ਗੁਰਦੁਆਰਾ ਭੱਠਾ ਸਾਹਿਬ ਤੋਂ ਦਸਮੇਸ਼ ਪੈਦਲ ਮਾਰਚ ਅਗਲੇ ਪੜਾਅ ਲਈ ਰਵਾਨਾ

ਗੁਰਦੁਆਰਾ ਭੱਠਾ ਸਾਹਿਬ ਤੋਂ ਦਸਮੇਸ਼ ਪੈਦਲ ਮਾਰਚ ਅਗਲੇ ਪੜਾਅ ਲਈ ਰਵਾਨਾ

ਕੀਰਤਨੀ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ; ਸੰਗਤ ਲਈ ਥਾਂ-ਥਾਂ ਲੰਗਰ ਲਗਾਏ
ਰੂਪਨਗਰ- ਆਨੰਦਪੁਰ ਸਾਹਿਬ ਤੋਂ ਮਹਿੰਦੀਆਣਾ ਸਾਹਿਬ ਜਾ ਰਿਹਾ 29ਵਾਂ ਦਸਮੇਸ਼ ਆਲੌਕਿਕ ਪੈਦਲ ਮਾਰਚ ਬੀਤੀ ਰਾਤ ਸਥਾਨਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਅੱਜ ਦੁਪਹਿਰ ਸਮੇਂ ਅਗਲੇ ਪੜਾਅ ਦੁੱਗਰੀ ਲਈ ਰਵਾਨਾ ਹੋ ਗਿਆ। ਬਾਬਾ ਜਰਨੈਲ ਸਿੰਘ ਜੀ ਆਨੰਦਪੁਰ ਸਾਹਿਬ ਵਾਲਿਆਂ ਦੁਆਰਾ ਅਰਦਾਸ ਕੀਤੀ ਤੇ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਘੁੰਗਰਾਲੀ ਸਿੱਖਾਂ ਵੱਲੋਂ ਪੰਜ ਪਿਆਰਿਆਂ ਤੇ ਆਲੌਕਿਕ ਮਾਰਚ ਦੇ ਪ੍ਰਬੰਧਕ ਭਾਈ ਕੁਲਵੰਤ ਸਿੰਘ ਲੱਖਾ ਨੂੰ ਸਿਰੋਪਾਓ ਪਾ ਕੇ ਸਨਮਾਨਿਆ ਗਿਆ। ਇਸ ਉਪਰੰਤ ਇਹ ਪੈਦਲ ਮਾਰਚ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਪਾਵਰ ਕਾਲੋਨੀ, ਭਿਓਰਾ, ਰੰਗੀਲਪੁਰ, ਸੋਲਖੀਆਂ, ਖਾਬੜਾ, ਸਾਲਾਪੁਰ, ਦੁਲਚੀ ਮਾਜਰਾ, ਬੂਰ ਮਾਜਰਾ ਹੁੰਦਾ ਹੋਇਆ ਦੇਰ ਰਾਤ ਦੁੱਗਰੀ ਕੋਟਲੀ ਵਿਖੇ ਪਹੁੰਚਿਆ। ਭੱਠਾ ਸਾਹਿਬ ਚੌਕ ਵਿੱਚ ਸਮਾਜ ਸੇਵੀ ਸੁਖਵਿੰਦਰ ਸਿੰਘ ਗਿੱਲ ਦੇ ਪਰਿਵਾਰ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪੇ ਪਾ ਕੇ ਆਲੌਕਿਕ ਮਾਰਚ ਦਾ ਸਵਾਗਤ ਕੀਤਾ ਗਿਆ ਤੇ ਮਾਰਚ ਵਿੱਚ ਸ਼ਾਮਲ ਸੰਗਤ ਲਈ ਲੰਗਰ ਲਗਾਇਆ ਗਿਆ। ਕੀਰਤਨੀ ਜਥਿਆਂ ਦਾ ਵੈਰਾਗਮਈ ਕੀਰਤਨ ਸੁਣ ਕੇ ਸੰਗਤ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਵਗ ਰਹੇ ਸਨ।