਦਾ ਹੈ। ਇਹ ਲੋਕ ਧਰਮ ਤੇ ਆਚਰਣ ਤੋਂ ਗਿਰੇ ਕੰਮਾਂ ਨੂੰ ਧਰਮ ਦਾ ਜ਼ਰੂਰੀ ਅੰਗ ਸਮਝਦੇ ਸਨ। ਗੁਰੂ ਜੀ ਨੇ ਇਹਨਾਂ ਲੋਕਾਂ ਨੂੰ ਨਸ਼ਿਆਂ ਤੇ ਆਚਰਣ ਹੀਣ ਕੰਮਾਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਅਤੇ ਸਮਝਾਇਆ ਕਿ ਕੁਕਰਮਾਂ ਨੂੰ ਧਰਮ ਦੀ ਆੜ ਵਿੱਚ ਸੁਕਰਮ ਨਹੀਂ ਬਣਾਇਆ ਜਾ ਸਕਦਾ।
ਢਾਕੇ ਵਿਚੋਂ ਹੀ ਗੁਰੂ ਜੀ ਨੇ ਭਗਤ ਜੈ ਸਾਹਿਬ ਜੀ ਦੇ ਦੋ ਸ਼ਬਦ ਪ੍ਰਾਪਤ ਕੀਤੇ।
ਜਗਨ ਨਾਥ ਪੁਰੀ ਦੇ ਮੰਦਰ ਜੋ ਕਿ ਉੜੀਸਾ ਵਿਖੇ ਸਥਿਤ ਹੈ, ਵਿੱਚ ਪਹੁੰਚ ਕੇ ਗੁਰੂ ਜੀ ਨੇ ਲੋਕਾਂ ਨੂੰ ਦਸਿਆ ਕਿ ਕੋਈ ਵੀ ਸਾਹਿਬੀ ਸਾਹਿਬਤਾ ਜਗਨਨਾਥ ਨਹੀਂ ਹੋ ਸਕਦਾ ਸਗੋਂ ਜਗਤ ਦਾ ਨਾਥ ਤਾਂ ਵਾਹਿਗੁਰੂ ਆਪ ਹੈ।
ਜਦੋਂ ਗੁਰੂ ਜੀ ਨੂੰ ਜਗਨਨਾਥ ਦੀ ਮੂਰਤੀ ਦੀ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਉਹਨਾਂ ਨੂੰ ਇਹ ਕਹਿ ਕੇ ਆਰਤੀ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਜਗਨਨਾਥ ਦੀ ਆਰਤੀ ਤਾਂ ਉਸ ਦੀ ਬਣਾਈ ਕੁਦਰਤ ਆਪ ਹੀ ਉਤਾਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਦਿਖਾਵੇ ਦੀ ਆਰਤੀ ਨਾਲ ਖੁਸ਼ ਨਹੀਂ ਹੁੰਦਾ, ਸਗੋਂ ਉਸ ਦੀ ਸੱਚੀ ਆਰਤੀ ਤਾਂ ਉਸ ਦੇ ਭਾਣੇ ਵਿੱਚ ਰਹਿ ਕੇ ਸਰਬੱਤ ਦਾ ਭਲਾ ਲੋਚਣਾ ਹੈ। ਇਥੇ ਹੀ ਆਪ ਨੇ ਕਲਯੁੱਗ ਨਾਂ ਦੇ ਪਾਂਧੇ ਦਾ ਪਰਦਾਫਾਸ਼ ਕੀਤਾ ਜੋ ਮਾਇਆ ਦੇ ਲਾਲਚ ਵਿੱਚ ਭੋਲੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਸੀ। ਪੁਰੀ ਤੋਂ ਬਾਅਦ ਗੁਰੂ ਜੀ ਭੀਲਾਂ ਦੇ ਇਲਾਕੇ ਵਿੱਚ ਆ ਗਏ ਜਿਸਨੂੰ ਦ੍ਰਾਵਿੜ ਵੀ ਕਿਹਾ ਜਾਂਦਾ ਹੈ। ਇਥੇ ਆਉਣ ਦਾ ਸਬੱਬ ਭਾਈ ਮਰਦਾਨਾ ਸੀ/ਕੌਡਾ ਰਾਖਸ਼ ਭਾਈ ਜੀ ਨੂੰ ਮਾਰਨ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਗੁਰੂ ਜੀ ਵੀ ਉਥੇ ਪਹੁੰਚ ਗਏ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਅਤੇ ਦਰਸ਼ਨ-ਦੀਦਾਰ ਕਰਕੇ ਕੌਡਾ ਨਿਹਾਲ ਹੋ ਗਿਆ ਤਾਂ ਉਸ ਨੇ ਭਾਈ ਮਰਦਾਨੇ ਨੂੰ ਛੱਡ ਦਿੱਤਾ। ਇਸ ਦੇ ਨਾਲ ਹੀ ਉਸ ਨੇ ਗੁਰੂ ਜੀ ਨੂੰ ਅੱਗੇ ਤੋਂ ਹਮੇਸ਼ਾਂ ਲਈ ਸੱਚੇ ਮਾਰਗ ਉੱਤੇ ਚੱਲਣ ਦਾ ਵਿਸ਼ਵਾਸ਼ ਵੀ ਦਿਵਾਇਆ।
ਇਸ ਉਦਾਸੀ ਦੇ ਸਫ਼ਰ ਦੌਰਾਨ ਗੁਰੂ ਜੀ ਸਿੰਗਲਾਦੀਪ (ਸ੍ਰੀ ਲੰਕਾ) ਪਹੁੰਚੇ। ਇਥੋਂ ਦਾ ਰਾਜਾ ਸ਼ਿਵਨਾਭ ਜੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਅਨਿਨ ਸ਼ਰਧਾਲੂ ਸੀ, ਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਤੀਬਰ ਤਾਂਘ ਸੀ। ਗੁਰੂ ਜੀ ਨੇ ਉਸ ਨੂੰ ਦਰਸ਼ਨ ਦੇ ਕੇ ਉਸ ਦੀ ਤਾਂਘ ਪੂਰੀ ਕੀਤੀ। ਇਸ ਉਦਾਸੀ ਦੌਰਾਨ ਹੀ ਗੁਰੂ ਨਾਨਕ ਸਾਹਿਬ ਜੀ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਮਜਨੂੰ ਭਗਤ ਨੂੰ ਮਿਲੇ, ਉਹਨਾਂ ਦੇ ਮਿਲਾਪ ਦੀ ਸ਼ਾਹਦੀ ਭਰਦਾ ਹੈ, ਗੁਰਦੁਆਰਾ ਮਜਨੂੰ ਟਿੱਲਾ।
ਗੁਰੂ ਜੀ ਦੀ ਇਸ (ਪਹਿਲੀ) ਉਦਾਸੀ ਦਾ ਅੰਤਮ ਪੜਾਅ ਕੁਰੂਕਸ਼ੇਤਰ ਸੀ। ਇਥੇ ਆਪ ਨੇ ਸੂਰਜ ਗ੍ਰਹਿਣ ਸਮੇਂ ਭੋਜਨ ਦੇ ਛਕਣ ਦੇ ਵਿਚਾਰਾਂ ਦਾ ਖੰਡਣ ਕੀਤਾ ਜੋ ਬ੍ਰਾਹਮਣਾਂ ਦੁਆਰਾ ਨਿੱਜੀ ਸੁਆਰਥ ਹਿੱਤ ਫੈਲਾਏ ਗਏ ਸਨ।
ਦੂਜੀ ਉਦਾਸੀ:- ਪਹਿਲੀ ਉਦਾਸੀ ਦੀ ਤਰਜ਼’ਤੇ ਇਸ ਉਦਾਸੀ ਦਾ ਮੁਹਾਣ ਵੀ ਹਿੰਦੂ ਤੀਰਥ ਅਸਥਾਨਾਂ ਅਤੇ ਸਿੱਧ ਜੋਗੀਆਂ ਦੇ ਟਿਕਾਣਿਆਂ ਵੱਲ ਸੀ। ਇਸ ਉਦਾਸੀ ਦੇ ਕੁਝ ਚੌਣਵੇਂ ਪੜਾਅ:-
