ਗੁਰਦੁਆਰਾ ਸਾਹਿਬ ਸੈਨਹੋਜ਼ੇ ਵਲੋਂ ਗੁਰਬਾਣੀ ਰਾਗਾਂ ਆਧਾਰਤ ਮਹਾਨ ਕੀਰਤਨ ਦਰਬਾਰ ਦਾ ਸ਼ੁਭ ਆਗਾਜ਼, ਸਿੱਖ ਪੰਥ ਦੇ ਮਹਾਨ ਕੀਰਤਨੀਆਂ ਨੇ ਭਰੀ ਹਾਜ਼ਰੀ

ਗੁਰਦੁਆਰਾ ਸਾਹਿਬ ਸੈਨਹੋਜ਼ੇ ਵਲੋਂ ਗੁਰਬਾਣੀ ਰਾਗਾਂ ਆਧਾਰਤ ਮਹਾਨ ਕੀਰਤਨ ਦਰਬਾਰ ਦਾ ਸ਼ੁਭ ਆਗਾਜ਼, ਸਿੱਖ ਪੰਥ ਦੇ ਮਹਾਨ ਕੀਰਤਨੀਆਂ ਨੇ ਭਰੀ ਹਾਜ਼ਰੀ

ਸੈਨਹੋਜ਼ੇ/ਕੈਲੀਫੋਰਨੀਆ : ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਗੁਰਬਾਣੀ ’ਚ ਰਾਗਾਂ ਅਧਾਰਿਤ ਮਹਾਨ ਕੀਰਤਨ ਦਰਬਾਰ ਸਿੱਖ ਪੰਥ ਦੇ ਮਹਾਨ ਕੀਰਤਨੀਆ ਨੇ ਹਾਜਰੀ ਭਰੀ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਲੋਂ, ਵਿਲੱਖਣ ਅਤੇ ਇਤਹਾਸਕ ਸ਼ੁਭ ਆਗਾਜ਼ ਕੀਤਾ।
ਰਾਗਬੱਧ ਕੀਰਤਨ, ਗੁਰੂ ਸਾਹਿਬ ਦਾ ਹੁਕਮ ਵੀ ਹੈ ਅਤੇ ਪੰਥਕ ਮਰਿਯਾਦਾ ਵੀ। ਪੰਥਕ ਰਹਿਤ ਮਰਯਾਦਾ ਵਿੱਚ, ਕੀਰਤਨ ਦੀ ਪਰਿਭਾਸ਼ਾ ਬਾਰੇ ਮਦ ਨੰਬਰ ਦੋ ਵਿੱਚ, ਇਹ ਸਪਸ਼ਟ ਹੈ ‘ਕੀਰਤਨ’ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ।
ਸਪਸ਼ਟ ਹਦਾਇਤ ਹੋਣ ਦੇ ਬਾਵਜੂਦ ਵੀ, ਇਹ ਕੌਮ ਦੀ ਬਦਕਿਸਮਤੀ ਹੈ ਕਿ ਅਸੀਂ ਦਰਬਾਰ ਸਾਹਿਬ ਦੇ ਅੰਦਰ ਵੀ ਇਹ ਮਦ, ‘ਪੂਰਨ ਰੂਪ ਵਿੱਚ’ ਲਾਗੂ ਨਹੀਂ ਕਰਵਾ ਸਕੇ। ਸਧਾਰਨ ਬੰਦਸ਼ਾਂ ਦਾ ਚਲਨ ਏਨਾ ਕੁ ਵੱਧ ਚੁੱਕਾ ਹੈ ਕਿ ਬਹੁਤਾਤ ਕੀਰਤਨੀ ਜਥੇ, ਇਸ ਗੱਲ ਨੂੰ ਆਪਣੀ ਕਮਜ਼ੋਰੀ ਸਮਝਣ, ਰਾਗ ਵਿੱਚ ਕੀਰਤਨ ਸਿੱਖਣ ਦੀ ਬਜਾਏ, ਰਾਗਬੱਧ ਕੀਰਤਨ ਦੀ ਗੱਲ ਕਰਨ ਵਾਲੇ ਖਿਲਾਫ ਲਾਮਬੱਧ ਹੁੰਦੇ ਨੇ। ਲਿਹਾਜ਼ਾ ਗੁਰੂ ਸਾਹਿਬਾਨ ਦੇ ਕੀਰਤਨ ਗਾਇਨ ਦਾ ਮਿਆਰ, ਭਾਈ ਸੁਰਜਣ ਸਿੰਘ, ਭਾਈ ਹੀਰਾ ਸਿੰਘ, ਭਾਈ ਸਮੁੰਧ ਸਿੰਘ, ਭਾਈ ਸੰਤਾ ਸਿੰਘ ਵਰਗੇ ਜਿਹਨਾਂ ਨੂੰ, ਸੁਣਨ ਵਾਸਤੇ ਰਾਬਿੰਦਰ ਨਾਥ ਟੈਗੋਰ ਵਰਗੇ ਟੈਗੋਰ ਸੰਗੀਤ ਦੇ ਜਨਮ ਦਾਤਾ, ਸੁਣਨ ਲਈ ਘੰਟਿਆਂਬੱਧੀ ਪ੍ਰਕਰਮਾ ਵਿੱਚ ਬੈਠੇ ਰਹਿੰਦੇ ਸਨ, ਤੋਂ ਥੱਲੇ ਵੱਲ ਤੁਰਿਆ ਆਉਂਦਾ, ਅੱਜ ‘ਫ਼ਿਲਮੀ ਤਰਜ਼ਾਂ ਨੁਮਾ’ ਕੀਰਤਨ ਤੱਕ ਆ ਡਿਗਿਆ ਹੈ।
ਰਾਗਬੱਧ ਕੀਰਤਨ ਖਿਲਾਫ ਚੱਲ ਰਹੀ ਹਨ੍ਹੇਰੀ ਅੰਦਰ, ਕਦੇ ਕਦੇ ਬਹੁਤ ਸਾਰੇ ਗੁਰਦਵਾਰਾ ਸਾਹਿਬਾਨ, ਕਈ ਵਾਰ ਰਾਗ ਦਰਬਾਰ ਕਰਵਾ ਕੇ ਆਪਣਾ ਆਪਣਾ ਯਥਾ ਸ਼ਕਤੀ ਯੋਗਦਾਨ ਪਾ ਰਹੇ ਹਨ ਪਰ ਪੂਰਨ ਰੂਪ ਵਿੱਚ ਮਰਯਾਦਾ ਲਾਗੂ ਨਹੀਂ ਹੋ ਰਹੀ। ਜਿੰਨਾ ਕੁ ਕਰ ਰਹੇ ਨੇ, ਉਹ ਵੀ ਸਤਿਕਾਰ ਦੇ ਪਾਤਰ ਹਨ। ਦੁੱਖ ਵਾਲੀ ਗੱਲ ਹੈ ਕਿ ਅਕਸਰ ਕਿਸੇ ਰਾਗੀ ਜਥੇ ਨੂੰ ਰਾਗਬੱਧ ਕੀਰਤਨ ਕਰਨ ਦੀ ਬੇਨਤੀ ਉੱਤੇ ਅੱਗੋਂ ਜੁਆਬ ਮਿਲਦਾ ਹੈ ਕਿ ਜੀ, ‘ਸੰਗਤ ਨੂੰ ਕਿਹੜਾ, ਰਾਗ ਦੀ ਸਮਝ ਹੈ, ਸੰਗਤ ਕਿਹੜਾ ਰਾਗ ਜਾਣਦੀ ਹੈ, ਹੁਣ ਇਹਨਾਂ ਰਾਗੀ ਸੱਜਣਾਂ ਨੂੰ ਕੌਣ ਸਮਝਾਵੇ ਕਿ ਭਾਈ ਜਹਾਜ਼ ਵਿੱਚ ਪੰਜ ਸੌ ਸਵਾਰੀ ਹੁੰਦੀ ਹੈ, ਪਰ ਜਹਾਜ਼ ਚਲਾਉਣਾ, ਕੇਵਲ ਪਾਇਲਟ ਹੀ ਜਾਣਦਾ ਹੈ। ਜਹਾਜ਼ ਵਿੱਚ ਬੈਠਣ ਲਈ, ਹਵਾਈ ਜ਼ਹਾਜ਼ ਚਲਾਉਣਾ, ਸਿੱਖਣ ਦੀ ਲੋੜ ਨਹੀਂ ਹੁੰਦੀ। ਸਵਾਰੀ ਨੇ ਜਹਾਜ਼ ਦੇ ਸਫ਼ਰ ਦਾ ਆਨੰਦ ਲੈਣਾ ਹੁੰਦਾ ਹੈ, ਜ਼ਹਾਜ਼ ਉਡਾਉਣਾ ਨਹੀਂ ਹੁੰਦਾ। ਸਵਾਰੀ, ਬੇਸ਼ੱਕ ਜਹਾਜ਼ ਉਡਾਉਣਾ ਨਹੀਂ ਜਾਣਦੀ ਹੁੰਦੀ ਪਰ, ਚੰਗੀ ਲੈਂਡਿੰਗ ਜਾਂ “ake Off ਨੂੰ ਮਹਿਸੂਸ ਜ਼ਰੂਰ ਕਰਦੀ ਹੈ, ਲਿਹਾਜ਼ਾ ਸੰਗਤ ਰਾਗ ਨੂੰ ਸਮਝੇ ਜਾਂ ਨਾ ਸਮਝੇ ਉਹ ਰਾਗਬੱਧ ਕੀਰਤਨ ਦੇ ਆਨੰਦ ਨੂੰ ਬਾਕਾਇਦਾ ਮਹਿਸੂਸ ਕਰਦੀ ਹੈ।
ਪਿਛਲੇ ਦਿਨੀਂ, Sanjose ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਨੇ ਇਹ ਵਿਲੱਖਣ ਫੈਸਲਾ ਲੈ ਕੇ ਬਹੁਤ ਵੱਡੀ ਪਹਿਲਕਦਮੀ ਕੀਤੀ ਹੈ। ਉਹਨਾਂ ਫੈਸਲਾ ਕੀਤਾ ਹੈ ਕਿ Sanjose ਗੁਰਦਵਾਰਾ ਸਾਹਿਬ ਵਿੱਚ ਕੀਰਤਨ ਕਰਨ ਵਾਲੇ ਹਰ ਰਾਗੀ ਨੂੰ ਬਾਕਾਇਦਾ ਰਾਗ ਦੀ ਟਰੇਨਿੰਗ ਲੈ ਕੇ, ਪਹਿਲੇ ਇੱਕ ਜਾਂ ਦੋ ਸ਼ਬਦ ਰਾਗ ਵਿੱਚ ਜ਼ਰੂਰ ਗਾਉਣੇ ਪੈਣਗੇ, ਜਿਸਨੂੰ ਕਿ ਆਉਣ ਵਾਲੇ ਸਮੇਂ ਵਿੱਚ ਪੂਰਨ ਤੌਰ ਉੱਤੇ ਰਾਗਬੱਧ ਕੀਰਤਨ ਕਰਨ ਵਿੱਚ ਬਦਲਿਆ ਜਾਵੇਗਾ। ਰਾਗਬੱਧ ਕੀਰਤਨ ਨਾ ਕਰ ਸਕਣ ਵਾਲੇ ਜੱਥਿਆਂ ਲਈ ਰਾਗ ਸਿੱਖਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ।
