ਗੁਰਬਾਣੀ ਵਿੱਚ ਇਸਤਰੀ

ਗੁਰਬਾਣੀ ਵਿੱਚ ਇਸਤਰੀ

ਸੁਰਿੰਦਰ ਪਾਲ ਕੌਰ

ਹਰ ਧਰਮ ਮੁਤਾਬਿਕ ਹਰ ਜੀਵ ਨੂੰ ਪਰਮਾਤਮਾ ਦਾ ਸਿਰਜਿਆ ਗਿਆ ਮੰਨਿਆ ਜਾਂਦਾ ਹੈ। ਨਰ ਅਤੇ ਮਾਦਾ ਆਪਣੀਆਂ ਨਸਲਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਦੇ ਵਾਧੇ ਲਈ ਜ਼ਿੰਮੇਵਾਰ ਹੁੰਦੇ ਹਨ। ਸੋ ਆਪਣੀਆਂ ਨਸਲਾਂ ਨੂੰ ਅੱਗੇ ਚਲਾਉਣ ਲਈ ਨਰ ਅਤੇ ਮਾਦਾ ਦੋਵਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਕਿਸੇ ਇੱਕ ਤੋਂ ਬਿਨਾਂ ਇਸ ਵਿਕਾਸ ਨੂੰ ਕਿਆਸਿਆ ਵੀ ਨਹੀਂ ਜਾ ਸਕਦਾ। ਦੋਵੇਂ ਇੱਕ-ਦੂਜੇ ਦੇ ਸਹਾਇਕ ਵੀ ਹਨ ਅਤੇ ਪੂਰਕ ਵੀ ਤਾਂ ਫਿਰ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਛੁਟਿਆਉਣਾ ਕੁਦਰਤ ਦੇ ਨੇਮਾਂ ਦੇ ਉਲਟ ਹੋਵੇਗਾ।

ਬਾਕੀ ਜੀਵਾਂ ਅੰਦਰ ਪਰਮਾਤਮਾ ਦਾ ਬਣਾਇਆ ਇਹ ਅਸੂਲ ਬਿਲਕੁਲ ਇਕਸਾਰਤਾ ਨਾਲ ਵਾਪਰਦਾ ਹੈ। ਪਰ ਅਸੀਂ ਮਨੁੱਖਾਂ ਨੇ ਕੁਦਰਤ ਦੇ ਇਸ ਨਿਯਮ ਨੂੰ ਤੋੜਿਆ ਹੈ। ਉਂਝ ਤਾਂ ਸਾਡੀ ਮਨੁੱਖ ਜਾਤੀ ਦੀ ਸਭ ਤੋਂ ਵੱਡੀ ਤ੍ਰਾਸਦੀ ਇਹੀ ਰਹੀ ਹੈ ਕਿ ਕੁਦਰਤ ਦੇ ਬਣਾਏ ਹੋਏ ਨੇਮਾਂ ਨੂੰ ਅਸੀਂ ਹੀ ਤੋੜਦੇ ਆਏ ਹਾਂ ਅਤੇ ਤੋੜ ਰਹੇ ਹਾਂ। ਬਾਕੀ ਜੀਵ-ਜੰਤੂ ,ਪਸ਼ੂ-ਪੰਛੀ, ਬਿਰਖ- ਬਨਸਪਤੀ ਸਭ ਕੁਦਰਤੀ ਨੇਮ ਅੰਦਰ ਬੱਝੇ ਹੋਏ ਹੀ ਵਿਚਰਦੇ ਹਨ।

ਇਹ ਮਨੁੱਖ ਹੀ ਹੈ ਜਿਸ ਨੇ ਨਰ ਅਤੇ ਮਾਦਾ, ਇਸਤਰੀ ਅਤੇ ਪੁਰਖ ਵਿਚਲੇ ਕੁਦਰਤੀ ਬਰਾਬਰੀ ਦੇ ਸਿਧਾਂਤ ਨਾਲ ਵੀ ਛੇੜਛਾੜ ਕੀਤੀ ਹੈ। ਸਮਾਨਤਾ, ਬਰਾਬਰੀ, ਇਕਸਾਰਤਾ ਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਹਰੇਕ ਮਨੁੱਖ, ਮਨੁੱਖ ਹੈ। ਇਸਤਰੀ-ਪੁਰਖ ਬਾਅਦ ਵਿੱਚ ਹੈ। ਇਸੇ ਇਕਸਾਰਤਾ, ਬਰਾਬਰੀ ਜਾਂ ਸਮਾਨਤਾ ਨੂੰ ਮਾਨਵਵਾਦ ਜਾਂ ਮਨੁੱਖਤਾਵਾਦ ਕਿਹਾ ਜਾਂਦਾ ਹੈ।

ਇਤਿਹਾਸ ਪੜ੍ਹਿਆਂ ਪਤਾ ਲੱਗਦਾ ਹੈ ਕਿ ਮਾਨਵਤਾਵਾਦ ਦਾ ਫਲਸਫ਼ਾ ਉੱਨੀਵੀਂ ਸਦੀ ਵਿੱਚ ਯੂਰਪ ’ਚ ਪ੍ਰਚਲਿਤ ਹੋਇਆ ਸੀ, ਪਰ ਵੀਹਵੀਂ ਸਦੀ ਤੱਕ ਇਸ ਫਲਸਫ਼ੇ ਨੂੰ ਸੰਸਾਰ ਪੱਧਰ ’ਤੇ ਮਾਨਤਾ ਪ੍ਰਾਪਤ ਹੋਈ। ਅਸੀਂ ਹੈਰਾਨ ਰਹਿ ਜਾਂਦੇ ਹਾਂ ਕਿ ਇਹੀ ਫਲਸਫ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਦਰਵੀਂ ਸਦੀ ਵਿੱਚ ਹੀ ਦੇ ਦਿੱਤਾ ਸੀ। ਸੋ ਸਾਨੂੰ ਪੰਜਾਬੀ ਹੋਣ ’ਤੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਹੋਣ ’ਤੇ ਮਾਣ ਹੋਣਾ ਚਾਹੀਦਾ ਹੈ ਕਿ ਜਿਸ ਫਲਸਫ਼ੇ ਨੂੰ ਅਗਾਂਹਵਧੂ ਕਹਾਉਣ ਵਾਲੇ ਯੂਰਪੀ ਦੇਸ਼ਾਂ ਨੇ ਆਧੁਨਿਕ ਸਮੇਂ ਵਿੱਚ ਅਪਣਾਇਆ, ਸਾਡੇ ਕੋਲ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰ ਸਦਕਾ ਉਹ ਪੰਜ ਸਦੀਆਂ ਪਹਿਲਾਂ ਹੀ ਆ ਚੁੱਕਾ ਸੀ। ਇਹੀ ਕਾਰਨ ਹੈ ਕਿ ਸਿੱਖ ਧਾਰਮਿਕ ਫਲਸਫ਼ੇ ਦਾ ਕੇਂਦਰ ਬਿੰਦੂ ਮਨੁੱਖਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਆਈਆਂ ਨੌਂ ਜੋਤਾਂ ਨੇ ਇਸੇ ਫਲਸਫ਼ੇ ਨੂੰ ਵਿਸਥਾਰਿਆ ਅਤੇ ਪ੍ਰਚਾਰਿਆ।

ਇਸ ਵਿਸ਼ੇ ਬਾਬਤ ਇਹ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਵਿੱਚੋਂ ਇਸਤਰੀ ਨੂੰ ਬਲ ਮਿਲਦਾ ਹੈ। ਕੀ ਅਸੀਂ ਉਸ ਬਲ ਨੂੰ ਅਮਲੀ ਰੂਪ ਵਿੱਚ ਸਵੀਕਾਰਦੇ ਹਾਂ? ਜੇਕਰ ਸਵੀਕਾਰਦੇ ਹਾਂ ਤਾਂ ਕਿਸ ਹੱਦ ਤੱਕ ਅਤੇ ਕਿਸ ਪੱਧਰ ਤੱਕ?

ਇਤਿਹਾਸ ਪੜ੍ਹਿਆਂ ਪਤਾ ਲੱਗਦਾ ਹੈ ਕਿ ਜਦੋਂ ਸੱਭਿਆਚਾਰ ਅਤੇ ਸੱਭਿਅਤਾ ਨੇ ਇੰਨਾ ਵਿਕਾਸ ਨਹੀਂ ਕੀਤਾ ਸੀ ਉਦੋਂ ਕਬੀਲਾ ਯੁੱਗ ਦੌਰਾਨ ਸ਼ੁਰੂ-ਸ਼ੁਰੂ ਵਿੱਚ ਕਬੀਲਿਆਂ ਦੀਆਂ ਮੁਖੀ ਇਸਤਰੀਆਂ ਹੁੰਦੀਆਂ ਸਨ। ਸਮਰੱਥਾ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਪੁਰਸ਼ਾਂ ਦੇ ਮੁਕਾਬਲੇ ਥੋੜ੍ਹੀ ਘੱਟ ਸਰੀਰਕ ਸਮਰੱਥਾ ਹੋਣ ਦੇ ਬਾਵਜੂਦ ਨਾਰੀ ਦੂਜਿਆਂ ਦੇ ਕੰਮ ਆਉਣ ਦੀ ਯੋਗਤਾ ਵੱਧ ਦਿਖਾਉਂਦੀ ਰਹੀ ਹੈ। ਇਹ ਵੀ ਸੱਚ ਹੈ ਕਿ ਸਮਾਜ ਦੀ ਬਿਹਤਰੀ ਲਈ ਇਸ ਨੂੰ ਜੇਕਰ ਕੋਈ ਹਾਂ-ਪੱਖੀ ਕਾਰਜ ਸੌਂਪਿਆ ਜਾਵੇ ਤਾਂ ਇਹ ਮਰਦਾਂ ਨਾਲੋਂ ਅਗਾਂਹ ਨਿਕਲ ਜਾਂਦੀ ਹੈ। ਔਰਤ ਅਤੇ ਮਰਦ ਭਾਵੇਂ ਇੱਕ ਦੂਜੇ ਦੇ ਸਹਿਯੋਗੀ ਅਤੇ ਪੂਰਕ ਹੁੰਦੇ ਹਨ, ਪਰ ਤਾਂ ਵੀ ਦੇਖਿਆ ਜਾਵੇ ਤਾਂ ਜ਼ਿਆਦਾਤਰ ਪੁਰਸ਼ ਜਿੱਥੇ ਆਪਣੇ ਸਰੀਰਕ ਬਲ ਦਾ ਪ੍ਰਗਟਾਵਾ ਕਰਨ ਲਈ ਹਿੰਸਕ ਵਤੀਰੇ ਦੀ ਵਰਤੋਂ ਕਰਦਾ ਹੈ, ਉੱਥੇ ਇਸਤਰੀ ਸੇਵਾ, ਨਿਮਰਤਾ, ਮੋਹ, ਮਮਤਾ ਆਦਿ ਨਾਲ ਆਪਣੇ ਬਲ ਦਾ ਪ੍ਰਦਰਸ਼ਨ ਕਰਦੀ ਹੈ।

ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਜਿਸ ਮਾਨਵਤਾਵਾਦੀ ਫਲਸਫ਼ੇ ਦੀ ਗੱਲ ਉੱਨੀਵੀਂ-ਵੀਹਵੀਂ ਸਦੀ ਵਿੱਚ ਸਾਹਮਣੇ ਆਈ ਅਤੇ ਪ੍ਰਚਲਿਤ ਹੋਈ ਉਸ ਫਲਸਫ਼ੇ ਦੀ ਨੀਂਹ ਪੰਜਾਬ ਦੀ ਧਰਤੀ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪੰਦਰਵੀਂ ਸਦੀ ਵਿੱਚ ਹੀ ਰੱਖੀ ਜਾ ਚੁੱਕੀ ਸੀ। ਗੁਰਮਤਿ ਫਲਸਫ਼ਾ ਪ੍ਰਚੱਲਿਤ ਪੁਰਾਤਨ ਧਰਮਾਂ ਵਿਚਲੇ ਦੰਭ, ਕਰੜੇ ਅਤੇ ਕੁਦਰਤ ਦੇ ਪ੍ਰਤੀਕੂਲ ਨੇਮਾਂ ਦੇ ਸੁਧਾਰਕ ਵਜੋਂ ਮੰਨਿਆ ਜਾਂਦਾ ਹੈ, ਇਸ ਦੇ ਨਾਲ ਹੀ ਇਹ ਮਨੁੱਖਤਾ ਦੇ ਅਨੁਸਾਰੀ ਵੀ ਹੈ। ਕੁਦਰਤ ਦੇ ਇਸ ਨੇਮ, ਕਿ ਸਾਰੇ ਮਨੁੱਖ ਬਰਾਬਰ ਹਨ, ਦੀ ਦ੍ਰਿੜ੍ਹਤਾ ਗੁਰਮਤਿ ਵਿੱਚ ਸਹਿਜੇ ਹੀ ਦੇਖੀ ਜਾ ਸਕਦੀ ਹੈ।

ਜਦੋਂ ਵੀ ਕਿਤੇ ਸਮਾਜ ਵਿੱਚ ਇਸਤਰੀ ਦੀ ਬਰਾਬਰੀ, ਉਸ ਦੇ ਮਾਣ ਦੀ ਗੱਲ ਹੁੰਦੀ ਹੈ ਤਾਂ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਯਾਦ ਆਉਂਦੇ ਹਨ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।

ਸਿਰਫ਼ ਇੰਨਾ ਹੀ ਨਹੀਂ ਸਗੋਂ ਕਿਹਾ ਜਾਂਦਾ ਹੈ ਕਿ ਸਮਾਜ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਕਿਤੇ ਉਪਦੇਸ਼ ਕਰਦੇ ਸਨ, ਇਸਤਰੀ ਪੁਰਸ਼ ਸਭ ਨੂੰ ਸੰਗਤੀ ਰੂਪ ਵਿੱਚ ਬੈਠਣ ਦਾ ਹੁਕਮ ਹੁੰਦਾ ਸੀ ਜਦੋਂਕਿ ਪਹਿਲਾਂ ਔਰਤਾਂ ਨੂੰ ਧਾਰਮਿਕ ਉਪਦੇਸ਼ ਦੇਣਾ ਹੀ ਵਰਜਿਤ ਸੀ। ਸੋ ਇਹ ਉਹ ਬਲ ਹੈ ਜੋ ਗੁਰੂ ਸਾਹਿਬਾਨ ਨੇ ਉਪਦੇਸ਼ਾਂ ਅਤੇ ਗੁਰਬਾਣੀ ਰਾਹੀਂ ਅਮਲੀ ਰੂਪ ਵਿੱਚ ਇਸਤਰੀ ਦੇ ਪੱਖ ਵਿੱਚ ਦਿੱਤਾ ਗਿਆ ਹੈ ਕਿ ਇਸਤਰੀ ਨੂੰ ਮੰਦਾ ਕਿਉਂ ਬੋਲਿਆ ਜਾਵੇ ਜਿਸ ਨੇ ਸਾਨੂੰ ਸਭ ਨੂੰ ਜਨਮ ਦਿੱਤਾ ਹੈ।

ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਜੀ ਨੂੰ ਖਡੂਰ ਸਾਹਿਬ ਵਿਖੇ ਲੰਗਰਾਂ ਦੇ ਇੰਚਾਰਜ ਥਾਪਿਆ ਹੋਇਆ ਸੀ। ਮਾਤਾ ਜੀ ਦੁਆਰਾ ਲੰਗਰ ਵਿੱਚ ਵਰਤਾਈ ਜਾਂਦੀ ਖੀਰ ਦੀ ਮਹਿਮਾ ਹਰੇਕ ਮਾਈ ਭਾਈ ਜਾਣਦੇ ਸਨ।

ਤੀਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਪ੍ਰੰਪਰਾ ਦੇ ਸਿਧਾਂਤਾਂ ਨੂੰ ਹੋਰ ਅੱਗੇ ਤੋਰਦਿਆਂ ਸਤੀ ਪ੍ਰਥਾ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ:

ਸਤੀਆ ਏਹਿ ਨ ਆਖੀਅਨਿ ਜੋ ਮੜੀਆ ਲਗਿ ਜਲੰਨਿ੍।। ਨਾਨਕ ਸਤੀਆ ਸੇਈ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍।।

ਆਪਾਂ ਸਭ ਜਾਣਦੇ ਹਾਂ ਕਿ ਹਿੰਦੋਸਤਾਨ ਵਿੱਚ ਪਤੀ ਦੀ ਮੌਤ ਤੋਂ ਬਾਅਦ ਪਤੀ ਦੇ ਨਾਲ ਸੜ ਕੇ ਮਾਰਨ ਵਾਲੀ ਇਸਤਰੀ ਨੂੰ ਸਤੀ ਕਿਹਾ ਜਾਂਦਾ ਸੀ ਅਤੇ ਇਹ ਰਸਮ ਲਾਜ਼ਮੀ ਹੁੰਦੀ ਸੀ। ਇਹ ਵੀ ਜਾਣਦੇ ਹਾਂ ਕਿ ਬੰਗਾਲ ਦੇ ‘ਨਵ ਜਾਗਰਣ ਯੁੱਗ’ ਦੇ ਪਿਤਾਮਾ ਅਤੇ ‘ਬ੍ਰਹਮੋ ਸਮਾਜ’ ਦੇ ਸੰਸਥਾਪਕ ਰਾਜਾ ਰਾਮ ਮੋਹਨ ਰਾਏ ਨੇ 1812 ਈਸਵੀ ਵਿੱਚ ਇਸ ਘਾਤਕ ਪਰੰਪਰਾ ਵਿਰੁੱਧ ਆਵਾਜ਼ ਉਠਾਈ। ਪਰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਰਾਜਾ ਰਾਮ ਮੋਹਨ ਰਾਏ ਤੋਂ ਬਹੁਤ ਸਮਾਂ ਪਹਿਲਾਂ ਹੀ ਇਸ ਪ੍ਰਥਾ ਦਾ ਵਿਰੋਧ ਕਰ ਦਿੱਤਾ ਸੀ। ਲੇਖਕ ਗੁਰਦੀਸ਼ ਕੌਰ ਗਰੇਵਾਲ ਅਨੁਸਾਰ:

‘‘ਉਨ੍ਹਾਂ ਨੇ (ਸ੍ਰੀ ਗੁਰੂ ਅਮਰਦਾਸ ਜੀ ਨੇ) ਅਕਬਰ ਬਾਦਸ਼ਾਹ ਨੂੰ ਕਹਿ ਕੇ ਸਤੀ ਪ੍ਰਥਾ ਬੰਦ ਕਰਵਾਉਣ ਲਈ ਕਾਨੂੰਨ ਬਣਵਾਇਆ। ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਜੇ ਮਰਦ ਦੂਜਾ ਵਿਆਹ ਕਰਵਾ ਸਕਦਾ ਹੈ ਤਾਂ ਔਰਤ ਕਿਉਂ ਨਹੀਂ? ਸੋ ਉਨ੍ਹਾਂ ਨੇ ਵਿਧਵਾ ਵਿਆਹ ਦੀ ਰੀਤ ਵੀ ਸ਼ੁਰੂ ਕੀਤੀ।’’

ਸ੍ਰੀ ਗੁਰੂ ਅਮਰਦਾਸ ਜੀ ਨੇ ਔਰਤਾਂ ਦੇ ਪੱਖ ਵਿੱਚ ਬੇਹੱਦ ਕ੍ਰਾਂਤੀਕਾਰੀ ਰੀਤਾਂ ਸ਼ੁਰੂ ਕੀਤੀਆਂ ਅਤੇ ਸੰਗਤਾਂ ਨੂੰ ਇਨ੍ਹਾਂ ’ਤੇ ਅਮਲ ਕਰਨ ਦੀ ਤਾਕੀਦ ਕੀਤੀ। ਆਮ ਕਰਕੇ ਔਰਤਾਂ ਲਈ ਪਰਦੇ ਦੀ ਪ੍ਰਥਾ ਪ੍ਰਚਲਿਤ ਹੋਣ ਕਾਰਨ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਬੀਬੀਆਂ ਘੁੰਡ ਕੱਢ ਕੇ ਆਇਆ ਕਰਦੀਆਂ ਸਨ। ਗੁਰੂ ਸਾਹਿਬ ਨੇ ਸੰਗਤ ਨੂੰ ਹੁਕਮ ਕੀਤਾ ਕਿ ਸੰਗਤ ਵਿੱਚ ਕੋਈ ਵੀ ਬੀਬੀ ਘੁੰਡ ਕੱਢ ਕੇ ਨਾ ਆਵੇ। ਸੋ ਇਸ ਤਰ੍ਹਾਂ ਆਮ ਜੀਵਨ ਵਿੱਚ ਵੀ ਇਸਤਰੀਆਂ ਨੂੰ ਘੁੰਡ ਦੀ ਪ੍ਰਥਾ ਤੋਂ ਰਾਹਤ ਮਿਲੀ।

ਮੰਜੀ ਪ੍ਰਥਾ ਦੌਰਾਨ ਆਪ ਜੀ ਨੇ ਗੁਰਮਤਿ ਪ੍ਰਚਾਰ ਲਈ ਵੱਖੋ ਵੱਖਰੇ ਥਾਵਾਂ ’ਤੇ 22 ਮੰਜੀਆਂ ਸਥਾਪਤ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਦੋ ਮੰਜੀਆਂ (ਇੱਕ ਕਾਬਲ ਅਤੇ ਦੂਜੀ ਕਸ਼ਮੀਰ) ਲਈ ਦੋ ਬੀਬੀਆਂ ਨੂੰ ਪ੍ਰਚਾਰਕ ਦੇ ਤੌਰ ’ਤੇ ਜ਼ਿੰਮੇਵਾਰੀ ਸੌਂਪੀ ਗਈ।

ਛੇਵੇਂ ਪਾਤਸ਼ਾਹ ਨੇ ‘ਔਰਤ ਈਮਾਨ ਹੈ’ ਕਹਿ ਕੇ ਇਸਤਰੀ ਜਾਤੀ ਦੀ ਵਡਿਆਈ ਕੀਤੀ। ਆਪ ਜੀ ਅਨੁਸਾਰ ਹਰੇਕ ਮਾਂ ਦੀ ਇੱਕ ਧੀ ਜ਼ਰੂਰ ਹੋਣੀ ਚਾਹੀਦੀ ਹੈ। ਗੁਰਬਿਲਾਸ ਪਾਤਸ਼ਾਹੀ ਛੇਵੀਂ ਅਨੁਸਾਰ:

ਸੀਲ ਖ਼ਾਨ ਕੰਨਿਆ ਇਕ ਹੋਵੈ।

ਨਹੀ ਤਾਂ ਮਾਂ ਗ੍ਰਿਹਸਤ ਵਿਗੋਵੈ।

ਗੁਰਮਤਿ ਵਿੱਚ ਔਰਤ ਮਰਦ ਦੀ ਕਮਜ਼ੋਰੀ ਵਜੋਂ ਨਹੀਂ ਸਗੋਂ ਤਾਕਤ ਦੇ ਤੌਰ ’ਤੇ ਪੇਸ਼ ਹੋਈ ਹੈ। ਗੁਰਮਤਿ ਫਲਸਫ਼ੇ ਅਨੁਸਾਰ ਔਰਤ ਆਪਣੇ ਆਪ ਵਿੱਚ ਇੱਕ ਸ਼ਕਤੀ ਹੈ ਜੋ ਸਦਾ ਹੀ ਸਤਿਕਾਰਯੋਗ ਹੈ। ਇਹੀ ਕਾਰਨ ਹੈ ਕਿ ਅਬਦਾਲੀ ਵਰਗੇ ਧਾੜਵੀਆਂ ਵੱਲੋਂ ਅਗਵਾ ਕੀਤੀਆਂ ਇਸਤਰੀਆਂ ਨੂੰ ਛੁਡਵਾਉਣ ਅਤੇ ਬਾਇੱਜ਼ਤ ਘਰੋ-ਘਰੀ ਪਹੁੰਚਾਉਣ ਵਰਗਾ ਜ਼ਿੰਮੇਵਾਰੀ ਅਤੇ ਦਲੇਰੀ ਭਰਿਆ ਕਾਰਜ ਖ਼ਾਲਸੇ ਦੇ ਹੀ ਹਿੱਸੇ ਆਇਆ।

ਗੁਰਮਤਿ ਅਨੁਸਾਰ ਇਸਤਰੀ ਤਰਸ ਦੀ ਪਾਤਰ, ਕੁਲੱਛਣੀ, ਬਾਘਣ, ਘਾਤਣ ਅਤੇ ਪੈਰ ਦੀ ਜੁੱਤੀ ਨਹੀਂ ਸਗੋਂ ਸਤਿਕਾਰਯੋਗ, ਨਿਮਰਤਾ, ਸੰਜਮ, ਅਤੇ ਮਮਤਾ ਦੀ ਮੂਰਤ ਹੈ। ਸਿੱਖ ਸਿਧਾਂਤਾਂ ਵਿੱਚ ਇਸਤਰੀ ਲਈ ਅਬਲਾ ਵਿਚਾਰੀ ਦਾ ਸੰਕਲਪ ਸਿਰਜਣ ਦੀ ਬਜਾਇ ਸ਼ੇਰਨੀ, ਬਹਾਦਰ, ਨਿਡਰ ਅਤੇ ਲੋੜ ਪੈਣ ’ਤੇ ਚੰਡੀ ਵਾਲੇ ਰੂਪ ਨੂੰ ਸਿਰਜਿਆ ਤੇ ਉਭਾਰਿਆ ਗਿਆ ਹੈ।

