ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ’ਤੇ ਹੋਏ ਵਿਸ਼ੇਸ਼ ਸਮਾਗਮ

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ’ਤੇ ਹੋਏ ਵਿਸ਼ੇਸ਼ ਸਮਾਗਮ

ਫਰਿਜਨੋ, ਕੈਲੇਫੋਰਨੀਆਂ (ਕੁਲਵੰਤ ਉੱਭੀ ਧਾਲੀਆਂ / ਨੀਟਾ ਮਾਛੀਕੇ): ਦਮਦਮੀ ਟਕਸਾਲ ਜੱਥਾ ਭਿੰਡਰਾ ਦੀ ਰਹਿਨੁਮਾਈ ਅਧੀਨ ਚਲਾਏ ਜਾ ਰਹੇ ‘‘ਗੁਰਦੁਆਰਾ ਗੁਰ ਨਾਨਕ ਪ੍ਰਕਾਸ” ਫਰਿਜਨੋ, ਕੈਲੇਫੋਰਨੀਆਂ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਮਨਾਉਂਦੇ ਹੋਏ ਵੱਡੇ ਪੱਧਰ ‘ਤੇ ਵਿਸੇਸ ਸਮਾਗਮ ਕਰਵਾਏ ਗਏ। ਗੁਰੂ ਘਰ ਵਿੱਚ ਅਖੰਡ ਪਾਠਾ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿੰਨਾਂ ਦੀ ਅਰੰਭਤਾ ਇਲਾਕੇ ਦੇ ਹਰਮਨ ਪਿਆਰੇ ਕੀਰਤਨੀਏ ਭਾਈ ਅਵਤਾਰ ਸਿੰਘ ਜੀ ਦੇ ਜੱਥੇ ਨੇ ਗੁਰਬਾਣੀ ਕੀਰਤਨ ਕਰਦੇ ਹੋਏ ਕੀਤੀ। ਇਸੇ ਦੌਰਾਨ ਗੁਰੂਘਰ ਦੇ ਹਜੂਰੀ ਰਾਗੀ ਭਾਈ ਰਣਜੀਤ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਗੁਰਬਿੰਦਰ ਸਿੰਘ ਦੇ ਜੱਥੇ ਨੇ ਹਾਜਰੀ ਭਰੀ। ਗਿਆਨੀ ਜਸਵਿੰਦਰ ਸਿੰਘ ਜੀ ਗੁਰੂਘਰ ਦੇ ਹੈੱਡ ਗ੍ਰੰਥੀ ਅਤੇ ਭਾਈ ਭੁਪਿੰਦਰ ਸਿੰਘ ਜੀ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਇਤਿਹਾਸ ਬਾਰੇ ਕਥਾ-ਵਿਚਾਰਾ ਰਾਹੀ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਹੋਰ ਗੁਰਸਿੱਖ ਬੁਲਾਰਿਆਂ ਅਤੇ ਸੰਗਤਾਂ ਨੇ ਧਾਰਮਿਕ ਵਿਚਾਰਾ ਦੀ ਸਾਂਝ ਪਾਈ।
ਗੁਰੂਘਰ ਵਿੱਚ ਇਸ ਦਿਨ ਦੀ ਵਿਸੇਸਤਾ ਨੂੰ ਮਨਾਉਂਦੇ ਹੋਏ ਲਾਈਟਾਂ ਅਤੇ ਦੀਵਿਆਂ ਨਾਲ ਦੀਪਮਾਲਾ ਕਰ ਸਜਾਇਆ ਗਿਆ ਸੀ। ਸੰਗਤਾਂ ਦੂਰ-ਦੁਰਾਡੇ ਤੋਂ ਪਹੁੰਚ ਇੱਥੇ ਮਿਠਾਈਆਂ ਦੇ ਪ੍ਰਸਾਦ ਲਿਆ, ਅਰਦਾਸਾ ਕਰ ਰਹੀਆਂ ਸਨ ਅਤੇ ਦੀਵੇ, ਮੋਮਬੱਤੀਆਂ ਆਦਿਕ ਜਗਾ ਰੋਸਨੀਆਂ ਦੇ ਤਿਉਹਾਰ ਨੂੰ ਹੋਰ ਰੋਸਨ ਕਰ ਰਹੀਆਂ ਸਨ। ਇਸੇ ਤਰਾਂ ਸੰਗਤਾਂ ਨੇ ਰਲ ਕੇ ਆਤਿਸਬਾਜੀ ਵੀ ਕੀਤੀ। ਜਿਸ ਦੌਰਾਨ ਵੱਡੇ ਪੱਧਰ ’ਤੇ ਪਟਾਕੇ, ਫੁਲਝੜੀਆਂ ਆਦਿਕ ਵੀ ਚਲਾਏ ਗਏ। ਇਸ ਸਮੇਂ ਪਟਾਕਿਆਂ ਦੀ ਗੂੰਜ ਅਤੇ ਆਤਿਸਬਾਜੀ ਦੇ ਰੰਗਾਂ ਨਾਲ ਟਿਮਟਮਾਉਦੇ ਅਸਮਾਨ ਦਾ ਸੰਗਤਾਂ ਨੇ ਰੱਜ ਕੇ ਅਨੰਦ ਮਾਣਿਆ। ਗੁਰੂਘਰ ਅੰਦਰ ਲੱਗੇ ਬਹੁ-ਭਾਂਤੀ ਖਾਣਿਆਂ ਦੇ ਸਟਾਲ ਵੀ ਸਭ ਲਈ ਖਿੱਚ ਦਾ ਕੇਂਦਰ ਰਹੇ। ਗੁਰੂਘਰ ਵਿੱਚ ਹਜਾਰਾਂ ਸੰਗਤਾਂ ਦਾ ਇਕੱਠ ਪੰਜਾਬੀ ਭਾਈਚਾਰੇ ਅਤੇ ਗੁਰਸਿੱਖਾਂ ਦੀ ਚੜਦੀਕਲਾ ਦਾ ਸੁਨੇਹਾ ਦੇ ਰਿਹਾ ਸੀ। ਜੋ ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆਂ।