ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ ਜੀ

ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ ਜੀ

ਦਿਲਜੀਤ ਸਿੰਘ ਬੇਦੀ

ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਪਿੰਡ ਨਾਰੰਗਪੁਰ ਬੜੀ, ਪੁਰਖਾਲੀ ਤੋਂ ਪੰਜ ਕਿਲੋਮੀਟਰ ਅਤੇ ਰੋਪੜ ਤੋਂ ਵੀਹ ਕਿਲੋਮੀਟਰ ਦੀ ਦੂਰੀ ’ਤੇ ਇੱਕ ਉੱਚੀ ਪਹਾੜੀ ’ਤੇ ਸੁਸ਼ੋਭਿਤ ਹੈ। ਗੁਰੂ ਗੋਬਿੰਦ ਸਿੰਘ ਜੀ ਰੋਪੜ ਵਿੱਚ ਦੋ ਵਾਰ ਨਿਹੰਗ ਖਾਂ ਦੇ ਖਾਸ ਮਹਿਮਾਨ ਬਣੇ। ਪਹਿਲੀ ਵਾਰ 1688 ਈ: ਵਿਚ ਭੰਗਾਣੀ ਦੇ ਯੁੱਧ ਤੋਂ ਬਾਅਦ ਤੇ ਦੂਜੀ ਵਾਰ 5 ਦਸੰਬਰ ਦੀ ਅੱਧੀ ਰਾਤ ਨੂੰ ਕਿਲ੍ਹਾ ਆਨੰਦਪੁਰ ਛੱਡ ਕੇ 6 ਦਸੰਬਰ ਸੰਨ 1705 ਨੂੰ ਸਰਸਾ ਨਦੀ ਦੇ ਕਿਨਾਰੇ ਜੰਗ ਕਰਨ ਮਗਰੋਂ ਇੱਥੇ ਪੁੱਜੇ। ਰੋਪੜ ਪਹੁੰਚੇ ਤਾਂ ਉਥੋਂ ਗੁਰੂ ਜੀ ਨੇ ਸਿੰਘਾਂ ਨੂੰ ਫਤਹਿਪੁਰ ਦੇ ਗੁਪਤ ਕਿਲ੍ਹੇ ਵਿੱਚ ਜਾਣ ਦਾ ਆਦੇਸ਼ ਦਿੱਤਾ। ਨਿਹੰਗ ਖਾਂ ਦਾ ਪੁੱਤਰ ਚੌਧਰੀ ਆਲਮ ਖਾਨ ਸਿੰਘਾਂ ਦੇ ਜਥੇ ਨੂੰ ਚਮਕੌਰ ਛੱਡ ਆਇਆ ਸੀ। ਗੁਰੂ ਜੀ ਨੇ ਆਪ ਭੱਠਾ ਸਾਹਿਬ ਵਾਲੇ ਅਸਥਾਨ ’ਤੇ ਪਹੁੰਚ ਕੇ ਭੱਠਾ ਠੰਢਾ ਕੀਤਾ। ਭੱਠੇ ਦਾ ਮਾਲਕ ਨਿਹੰਗ ਖਾਂ ਗੁਰੂ ਘਰ ਦਾ ਸ਼ਰਧਾਲੂ ਸੀ ਉਹ ਗੁਰੂ ਜੀ ਨੂੰ ਆਪਣੇ ਰਿਹਾਇਸ਼ੀ ਕਿਲ੍ਹੇ ਵਿੱਚ ਲੈ ਗਿਆ ਅਤੇ ਸਿਦਕ-ਦਿਲੀ, ਨਿਡਰਤਾ ਤੇ ਸ਼ਰਧਾ, ਸਤਿਕਾਰ ਭਾਵਨਾ ਨਾਲ ਗੁਰੂ ਜੀ ਦੀ ਸੇਵਾ ਕੀਤੀ। ਉਪਰੰਤ ਗੁਰੂ ਸਾਹਿਬ, ਭਾਈ ਬਚਿੱਤਰ ਸਿੰਘ ਜੀ ਦੀ ਜ਼ਿੰਮੇਵਾਰੀ ਨਿਹੰਗ ਖਾਂ ਨੂੰ ਸੌਂਪ ਕੇ ਉੱਥੋਂ ਚਮਕੌਰ ਲਈ ਰਵਾਨਾ ਹੋ ਗਏ। ਨਿਹੰਗ ਖਾਂ ਨੇ ਆਪਣੇ ਪਰਵਿਾਰਕ ਮੈਂਬਰਾਂ ਨੂੰ ਵੀ ਚੰਗੇ ਸੰਸਕਾਰਾਂ ਨਾਲ ਮਾਲੋ ਮਾਲ ਕੀਤਾ ਹੋਇਆ ਸੀ। ਬੀਬੀ ਮੁਮਤਾਜ਼ ਵੀ ਧਾਰਮਿਕ ਬਿਰਤੀ ਵਾਲੀ ਧੀ ਸੀ। ਬੀਬੀ ਮੁਮਤਾਜ਼ ਦਾ ਜਨਮ 1690ਈ: ਨੂੰ ਹੋਇਆ। ਗੁਰੂ ਜੀ ਦੇ ਜਾਣ ਸਮੇਂ ਬੀਬੀ ਮੁਮਤਾਜ਼ 15 ਕੁ ਸਾਲ ਦੀ ਸੀ। ਉਹ ਗੁਰੂ ਸਾਹਿਬ ਦੇ ਚਰਨਾਂ ’ਤੇ ਢਹਿ ਪਈ ਤੇ ਉਸ ’ਤੇ ਮਿਹਰ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਗਾਤਰੇ ਸਮੇਤ ਕਿਰਪਾਨ ਬੀਬੀ ਮੁਮਤਾਜ਼ ਜੀ ਨੂੰ ਦੇ ਦਿੱਤੀ ਅਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਰਹਿਣਗੇ। ਗੁਰੂ ਸਾਹਿਬ ਨੇ ਨਿਹੰਗ ਖਾਂ ਨੂੰ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਇਕ ਕਟਾਰ ਤੇ ਕਿਰਪਾਨ ਦੀ ਬਖਸ਼ਿਸ਼ ਕੀਤੀ। ਗੁਰੂ ਜੀ ਬਾਕੀ ਸਿੰਘਾਂ ਸਮੇਤ ਖਾਨਪੁਰ, ਰਾਮਪੁਰ ਹੁੰਦੇ ਹੋਏ ਚਮਕੌਰ ਜਾ ਪਹੁੰਚੇ।
ਜਦੋਂ ਮੁਗਲ ਫ਼ੌਜ ਗੁਰੂ ਜੀ ਨੂੰ ਲੱਭਦੀ ਹੋਈ ਕਿਲ੍ਹੇ ਵਿੱਚ ਪਹੁੰਚੀ ਤਾਂ ਕਿਲ੍ਹੇ ਨੂੰ ਘੇਰਾ ਪਾ ਲਿਆ ਗਿਆ। ਫ਼ੌਜਦਾਰ ਨੇ ਨਿਹੰਗ ਖਾਂ ਨੂੰ ਉਸ ਦੇ ਕਿਲ੍ਹੇ ਦੀ ਤਲਾਸ਼ੀ ਲੈਣ ਲਈ ਕਿਹਾ। ਫ਼ੌਜਦਾਰ ਨੇ ਕਿਹਾ ਕਿ ਉਸ ਨੂੰ ਪੱਕੀ ਸੂਹ ਮਿਲੀ ਹੈ ਕਿ ਉਸ ਦੇ ਕਿਲ੍ਹੇ ਵਿੱਚ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਠਹਿਰਿਆ ਹੋਇਆ ਹੈ। ਨਿਹੰਗ ਖਾਂ ਨੇ ਖੁਸ਼ੀ ਨਾਲ ਕਿਲ੍ਹੇ ਦੀ ਤਲਾਸ਼ੀ ਦੇ ਦਿੱਤੀ ਪਰ ਕਿਲ੍ਹੇ ਦੇ ਉਸ ਕਮਰੇ ਦੀ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿਚ ਠਹਿਰੇ ਹੋਏ ਸਨ। ਫ਼ੌਜਦਾਰ ਨੇ ਉਸ ਕਮਰੇ ਦੀ ਤਲਾਸ਼ੀ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਨਿਹੰਗ ਖਾਂ ਨੇ ਦੱਸਿਆ ਕਿ ਇਸ ਕਮਰੇ ਵਿਚ ਉਸ ਦੀ ਬੇਟੀ ਮੁਮਤਾਜ਼ ਅਤੇ ਦਾਮਾਦ (ਜਵਾਈ) ਠਹਿਰੇ ਹੋਏ ਹਨ। ਮੁਗਲ ਫ਼ੌਜਦਾਰ ਗੁਸਤਾਖੀ ਮੁਆਫ਼ ਬੋਲ ਕੇ ਫ਼ੌਜ ਸਮੇਤ ਵਾਪਸ ਚਲਾ ਗਿਆ।