ਅੱਜ ਬੇਹੱਦ ਤਰੱਕੀ ਕਰਨ ਦੇ ਬਾਵਜੂਦ ਸਾਡਾ ਸਮਾਜ ਇਸਤਰੀ ਪ੍ਰਤੀ ਸੋਚ ਦੇ ਮਾਮਲੇ ਵਿੱਚ ਪਿਛਾਂਹ-ਖਿੱਚੂ ਹੀ ਬਣਿਆ ਹੋਇਆ ਹੈ। ਅੱਜ ਵੀ ਸਾਡੀ ਸੋਚ ਕੁੜੀ ਦੇ ਮੁਕਾਬਲੇ ਮੁੰਡਿਆਂ ਨੂੰ ਤਰਜੀਹ ਦੇਣ ਤੱਕ ਸੀਮਤ ਹੈ। ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਅਨੁਪਾਤਕ ਤੌਰ ’ਤੇ ਘੱਟ ਹੋਣ ਕਾਰਨ ਨਵੇਂ ਨਵੇਂ ਕਾਨੂੰਨ ਬਣ ਰਹੇ ਹਨ। ਮਾਦਾ ਭਰੂਣ ਹੱਤਿਆ ਬਾਰੇ ਪ੍ਰਚਾਰ ਕਰਨ ਦੇ ਨਾਲ-ਨਾਲ ਕਾਨੂੰਨੀ ਸਜ਼ਾਵਾਂ ਵੀ ਨਿਸ਼ਚਿਤ ਕੀਤੀਆਂ ਜਾ ਰਹੀਆਂ ਹਨ, ਪਰ ਗੁਰਮਤਿ ਵਿੱਚ ਪਹਿਲਾਂ ਹੀ ਕੰਨਿਆ ਮਾਰਨਾ ਮਹਾਂਪਾਪ ਆਖਿਆ ਜਾ ਚੁੱਕਾ ਹੈ।

ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ।।

ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ।।

ਰਹਿਤਨਾਮੇ ਅਨੁਸਾਰ:

ਕੁੜੀਮਾਰ ਆਦਿਕ ਹੈ ਜੇਤੇ।

ਮਨ ਤੋਂ ਦੂਰ ਤਿਆਗੋ ਤੇਤੇ।

ਦਾਜ ਮੰਗਣ ਜਾਂ ਦੇਣ ਬਾਰੇ ਵੀ ਨਾਸ਼ਵਾਨ ਵਸਤਾਂ ਦੀ ਬਜਾਇ

ਹਰ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ।।

ਦੀ ਮੰਗ ਕੀਤੀ ਗਈ ਹੈ।

ਗੁਰਮਤਿ ਸਿਧਾਂਤ ਅਤੇ ਫਲਸਫ਼ਾ ਸਿਰਫ਼ ਕਹਿਣ ਲਈ ਹੀ ਬਾਕੀ ਧਾਰਮਿਕ ਫਲਸਫ਼ਿਆਂ ਦੇ ਮੁਕਾਬਲੇ ਆਧੁਨਿਕ, ਮਨੁੱਖ ਅਨੁਸਾਰੀ, ਕੁਦਰਤ ਅਨੁਸਾਰੀ ਅਤੇ ਬਰਾਬਰਤਾ ਦਾ ਨਹੀਂ ਸਗੋਂ ਸੱਚਮੁੱਚ ਹੀ ਅਗਾਂਹਵਧੂ ਅਸੂਲਾਂ ਦਾ ਲਖਾਇਕ ਹੈ। ਜਿਨ੍ਹਾਂ ਨਾਬਰਾਬਰੀਆਂ, ਅਸਮਾਨਤਾਵਾਂ ਬਾਰੇ ਪੰਜ ਸਦੀਆਂ ਬਾਅਦ ਸਾਡੇ ਵਿਦਵਾਨ, ਵਿਗਿਆਨੀ, ਸਿਆਸਤਦਾਨ ਸੋਚ ਹੀ ਰਹੇ ਹਨ, ਉਨ੍ਹਾਂ ਬਾਰੇ ਸਾਡੇ ਗੁਰੂ ਸਾਹਿਬਾਨ ਪਹਿਲਾਂ ਹੀ ਦੱਸ ਚੁੱਕੇ ਅਤੇ ਉਸ ਤੋਂ ਵੀ ਅਗਾਂਹ ਉਨ੍ਹਾਂ ਸਭ ਦੇ ਹੱਲ ਵੀ ਦੱਸ ਚੁੱਕੇ ਹਨ।

ਸਮੁੱਚੀ ਗੁਰਬਾਣੀ ਨੂੰ ਵਿਚਾਰਦਿਆਂ ਇਹ ਗੱਲ ਦ੍ਰਿੜ੍ਹ ਹੋ ਜਾਂਦੀ ਹੈ ਕਿ ਇਸਤਰੀ ਅੰਦਰਲੇ ਗੁਣ ਮਰਦ ਦੇ ਮੁਕਾਬਲੇ ਵੀ ਪ੍ਰਭੂ ਪ੍ਰਮੇਸ਼ਰ ਦੇ ਕਰਤਾਰੀ ਗੁਣਾਂ ਦੇ ਵਧੇਰੇ ਨੇੜੇ ਹਨ। ਇਹੀ ਕਾਰਨ ਹੈ ਕਿ ਸਮੁੱਚੀ ਗੁਰਬਾਣੀ ਵਿੱਚ ਮਨੁੱਖ ਜੀਵ ਇਸਤਰੀ ਵਾਚਕ ਨਾਂ ਨਾਲ ਹੀ ਸੰਬੋਧਨ ਕੀਤਾ ਗਿਆ ਹੈ।

ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ।।

ਸਿੱਖ ਧਰਮ ਵਿੱਚ ਇਸਤਰੀ ਸਤਿਕਾਰ ਅਤੇ ਮਾਣ ਵਜੋਂ ਪ੍ਰਵਾਨਿਤ ਹੈ। ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ, ਮਾਤਾ ਸਾਹਿਬ ਕੌਰ ਜੀ, ਬੀਬੀ ਨਾਨਕੀ, ਮਾਈ ਭਾਗੋ, ਬੀਬੀ ਵੀਰੋ ਜੀ ਦਾ ਨਾਂ ਲੈਂਦਿਆਂ ਹਰੇਕ ਦਾ ਸਿਰ ਸਤਿਕਾਰ ਵਿੱਚ ਝੁਕ ਜਾਂਦਾ ਹੈ।