ਸੁਮੇਰ ਪਰਬਤ ਦੀਆਂ ਗੁਫਾਵਾਂ ਵਿੱਚ ਸਿੱਧ, ਜੋਗੀ ਤੇ ਨਾਥ ਨਿਵਾਸ ਕਰਦੇ ਸਨ। ਇਥੇ ਗੁਰੂ ਸਾਹਿਬ ਦੀਆਂ ਸਿੱਧਾਂ ਨਾਲ ਧਾਰਮਿਕ ਗੋਸ਼ਟੀਆਂ ਹੋਈਆਂ। ਜੋ ਸਿੱਧ ਜੋਗੀ ਗੁਰੂ ਜੀ ਦੇ ਤਰਕ ਦਾ ਸਾਹਮਣਾ ਨਾ ਕਰ ਸਕੇ ਤਾਂ ਉਹਨਾਂ ਨੇ ਕਰਾਮਾਤੀ ਚੱਕਰ ਚਲਾਉਣੇ ਸ਼ੁਰੂ ਕਰ ਦਿੱਤੇ ਪਰ ਇਹ ਚੱਕਰ ਵੀ ਗੁਰੂ ਸਾਹਿਬ’ਤੇ ਕੋਈ ਪ੍ਰਭਾਵ ਨਾ ਪਾ ਸਕੇ। ਅਖੀਰ ਸਿੱਧਾਂ ਨੇ ਗੁਰੂ ਜੀ ਦੇ ਦਲੀਲਮਈ ਵਿਚਾਰਾਂ ਅੱਗੇ ਹਥਿਆਰ ਸੁੱਟ ਦਿੱਤੇ। ਸੁਮੇਰ ਪਰਬਤ ਤੋਂ ਬਾਅਦ ਗੁਰੂ ਜੀ ਨੇਪਾਲ ਪਹੁੰਚੇ ਅਤੇ ਉਥੋਂ ਦੇ ਰਾਜੇ ਰਘਬੀਰ ਨੂੰ ਆਪਣਾ ਸੇਵਕ ਬਣਾਇਆ।
ਕਸ਼ਮੀਰ ਦੇ ਇਲਾਕੇ ਵਿੱਚ ਗੁਰੂ ਜੀ ਨੇ ਸ੍ਰੀਨਗਰ, ਮਟਨ ਸਾਹਿਬ, ਅਮਰਨਾਥ ਅਤੇ ਵੈਸ਼ਨੋ ਸਾਹਿਬੀ ਦਾ ਰਟਨ ਕੀਤਾ ਅਤੇ ਲੋਕਾਂ ਨੂੰ ਸੱਚ ਦਾ ਰਾਹ ਵਿਖਾਇਆ।
ਜੰਮੂ ਵਿੱਚ ਆਪ ਨੇ ਰਘੂਨਾਥ ਮੰਦਰ ਵਿੱਚ ਟਿਕਾਣਾ ਕੀਤਾ ਅਤੇ ਇਥੇ ਜੁੜੀ ਲੋਕਾਈ ਨੂੰ ਪੱਥਰ ਪੂਜਣ ਤੋਂ ਵਰਜਿਆ।
ਸਿਆਲਕੋਟ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਹਮਜ਼ਾ ਗੋਂਸ ਨੂੰ ਸਿੱਧੇ ਰਾਹੇ ਪਾਇਆ ਅਤੇ ਮੌਤ ਦੀ ਸੱਚਾਈ ਨੂੰ ਬਿਆਨ ਕੀਤਾ।
ਇਸ ਉਦਾਸੀ ਦਾ ਛੇਕੜਲਾ ਪੜਾਅ ਪਸਰੂਰ ਸੀ। ਇਥੇ ਗੁਰੂ ਜੀ ਦੀ ਮੀਆਂ ਮਿੱਠਾ ਰਾਮ ਦੇ ਫਕੀਰ ਨਾਲ ਚਰਚਾ ਹੋਈ ਅਤੇ ਆਪ ਨੇ ਉਸ ਨੂੰ ਗੁਰਮਤਿ ਗਿਆਨ ਦੀ ਬਖਸ਼ਿਸ਼ ਕੀਤੀ।
ਤੀਜੀ ਉਦਾਸੀ:- ਗੁਰੂ ਨਾਨਕ ਸਾਹਿਬ ਜੀ ਦੀ ਤੀਜੀ ਉਦਾਸੀ ਮੁਸਲਮਾਨੀ ਮੱਤ ਦੇ ਧਾਰਮਿਕ ਸਥਾਨਾਂ ਵੱਲ ਸੀ। ਤਿੰਨ ਵਰ੍ਹਿਆਂ ਦੀ ਇਸ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ ਨੇ ਇਸਲਾਮ ਧਰਮ ਦੇ ਪੀਰਾਂ, ਫਕੀਰਾਂ, ਮੌਲਵੀਆਂ ਅਤੇ ਹੋਰ ਪੈਰੋਕਾਰਾਂ ਨੂੰ ਅੱਲ੍ਹਾ ਤੋਂ ਦੂਰ ਲਿਜਾਣ ਵਾਲੇ ਵਿਚਾਰ ਅਤੇ ਵਿਵਹਾਰ ਤੋਂ ਪ੍ਰਹੇਜ ਕਰਨ ਦਾ ਉਪਦੇਸ਼ ਦਿੱਤਾ।