ਮਗਰੋਂ ਬੀਬੀ ਮੁਮਤਾਜ਼ ਜੀ ਨੇ ਆਪਣੇ ਪਿਤਾ ਨਿਹੰਗ ਖਾਂ ਨੂੰ ਹੱਥ ਬੰਨ੍ਹ ਕੇ ਕਿਹਾ ਕਿ ਉਨ੍ਹਾਂ ਦੇ ਕਹਿਣ ਅਨੁਸਾਰ ਉਹ ਆਤਮਿਕ ਤੌਰ ’ਤੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਪ੍ਰਵਾਨ ਕਰ ਚੁੱਕੀ ਹੈ। ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਬੀਬੀ ਮੁਮਤਾਜ਼ ਨੇ ਕੁਝ ਸਮਾਂ ਕੋਟਲੇ ਵਿੱਚ ਰਹਿਣ ਤੋਂ ਬਾਅਦ ਇਕਾਂਤ ਰਹਿਣ ਦਾ ਫੈਸਲਾ ਕੀਤਾ। ਨਿਹੰਗ ਖਾਂ ਨੇ ਉਸ ਦੀ ਇੱਛਾ ਅਨੁਸਾਰ ਨਾਰੰਗਪੁਰ ਬੜ੍ਹੀ ਦੇ ਜੰਗਲ ਵਿੱਚ ਉੱਚੀ ਪਹਾੜੀ ’ਤੇ ਕਿਲ੍ਹਾ ਉਸਾਰ ਕੇ ਦਿੱਤਾ ਤੇ ਖੂਹ ਲਗਵਾ ਦਿੱਤਾ ਜੋ ਉਸ ਦੀ ਰਿਆਸਤ ਵਿੱਚ ਸੀ। ਬੀਬੀ ਮੁਮਤਾਜ਼ ਜੀ ਨੇ 132 ਸਾਲ ਦੀ ਉਮਰ ਜਪਤਪ ਕਰਦਿਆਂ ਜਤ ਸਤ ਵਿਚ ਕਾਇਮ ਰਹਿ ਕੇ ਗੁਰੂ ਬੰਦਗੀ ਵਿਚ ਜੀਵਨ ਬਤੀਤ ਕੀਤਾ। ਇੱਥੇ ਬੀਬੀ ਮੁਮਤਾਜ਼ ਜੀ ਨੇ ਸਾਰੀ ਉਮਰ ਗੁਰੂ ਰੰਗ ਵਿਚ ਬਤੀਤ ਕਰਦਿਆਂ ਆਪਣਾ ਜੀਵਨ ਸਫਲਾ ਕੀਤਾ ਅਤੇ ਸੰਨ 1822 ਈ: ਵਿਚ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਹ ਇਸ ਅਸਥਾਨ ਦੀ ਆਪਣੇ ਹੱਥੀਂ ਸੇਵਾ ਕਰਦੇ ਸਨ। ਉਹ ਬਹੁਤ ਘੱਟ ਬੋਲਦੇ। ਜੋ ਮੂੰਹੋਂ ਬਚਨ ਕਰਦੇ ਉਹ ਸਤ ਹੋ ਜਾਂਦਾ। ਮਾਨਤਾ ਅਨੁਸਾਰ ਇਸ ਅਸਥਾਨ ’ਤੇ ਸ਼ਰਧਾਲੂਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ। ਇਸ ਥਾਂ ’ਤੇ ਤਪ ਅਸਥਾਨ ਗੁਰਦੁਆਰਾ ਮੁਮਤਾਜ਼ਗੜ੍ਹ ਸਾਹਿਬ ਸੁਸ਼ੋਭਿਤ ਹੈ। ਇੱਥੇ ਹਰ ਵੇਲੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਇਹ ਬਹੁਤ ਸ਼ਾਂਤ ਤੇ ਹਰਿਆਲੀ, ਖੁਸ਼ਹਾਲੀ ਵਾਲਾ ਸੁੰਦਰ ਮਨਮੋਹਕ ਅਸਥਾਨ ਹੈ। ਇਸ ਅਸਥਾਨ ਦੀ ਸੇਵਾ ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਕਰਵਾ ਰਹੇ ਹਨ। ਇਹ ਅਸਥਾਨ 50 ਫੁੱਟ ਉਚੀ ਪਹਾੜੀ ’ਤੇ ਸੁਭਾਏਮਾਨ ਹੈ।