ਇਸ ਫੈਸਲੇ ਨੂੰ ਲਾਗੂ ਕਰਨ ਲਈ ਗੁਰਦਵਾਰਾ ਸਾਹਿਬ ਦੇ ਸਾਰੇ ਕੀਰਤਨੀ ਜਥਿਆਂ ਵਾਸਤੇ, ਗੁਰਮਤਿ ਸੰਗੀਤ ਦੇ ਮਾਹਿਰ, ਸ਼੍ਰੋਮਣੀ ਰਾਗੀ ਅਤੇ ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਤਿਕਾਰਯੋਗ ਡਾ. ਗੁਰਨਾਮ ਸਿੰਘ ਹੋਰਾਂ ਵਲੋਂ ਕਈ ਹਫਤਿਆਂ ਦੀ ਇੱਕ ਵਰਕਸ਼ਾਪ ਲਗਵਾਈ ਗਈ। ਬੜੀ ਮਿਹਨਤ ਨਾਲ ਡਾ. ਸਾਹਿਬ ਵਲੋਂ ਕੀਰਤਨੀ ਜਥਿਆਂ ਨੂੰ ਟਰੇਨਿੰਗ ਦੇ ਕੇ ਲੰਘੇ ਐਤਵਾਰ ਬਸੰਤ ਰਾਗ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿੱਥੇ ਉਹਨਾਂ ਸਾਰੇ ਜਥਿਆਂ ਵਲੋਂ ਰਾਗ ਬਸੰਤ ਵਿੱਚ ਬਾਕਮਾਲ ਕੀਰਤਨ ਕੀਤਾ ਗਿਆ। ਇਸ ਤੋਂ ਵੱਡੀ ਗੱਲ ਕਿ ਕਮੇਟੀ ਵਲੋਂ ਆਉਣ ਵਾਲੇ ਦਿਨਾਂ ਵਿੱਚ ਗੁਰੂ ਗਰੰਥ ਸਾਹਿਬ ਵਿਚਲੇ, 31 ਰਾਗਾਂ ਦੀ ਟਰੇਨਿੰਗ ਕਰਵਾ ਕੇ, 31 ਰਾਗਾਂ ਵਿੱਚ ਹੀ ਰਾਗ ਦਰਬਾਰ ਕਰਵਾਇਆ ਜਾਵੇਗਾ।
ਪ੍ਰਬੰਧਕਾਂ ਦੇ ਨਾਲ ਨਾਲ ਰਾਗੀ ਜਥਿਆਂ ਵਲੋਂ ਵੀ ਇਸ ਫੈਸਲੇ ਨੂੰ ਪ੍ਰਵਾਨ ਕਰ ਕੇ ਸਹਿਯੋਗ ਦੇ ਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਨ ਲਈ ਬਹੁਤ ਬਹੁਤ ਮੁਬਾਰਕ ਕਿਉਂਕਿ ਰਾਗੀ ਜਥਿਆਂ ਦੇ ਸਹਿਯੋਗ ਤੋਂ ਬਗੈਰ ਇਹ ਫੈਸਲੇ ਲੈਣੇ ਅਤੇ ਲਾਗੂ ਕਰਨੇ ਬੜੇ ਮੁਸ਼ਕਲ ਹਨ। ਆਸ ਹੈ ਕਿ ਬਾਕੀ ਗੁਰਦਵਾਰਾ ਸਾਹਿਬਾਨ ਵੀ ਇਸ ਮੁੱਦੇ ਉੱਤੇ ਹੁਣ ਗੰਭੀਰਤਾ ਨਾਲ ਵਿਚਾਰ ਕਰਨਗੇ ਅਤੇ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਰਾਗਬੱਧ ਕੀਰਤਨ ਦਾ ਪ੍ਰਵਾਹ, ਦੁਨੀਆਂ ਭਰ ਵਿੱਚ ਚੱਲੇਗਾ। ਆਗਾਜ਼ ਤੋ ਅੱਛਾ ਹੈ, ਅੰਜਾਮ ਖੁਦਾ ਜਾਣੇ।
ਰਾਜਿੰਦਰ ਸਿੰਘ ਟਾਂਡਾ