ਗੁਰਦੁਆਰਾ ਸੀਸ ਗੰਜ ਸ਼ਹੀਦ ਬਾਬਾ ਸਹਿਤ ਸਿੰਘ

ਗੁਰਦੁਆਰਾ ਸੀਸ ਗੰਜ ਸ਼ਹੀਦ ਬਾਬਾ ਸਹਿਤ ਸਿੰਘ

ਜਸਵਿੰਦਰ ਸਿੰਘ

ਸਿੱਖ ਕੌਮ ਦੇ ਉਨ੍ਹਾਂ ਮਰਜੀਵੜਿਆਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ, ਜਿਨ੍ਹਾਂ ਨੇ ਧਰਮ, ਅਣਖ ਤੇ ਕੌਮ ਲਈ ਆਪਾ ਵਾਰਨ ਲਈ ਮੁੜ ਪਿਛਾਂਹ ਨਹੀਂ ਤੱਕਿਆ ਤੇ ਸੀਸ ਤਲੀ ‘ਤੇ ਧਰ ਵੈਰੀਆਂ ਨੂੰ ਸਦਾ ਦੀ ਨੀਂਦ ਸਵਾਉਂਦੇ ਹੋਏ ਅੱਗੇ ਵਧਦੇ ਗਏ। ਜ਼ਿਕਰ ਕਰਨ ਲੱਗੇ ਹਾਂ 1757 ਈ: ਦਾ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲਾਂ ਵਲੋਂ ਆਪਣੀਆਂ ਤੁਰਕੀ ਫੌਜਾਂ ਲਗਾ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕੀਤਾ ਗਿਆ ਤੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ। ਇਸ ਬੇਅਦਬੀ ਦੀ ਖ਼ਬਰ ਜਦ ਬਾਬਾ ਦੀਪ ਸਿੰਘ ਨੂੰ ਇਕ ਸਿੰਘ ਨੇ ਸ੍ਰੀ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਪਹੁੰਚ ਕੇ ਸੁਣਾਈ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇਂ ਸਿੰਘਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ। ਜਿਹੜੇ ਵੀ ਸਿੰਘਾਂ ਨੂੰ ਇਸ ਜੰਗ ਬਾਰੇ ਪਤਾ ਲੱਗਿਆਂ ਤਾਂ ਉਹ ਬਾਬਾ ਦੀਪ ਸਿੰਘ ਦੇ ਜਥੇ ਵਿਚ ਸ਼ਾਮਲ ਹੁੰਦੇ ਗਏ। ਸ੍ਰੀ ਤਰਨਤਾਰਨ ਸਾਹਿਬ (ਦਰਬਾਰ ਸਾਹਿਬ) ਪਹੁੰਚ ਕੇ ਇਸ਼ਨਾਨ ਕਰ ਕੜਾਹਿ ਪ੍ਰਸ਼ਾਦਿ ਦੀਆਂ ਦੇਗਾਂ ਕਰਵਾ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਹੇ ਸੱਚੇ ਪਾਤਿਸ਼ਾਹ ਜੀ ਇਹ ਸੀਸ ਤੇਰੇ ਚਰਨਾਂ ‘ਚ ਭੇਟ ਹੋਵੇ ਜਿੰਨਾ ਚਿਰ ਤੇਰੇ ਘਰ ਨੂੰ ਦਰਾਨੀਆਂ ਤੋਂ ਆਜ਼ਾਦ ਨਹੀਂ ਕਰਵਾ ਲੈਂਦਾ, ਉਨ੍ਹਾਂ ਚਿਰ ਸ਼ਹੀਦੀ ਨਹੀਂ ਪਾਵਾਂਗਾ। ਗੋਹਲਵੜ, ਚੱਬਾ ਤੇ ਵਰਪਾਲ ਦੇ ਖੁੱਲ੍ਹੇ ਮੈਦਾਨਾਂ ‘ਚ ਦੋਹਾਂ ਧਿਰਾਂ ਦਰਮਿਆਨ ਘਮਸਾਨ ਦਾ ਯੁੱਧ ਛਿੜ ਚੁੱਕਾ ਸੀ। ਵੈਰੀ ਦਲ ਦੀਆਂ ਫੌਜਾਂ ਯਾ ਅਲੀ ਯਾ ਅਲੀ ਦੇ ਨਾਅਰੇ ਮਾਰਦੀਆਂ ਲੜ ਰਹੀਆਂ ਸਨ। ਉੱਧਰ ਦਸਮ ਪਿਤਾ ਦੇ ਸਿੰਘ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ‘ਚ ਅੱਗੇ ਹੋ-ਹੋ ਲੜ ਰਹੇ ਸਨ। ਸਿੰਘਾਂ ਦੇ ਜੁੱਸੇ ਦੇਖ ਵੈਰੀ ਦਲ ਦੀਆਂ ਫੌਜਾਂ ਨੂੰ ਕੋਈ ਰਾਹ ਨਹੀਂ ਸੀ ਲੱਭ ਰਿਹਾ ਤੇ ਬਾਬਾ ਦੀਪ ਸਿੰਘ ਦੇ ਜਰਨੈਲ ਲੜਦੇ ਹੋਏ ਅੰਮ੍ਰਿਤਸਰ ਵਲ ਵੱਧਦੇ ਜਾ ਰਹੇ ਸਨ। ਲੋਥ ਤੇ ਲੋਥ ਚੜ੍ਹੀ ਵੇਖ ਮੁਗਲ ਜਰਨੈਲਾਂ ਦੇ ਸਾਹ ਸੂਤੇ ਪਏ ਸਨ। ਇਸ ਜੰਗ ਵਿਚ ਬਾਬਾ ਸਹਿਤ ਸਿੰਘ ਬੜੀ ਬਹਾਦਰੀ ਤੇ ਸੂਰਮਗਤੀ ਨਾਲ ਲੜ੍ਹਦੇ ਹੋਏ ਵੈਰੀ ਦਲ ਦੀਆਂ ਫੌਜਾਂ ਨੂੰ ਭਾਜੜਾਂ ਪਾਉਂਦੇ ਹੋਏ ਚੱਬਾ ਵਰਪਾਲ ਤੋਂ ਪਿੰਡ ਚਾਟੀਵਿੰਡ ਦੀ ਧਰਤੀ ‘ਤੇ ਆਪਣੀ ਬਹਾਦਰੀ ਦੇ ਜੌਹਰ ਦਿਖਾ ਰਹੇ ਸਨ। ਵੈਰੀ ਦਲ ਦੀਆਂ ਫੌਜਾਂ ਸਿੰਘਾਂ ਨੂੰ ਬੇਖੌਫ਼ ਲੜਦਿਆਂ ਦੇਖ ਘਬਰਾ ਗਈਆਂ ਤੇ ਜੰਗ ਮੈਦਾਨ ‘ਚੋਂ ਅੱਗੇ ਹੋ-ਹੋ ਭੱਜਣ ਲੱਗੀਆਂ। ਬਾਬਾ ਸਹਿਤ ਸਿੰਘ ਬਾਰੇ ਗਿਆਨੀ ਗਿਆਨ ਸਿੰਘ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਉਂ ਵਰਨਣ ਕੀਤਾ :
ਜੱਟ ਸਰਾਉਂ ਸਹਿਤ ਸਿੰਘ ਤਯੋਂਹੀ॥
ਮਾਰਿ ਸਤਰਗਨ ਜੂਝਯੋ ਜਯੋਂਹੀ॥
ਲੜਿਯੋ ਕਬੰਧ ਤਾਹਿਕਾ ਭਾਰਾ॥
ਢਿਗ ਚਾਟੀਪਿੰਡ ਗਿਰਯੋਂ ਜੂਝਾਰਾ॥
ਬਾਬਾ ਸਹਿਤ ਸਿੰਘ ਪਿੰਡ ਚਾਟੀਵਿੰਡ ਦੀ ਧਰਤੀ ‘ਤੇ ਧਰਮ ਦੀ ਲੜਾਈ ਲੜਦੇ ਹੋਏ ਸ਼ਹੀਦੀ ਜਾਮ ਪੀ ਗਏ। ਜਿਸ ਜਗ੍ਹਾ ‘ਤੇ ਬਾਬਾ ਸਹਿਤ ਸਿੰਘ ਦੀ ਸ਼ਹੀਦੀ ਹੋਈ ਉਸ ਅਸਥਾਨ ‘ਤੇ ਬਾਬਾ ਸਹਿਤ ਸਿੰਘ ਦੀ ਯਾਦ ਵਿਚ ਗੁਰਦੁਆਰਾ ਸੀਸ ਗੰਜ ਸ਼ਹੀਦ ਬਾਬਾ ਸਹਿਤ ਸਿੰਘ ਸੁਸ਼ੋਭਿਤ ਹੈ। ਇਸ ਸ਼ਹੀਦੀ ਅਸਥਾਨ ‘ਤੇ ਸੇਵਾ ਕਰਵਾ ਰਹੇ ਬਾਬਾ ਇੰਦਰਜੀਤ ਸਿੰਘ ਤੇ ਗਿਆਨੀ ਅਰਜਿੰਦਰ ਸਿੰਘ ਨੇ ਦੱੱਸਿਆ ਕਿ ਇਸ ਅਸਥਾਨ ਦੀ ਸੇਵਾ ਸੱਚਖੰਡਿ ਵਾਸੀ ਸੰਤ ਬਾਬਾ ਗੁਰਦਿਆਲ ਸਿੰਘ ਭੂਰੀ ਵਾਲਿਆਂ ਨੇ ਅੱਜ ਤੋਂ 15 ਕੁ ਸਾਲ ਪਹਿਲਾਂ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਈ ਸੀ ਜੋ ਅੱਜ ਵੀ ਜਾਰੀ ਹੈ। ਸ਼ਹੀਦ ਬਾਬਾ ਸਹਿਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਸੰਤ ਭੂਰੀ ਵਾਲਿਆਂ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਬਸੰਤ ਪੰਚਮੀ ਵਾਲੇ ਦਿਨ ਪਿੰਡ ਚਾਟੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬੜੇ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ।