ਗੁਰਦੁਆਰਾ ਸਿੰਘ ਸਭਾ ਦੇ ਅਹੁਦੇਦਾਰ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਲ

ਗੁਰਦੁਆਰਾ ਸਿੰਘ ਸਭਾ ਦੇ ਅਹੁਦੇਦਾਰ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਲ

ਨਵੀਂ ਦਿੱਲੀ- ਦਿੱਲੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤ ਨਗਰ ਐਕਸਟੈਂਸ਼ਨ ਦੇ ਸਮੁੱਚੇ ਅਹੁਦੇਦਾਰਾਂ ਦੀ ਟੀਮ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਸਰਪ੍ਰਸਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋ ਗਈ ਹੈ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਮੁੱਚੇ ਆਗੂਆਂ ਦੇ ਉਹ ਦਿਲੋਂ ਧੰਨਵਾਦੀ ਹਨ ਤੇ ਉਨ੍ਹਾਂ ਨੂੰ ਭਰੋਸਾ ਦੁਆਉਂਦੇ ਹਨ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਸਹਿਯੋਗ ਦਿੱਤਾ ਜਾਵੇਗਾ।

ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਗੁਰੂ ਸ੍ਰੀ ਗੁਰੂ ਸਿੰਘ ਸਭਾ ਸੰਤ ਨਗਰ ਐਕਸਟੈਂਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਚੀਮਾ, ਜਨਰਲ ਸਕੱਤਰ ਅਚਲਜੀਤ ਸਿੰਘ ਜੌਲੀ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਵਿਰਦੀ, ਖ਼ਜ਼ਾਨਚੀ ਜਤਿੰਦਰ ਸਿੰਘ ਕਾਕਾ, ਸਕੱਤਰ ਰਵਿੰਦਰ ਕੌਰ ਤੇ ਸਟੋਰ ਕੀਪਰ ਭੁਪਿੰਦਰ ਸਿੰਘ ਸ਼ਾਮਲ ਹਨ। ਇਹ ਆਗੂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਆਗੂ ਦਲਜੀਤ ਸਿੰਘ ਸਰਨਾ ਸਾਬਕਾ ਮੈਂਬਰ ਤੇ ਇੰਚਾਰਜ ਵਾਰਡ ਨੰਬਰ 25 ਦੀ ਪ੍ਰੇਰਨਾ ਸਦਕਾ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਕੁਲਵਿੰਦਰ ਸਿੰਘ ਵਿਰਦੀ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਵਾਰਡ ਨੰਬਰ 25 ਦਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ ਗਿਆ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਸੁਰਜੀਤ ਸਿੰਘ ਜੀਤੀ ਵੀ ਹਾਜ਼ਰ ਸਨ।