ਗੁਰਬਾਣੀ ਵਿੱਚ ਥਾਂ ਥਾਂ ਜ਼ਿਕਰ ਹੈ ਕਿ ਨਾਰੀ ਅਤੇ ਪੁਰਖ ਵਿੱਚ ਕੋਈ ਅੰਤਰ ਨਹੀਂ

* ਕਉਨ ਕੋ ਪੁਰਖੁ ਕਉਨ ਕੋ ਨਾਰੀ।।

ਇਆ ਤਤ ਲੇਹੁ ਸਰੀਰ ਬੀਚਾਰੀ।।
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ।।
* ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ।।

ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ।।

ਗੁਰਬਾਣੀ ਅਨੁਸਾਰ ਸਮੁੱਚੀ ਮਨੁੱਖ ਜਾਤੀ ਇਸਤਰੀ-ਪੁਰਖ, ਬਾਲ, ਬੱਚਾ, ਜਵਾਨ, ਬੁੱਢਾ ਸਭ ਨਾਰੀ ਰੂਪ ਹਨ। ਕੇਵਲ ਤੇ ਕੇਵਲ ਇੱਕ ਪੁਰਖ ਪ੍ਰਭੂ ਪਰਮਾਤਮਾ ਹੈ। ਅਸੀਂ ਸਭ ਉਸ ਦੀਆਂ ਨਾਰੀਆਂ ਹਾਂ। ਸੋ ਜੀਵ ਵਿਗਿਆਨਕ ਤੌਰ ਤੇ, ਸਰੀਰਕ ਤੌਰ ’ਤੇ ਇਸਤਰੀ ਜਾਂ ਪੁਰਖ ਹੋਣ ਦਾ ਕੋਈ ਅਰਥ ਹੀ ਨਹੀਂ।

ਸਮੁੱਚੀ ਗੁਰਬਾਣੀ, ਗੁਰਮਤਿ ਫਲਸਫ਼ਾ ਅਤੇ ਸਿਧਾਂਤ ਮੂਲ ਰੂਪ ਵਿੱਚ ਇਸਤਰੀ ਨੂੰ ਸ਼ਕਤੀ ਅਤੇ ਬਲ ਬਖ਼ਸ਼ਦੇ ਹਨ। ਲੋੜ ਇਸ ਗੱਲ ਦੀ ਹੈ ਕਿ ਅਸੀਂ ਉਸ ਬਲ ਨੂੰ ਗ੍ਰਹਿਣ ਕਰੀਏ ਤੇ ਉਸ ਸ਼ਕਤੀ ਨੂੰ ਆਤਮਸਾਤ ਕਰੀਏ।

ਅਸੀਂ ਹਰੇਕ ਇਸਤਰੀ ਦਿਵਸ ਤੇ ਸਿਧਾਂਤਕ ਤੌਰ ’ਤੇ ਇਨ੍ਹਾਂ ਗੱਲਾਂ ਬਾਰੇ ਵਿਚਾਰ ਕਰਦੇ ਹਾਂ, ਪਰ ਇਸਤਰੀਆਂ, ਲੜਕੀਆਂ, ਬੱਚੀਆਂ ਨੇ ਅਮਲੀ ਰੂਪ ਵਿੱਚ ਬਲ ਕਿਵੇਂ ਲੈਣਾ ਹੈ, ਇਸ ਬਾਰੇ ਕਦੇ ਗੰਭੀਰਤਾ ਨਾਲ ਵਿਚਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਰਾਬਰੀ ਅਤੇ ਮਾਣ-ਸਤਿਕਾਰ ਦਾ ਰੁਤਬਾ ਦਿੱਤਾ ਹੈ। ਜੋ ਸ਼ਾਇਦ ਹੁਣ ਤੱਕ ਵੀ ਨਾ ਮਿਲਦਾ ਜੇਕਰ ਪੰਜ ਸਦੀਆਂ ਪਹਿਲਾਂ ਸਿੱਖ ਧਰਮ ਇਸ ਧਰਤੀ ’ਤੇ ਸ਼ੁਰੂ ਨਾ ਹੋਇਆ ਹੁੰਦਾ।