ਪਾਕਪਟਨ ਦਾ ਪਹਿਲਾ ਨਾਂ ਅਯੋਧਨ ਸੀ। ਗੁਰੂ ਸਾਹਿਬ ਉਥੇ ਬਾਬਾ ਸ਼ੇਖ ਫਰੀਦ ਦੇ 11ਵੇਂ ਗੱਦੀ-ਨਸ਼ੀਨ ਬਾਬਾ ਸ਼ੇਖ ਬ੍ਰਹਮ ਨੂੰ ਮਿਲੇ ਅਤੇ ਬਾਬਾ ਫਰੀਦ ਦੀ ਬਾਣੀ ਪ੍ਰਾਪਤ ਕੀਤੀ ਜੋ ਗੁਰਮਤਿ ਦੀ ਅਨੁਸਾਰੀ ਸੀ।
ਇਸ ਤੋਂ ਅਗਲੇਰਾ ਪੈਂਡਾ ਤਹਿ ਕਰਦੇ ਗੁਰੂ ਜੀ ਤੁਲੰਬੇ ਜੋ ਲਾਹੌਰ ਤੋਂ ਮੁਲਤਾਨ ਵਾਲੀ ਸੜਕ ਉਤੇ ਸਥਿਤ ਹੈ, ਪਹੁੰਚੇ। ਇਥੋਂ ਦਾ ਵਸਨੀਕ ਸੱਜਣ ਮੱਲ ਪਹਿਲਾਂ ਆਏ-ਗਏ ਨੂੰ ਆਪਣੇ ਮੁਸਾਫਰਖਾਨੇ ਵਿੱਚ ਠਹਿਰਾ ਦਿੰਦਾ ਸੀ, ਪਰ ਬਾਅਦ ਵਿੱਚ ਲਾਲਚ ਵੱਸ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਸਮੇਤ ਉਸ ਕੋਲ ਪਹੁੰਚੇ ਤਾਂ ਉਸ ਨੇ ਅਜਿਹੇ ਪਾਪਾਂ ਤੋਂ ਤੋਬਾ ਕੀਤੀ ਅਤੇ ਧਰਮੀ ਬੰਦਾ ਬਣਨ ਦਾ ਵਚਨ ਦਿੱਤਾ। ਮੱਕਾ ਅਰਬ ਦੇਸ਼ ਦਾ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਸ਼ਹਿਰ ਹੈ। ਇਥੇ ਇਸਲਾਮ ਦੇ ਪੈਰੋਕਾਰਾਂ ਦਾ ਤੀਰਥ ਸਥਾਨ ਕਾਅਬਾ ਵਾਕਿਆ ਹੈ। ਇਥੇ ਆਪ ਨੇ ਮੁਸਲਮਾਨ ਕਾਜ਼ੀਆਂ, ਪੀਰਾਂ ਅਤੇ ਫਕੀਰਾਂ ਨੂੰ ਖੁਦਾ ਦੀ ਸਰਵਵਿਆਪਕਤਾ ਦਾ ਉਪਦੇਸ਼ ਦੇ ਕੇ ਉਹਨਾਂ ਦੇ ਤੰਗਦਿਲੀ ਵਾਲੇ ਭਰਮ ਨੂੰ ਤੋੜਿਆ।
ਇਰਾਕ ਦੇ ਸ਼ਹਿਰ ਬਗਦਾਦ ਦੇ ਵਸਨੀਕ ਸੰਗੀਤ ਨੂੰ ਨਫ਼ਰਤ ਕਰਦੇ ਸਨ ਪਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਜੇਕਰ ਸੰਗੀਤ ਦਾ ਉਦੇਸ਼ ਮਾੜਾ ਨਾ ਹੋਵੇ ਤਾਂ ਇਹ ਇੱਕ ਸਰਵੋਤਮ ਵਸਤੂ ਹੋ ਨਿਬੜਦਾ ਹੈ।
ਹਸਨ ਅਬਦਾਲ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਰਾਮਾਤੀ ਫ਼ਕੀਰ ਵਲੀ ਕੰਧਾਰੀ ਦਾ ਹੰਕਾਰ ਤੋੜਿਆ। ਜਿਸ ਨੇ ਆਪਣੇ ਆਪ ਨੂੰ ਕਰਾਮਾਤੀ ਸਮਝਦਿਆਂ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ ਨਾਲ ਬੁਰਾ ਵਿਵਹਾਰ ਕੀਤਾ ਸੀ। ਜਦੋਂ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰੂ ਜੀ ਦੇ ਚਰਨੀ ਢਹਿ ਕੇ ਭੁੱਲ ਬਖਸ਼ਾਈ। ਇਥੇ ਇਸ ਘਟਨਾ ਨੂੰ ਤਾਜ਼ਾ ਕਰਦਿਆਂ ਹੋਇਆ ਗੁਰਦੁਆਰਾ ਪੰਜਾ ਸਾਹਿਬ ਮੌਜੂਦ ਹੈ।
ਸਿੱਖ ਇਤਿਹਾਸ ਵਿੱਚ ਸੈਦਪੁਰ ਦੀ ਘਟਨਾ ਵੀ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ ਮਿਲਦੀ ਹੈ। ਇਥੇ ਆਪ ਸਿੱਖ ਸ਼ਰਧਾਲੂ ਭਾਈ ਲਾਲੋ ਦੇ ਘਰ ਠਹਿਰੇ। ਇਸੇ ਠਹਿਰ ਸਮੇਂ ਬਾਬਰ ਦਾ ਹਮਲਾ ਹੋ ਗਿਆ। ਇਸ ਹਮਲੇ ਤਹਿਤ ਮਾਰਧਾੜ ਅਤੇ ਲੁੱਟ ਕਾਰਨ ਚਾਰੇ ਪਾਸੇ ਹਾਹਾਕਾਰ ਮੱਚ ਗਈ। ਸ਼ਹਿਰ ਤਬਾਹ ਹੋ ਗਏ, ਜੋ ਪ੍ਰਾਣੀ ਬਚ ਗਏ ਸਨ, ਉਹਨਾਂ ਨੂੰ ਕੈਦ ਕਰ ਲਿਆ ਗਿਆ। ਗੁਰੂ ਜੀ ਵੀ ਭਾਈ ਮਰਦਾਨੇ ਸਮੇਤ ਕੈਦ ਹੋ ਗਏ। ਇਸ ਕੈਦ ਦੌਰਾਨ ਗੁਰੂ ਜੀ ਨੇ ਬਾਬਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਗੁਰੂ ਸਾਹਿਬ ਮੂੰਹੋਂ ਸੱਚ ਸੁਣ ਕੇ ਬਾਬਰ ਨੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।
ਉਪਰੋਕਤ ਦੀ ਰੋਸ਼ਨੀ ਵਿੱਚ ਕਿਹਾ ਜਾ ਸਕਦਾ ਹੈ ਕਿ ਰੱਬੀ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਉਸ ਵਕਤ ਦੁਨੀਆਂ ਭਰ ਦੀ ਲੋਕਾਈ ਦੇ ਨਾਲ ਹੁੰਦੇ ਧੱਕੇ ਅਤੇ ਬੇਇਨਸਾਫ਼ੀ ਦਾ ਇਲਮ ਸੀ। ਸਿਰਫ਼ ਇਲਮ ਹੀ ਨਹੀਂ ਸਗੋਂ ਗੁਰੂ ਜੀ ਦੇ ਮਨ ਮੰਦਰ ਵਿੱਚ ਲੋਕਾਂ ਦਾ ਦਰਦ ਵੀ ਸੀ। ਇਸ ਦਰਦ ਨੂੰ ਵੰਡਾਉਣ ਲਈ ਉਹਨਾਂ ਦੇਸ਼-ਵਿਦੇਸ਼ ਦਾ ਕੋਹਾਂ ਮੀਲ ਪੈਂਡਾ ਤਹਿ ਕੀਤਾ। ਇਹ ਇੱਕ ਅਜਿਹਾ ਬਿਖੜਿਆ ਪੈਂਡਾ ਸੀ ਜਿਸ ਉਪਰ ਚਲਣਾ ਗੁਰੂ ਨਾਨਕ ਮਹਾਰਾਜ ਜੀ ਵਰਗੇ ਦਲੇਰ, ਫਿਲਾਸਫਰ ਅਤੇ ਸੱਚ ਦੇ ਵਪਾਰੀ ਮਹਾਂਪੁਰਖ ਦੇ ਹੀ ਹਿੱਸੇ ਆ ਸਕਦਾ ਹੈ।
ਰਮੇਸ਼ ਬੱਗਾ ਚੋਹਲਾ
9463132719