ਗੁਰਦੁਆਰਾ ਸਾਹਿਬਾਨ ਦੇ ਸਮੁੱਚੇ ਮਾਮਲਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 7 ਮੈਂਬਰੀ ਨਿਵਾਰਨ ਕਮੇਟੀ ਦਾ ਗਠਨ

ਗੁਰਦੁਆਰਾ ਸਾਹਿਬਾਨ ਦੇ ਸਮੁੱਚੇ ਮਾਮਲਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 7 ਮੈਂਬਰੀ ਨਿਵਾਰਨ ਕਮੇਟੀ ਦਾ ਗਠਨ

ਸਾਨ ਫਰਾਂਸਿਸਕੋ : ਸਿੱਖ ਕੌਮ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਦੇ ਧਾਰਮਿਕ/ਮਰਿਯਾਦਾ ਅਤੇ ਪ੍ਰਬੰਧਕੀ ਮਾਮਲਿਆਂ ਦਾ ਨਿਵਾਰਨ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਧਾਰਿਤ 7 ਮੈਂਬਰੀ ਸਬ ਕਮੇਟੀ ਗਠਿਤ ਕੀਤੀ ਹੈ। ਇਹ ਸਬ ਕਮੇਟੀ ਗੁਰੂ ਸਾਹਿਬ ਜੀ ਦੀ ਭੈਅ ਭਾਵਨੀ ਵਿੱਚ ਰਹਿੰਦਿਆਂ ਹੋਇਆਂ ਗੁਰਮਤਿ ਦੀ ਰੌਸ਼ਨੀ ਦੁਆਰਾ ਨਿਰਪੱਖਤਾ ਨਾਲ ਗੁਰ ਸਾਹਿਬ ਜੀ ਦੀ ਦਰਸਾਈ ਹੋਈ ਮਰਿਯਾਦਾ ਅਨੁਸਾਰ ਸੇਵਾ ਨਿਭਾਏਗੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਇਸ ਕਮੇਟੀ ਵਿਚ ਵਿਸ਼ੇਸ਼ ਤੌਰ ’ਤੇ ਬੀਬੀਆਂ ਨੂੰ ਵੀ ਸਤਿਕਾਰ ਦਿੰਦਿਆ ਹੋਇਆਂ ਇਸ ਸਬ ਕਮੇਟੀ ਵਿੱਚ ਬੀਬੀ ਗੁਰਵਿੰਦਰ ਕੌਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਅਤਿ ਸ਼ਲਾਘਾਯੋਗ ਹੈ। ਸਿੰਘ ਸਾਹਿਬ ਵਲੋਂ ਵਿਸ਼ੇਸ਼ ਤੌਰ ’ਤੇ ਇਸ ਸਬ ਕਮੇਟੀ ਦੇ ਕੋਆਰਡੀਨੇਸ਼ਨ ਦੀ ਸੇਵਾ ਭਾਈ ਸਵਿੰਦਰ ਸਿੰਘ ਮੈਰੀਲੈਂਡ ਦੇ ਜ਼ੁੰਮੇ ਲਾਈ ਗਈ ਹੈ ਅਤੇ ਜੋ ਸਮੇਂ ਸਮੇਂ ’ਤੇ ਸਾਰੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣਗੇ। ਬੀਤੇ ਦਿਨ ਇਸ ਕਮੇਟੀ ਦੇ ਮੈਂਬਰਾਂ ਨੇ ਪਹਿਲੀ ਮੀਟਿੰਗ 20 ਜੁਲਾਈ 2024 ਨੂੰ ਕੀਤੀ ਅਤੇ ਸਮੂਹ ਮੈਂਬਰਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਮੂਹ ਕਮੇਟੀ ਮੈਂਬਰ ਖਾਲਸਾ ਪੰਥ ਦੀਆਂ ਰਹੁ ਰੀਤਾਂ ਅਨੁਸਾਰ ਪੰਥਕ ਸੇਵਾਵਾਂ ਅਦਾ ਕਰ ਸਕਣ ਅਤੇ ਅਮਰੀਕਾ ਵਿੱਚ ਰਹਿੰਦੇ ਸਮੂਹ ਸਿੱਖਾਂ ਦਾ ਆਪਸੀ ਪਰਸਪਰ ਪਿਆਰ, ਏਕਤਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਣ। ਮੀਟਿੰਗ ਦੌਰਾਨ ਸਮੂਹ ਮੈਂਬਰਾਨ ਜਿਸ ਵਿਚ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ (ਕੈਲੀਫ਼ੋਰਨੀਆ), ਭਾਈ ਸ਼ਵਿੰਦਰ ਸਿੰਘ (ਮੈਰੀਲੈਂਡ), ਭਾਈ ਰਣਜੀਤ ਸਿੰਘ (ਨਿਊਯਾਰਕ), ਬੀਬੀ ਗੁਰਵਿੰਦਰ ਕੌਰ (ਵਰਜੀਨੀਆ), ਬਾਬਾ ਮੁਖਤਿਆਰ ਸਿੰਘ ਮੁਖੀ (ਇੰਡੀਆਨਾ), ਸ. ਅਜੈਪਾਲ ਸਿੰਘ (ਨਿਊਯਾਰਕ) ਅਤੇ ਸ. ਅਮਰੀਕ ਸਿੰਘ (ਸ਼ਿਕਾਗੋ) ਸ਼ਾਮਿਲ ਹੋਏ।