ਅਜੋਕੇ ਯੁੱਗ ਵਿੱਚ ਬਾਹਰੀ ਰੂਪ ਵਿੱਚ ਇਸਤਰੀ ਆਜ਼ਾਦ ਹੈ, ਬਰਾਬਰ ਹੈ। ਕੰਮ ਕਰਨ ਦੀ ਖੁੱਲ੍ਹ, ਬਰਾਬਰ ਤਨਖ਼ਾਹ, ਘੁੰਮਣ ਫਿਰਨ ਦੀ ਆਜ਼ਾਦੀ ਆਦਿ ਤੋਂ ਜਾਪਦਾ ਹੈ ਕਿ ਔਰਤ ਆਜ਼ਾਦ ਹੋ ਚੁੱਕੀ ਹੈ। ਪਰ ਇਸ ਮਸਨੂਈ ਆਜ਼ਾਦੀ ਦੇ ਅੰਦਰ ਕਿਤੇ ਨਾ ਕਿਤੇ ਇੱਕ ਗ਼ੁਲਾਮ ਭਾਵਨਾ ਹੈ ਜੋ ਬੜੀ ਸੂਖ਼ਮ ਹੈ। ਉਹ ਹੈ ਮਰਦ ਜਾਤ ਦੇ ਵਿਰੋਧੀ ਵਜੋਂ ਸਥਾਪਤ ਹੋਈ ਆਜ਼ਾਦੀ। ਅਸੀਂ ਹਰੇਕ ਗੱਲ ਵਿੱਚ ਮਰਦ ਵਿਰੋਧੀ ਵਿਚਾਰਾਂ ਨੂੰ ਧਾਰਨ ਕਰਨ, ਮਰਦਾਂ ਵਰਗੇ ਪਹਿਰਾਵੇ, ਮਰਦਾਂ ਵਾਂਗ ਗਾਲ੍ਹਾਂ ਕੱਢਣ, ਬਿਨਾਂ ਰੋਕ ਟੋਕ ਘਰੋਂ ਬਾਹਰ ਜਾਣ, ਬਦਤਹਿਜ਼ੀਬ ਹੋਣਾ ਆਦਿ ਨੂੰ ਹੀ ਸਮੁੱਚੀ ਆਜ਼ਾਦੀ ਸਮਝ ਲੈਂਦੇ ਹਾਂ। ਅਜਿਹੀ ਆਜ਼ਾਦੀ ਦੇ ਫ਼ਾਇਦੇ ਦੀ ਥਾਂ ਨੁਕਸਾਨ ਸਾਹਮਣੇ ਆ ਰਹੇ ਹਨ। ਜੋ ਗ਼ਲਤੀਆਂ ਜਾਂ ਨਾਕਾਰਾਤਮਕ ਰੁਝਾਨ ਪਹਿਲਾਂ ਮੁੰਡਿਆਂ/ ਮਰਦਾਂ ਵਿੱਚ ਹੋਣ ਕਰਕੇ ਸਮਾਜ ਨੂੰ ਨੁਕਸਾਨ ਹੋਇਆ ਉਹੀ ਰੁਝਾਨ ਹੁਣ ਲੜਕੀਆਂ ਵਿੱਚ ਵਧ ਰਹੇ ਹਨ। ਲੜਕੀਆਂ ਇਸੇ ਨੂੰ ਆਜ਼ਾਦੀ ਸਮਝਣ ਦਾ ਟਪਲਾ ਖਾ ਰਹੀਆਂ ਹਨ। ਇਹ ਇੱਕ ਗੰਭੀਰ ਮੁੱਦਾ ਹੈ ਜੋ ਇੱਕ ਲੰਬੀ ਅਤੇ ਸਾਰਥਕ ਬਹਿਸ ਦਾ ਵਿਸ਼ਾ ਹੈ।

ਇਸ ਵੇਲੇ ਸਿਰਫ਼ ਇਹ ਸਮਝਣ ਦੀ ਲੋੜ ਹੈ ਕਿ ਮਰਦ ਅਤੇ ਇਸਤਰੀ ਇੱਕ ਦੂਜੇ ਦੇ ਸਹਿਯੋਗੀ, ਸਹਿਭਾਗੀ ਅਤੇ ਪੂਰਕ ਹਨ ਨਾ ਕਿ ਵਿਰੋਧੀ। ਇਸਤਰੀ ਦੀ ਆਜ਼ਾਦੀ ਦੇ ਨਾਂ ’ਤੇ ਮਰਦ ਔਰਤ ਸਬੰਧਾਂ ਨੂੰ ਜੰਗ ਦੇ ਮੈਦਾਨ ਵਰਗਾ ਬਣਾਉਣਾ ਕਿਸੇ ਤਰ੍ਹਾਂ ਦੀ ਨਿਆਂਇਕ ਅਤੇ ਤਰਕਸੰਗਤ ਨਹੀਂ ਹੋ ਸਕਦਾ।

ਗੁਰੂ ਸਾਹਿਬਾਨ ਨੇ ਸਾਨੂੰ ਬਲ ਦੀ ਬਖ਼ਸ਼ਿਸ਼ ਕੀਤੀ ਹੈ ਜੋ ਆਤਮਿਕ ਸ਼ਕਤੀ ਦੇ ਨਾਲ ਨਾਲ ਆਤਮ ਸਨਮਾਨ ਅਤੇ ਸ਼ਕਤੀ ਦਾ ਪ੍ਰਤੀਕ ਹੈ, ਪਰ ਉਸ ਬਲ ਦੇ ਪ੍ਰਯੋਗ ਰਾਹੀਂ ਦਮਨਕਾਰੀ ਨੀਤੀ ਅਪਣਾਉਣ ਦੀ ਸਿੱਖਿਆ ਨਹੀਂ ਦਿੱਤੀ ਗਈ।

ਆਓ! ਗੁਰਬਾਣੀ ਰਾਹੀਂ ਮਿਲੇ ਬਲ ਨੂੰ ਆਤਮ-ਸਨਮਾਨ, ਆਤਮ-ਨਿਰਭਰਤਾ ਅਤੇ ਪ੍ਰੇਮ ਸਹਿਤ ਆਤਮਸਾਤ ਕਰੀਏ। ਸਦਾ ਚੜ੍ਹਦੀ ਕਲਾ ਵਿੱਚ ਰਹੀਏ।

ਸੰਪਰਕ: 70097-15355, 98787-57904