ਗੁਣਕਾਰੀ ਅਲਸੀ ਦੀ ਕਾਸ਼ਤ

ਗੁਣਕਾਰੀ ਅਲਸੀ ਦੀ ਕਾਸ਼ਤ

ਨਰੇਸ਼ ਕੁਮਾਰ, ਨਰਿੰਦਰ ਦੀਪ ਸਿੰਘ ਤੇ ਅਨਿਲ ਖੋਖਰ*

ਅਲਸੀ ਦੁਨੀਆਂ ਵਿੱਚ ਸਭ ਤੋਂ ਪੁਰਾਣੀ ਰੇਸ਼ੇ ਵਾਲੀ ਫ਼ਸਲ ਹੈ। ਅਲਸੀ ਦਾ ਹਰ ਇੱਕ ਹਿੱਸਾ ਸਿੱਧਾ ਜਾਂ ਪ੍ਰਾਸੈਸਿੰਗ ਦੇ ਬਾਅਦ, ਵਪਾਰਕ ਤੌਰ ’ਤੇ ਵਰਤਿਆ ਜਾਂਦਾ ਹੈ। ਭਾਰਤ ਵਿੱਚ ਇਸ ਦੀ ਕਾਸ਼ਤ ਮੁੱਖ ਤੌਰ ’ਤੇ ਬੀਜ ਅਤੇ ਤੇਲ ਕੱਢਣ ਲਈ ਹੁੰਦੀ ਹੈ। ਇਸ ਦੇ ਬੀਜ ਵਿੱਚ ਤੇਲ 33 ਤੋਂ 47 ਫ਼ੀਸਦੀ ਤੱਕ ਹੁੰਦੀ ਹੈ। ਅਲਸੀ ਦਾ ਤੇਲ ਰੰਗ, ਵਾਰਨਿਸ, ਵਾਟਰਪਰੂਫ ਕੱਪੜੇ ਬਣਾਉਣ ਅਤੇ ਖਾਣ ਵਾਲੇ ਤੇਲ ਵਜੋਂ ਅਤੇ ਇਸ ਦੇ ਰੇਸ਼ੇ ਨੂੰ ਲਿਲਨ ਦੇ ਕੱਪੜੇ ਬਣਾਉਣ ਲਈ ਵਰਤਿਆ ਜਾਂਦਾ ਹੈ। ਅਲਸੀ ਦੇ ਸਿਹਤ ਲਈ ਬਹੁਤ ਲਾਭ ਹਨ ਜਿਵੇਂ ਕੋਲੈਸਟਰੋਲ, ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀਆ, ਸ਼ੂਗਰ, ਦਮਾ, ਗਠੀਆ, ਕੈਂਸਰ ਆਦਿ ਦੇ ਰੋਗਾਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਇਹ ਕਾਗਜ਼, ਪਲਾਸਟਿਕ, ਸਾਬਣ, ਸਿਆਹੀ ਬਣਾਉਣ ਅਤੇ ਲਨਿੋਲੀਅਮ ਵਿੱਚ ਵੀ ਵਰਤਿਆ ਜਾਂਦਾ ਹੈ। ਅਲਸੀ ਦੀ ਖ਼ਲ ਨੂੰ ਖਾਦ ਅਤੇ ਪਸ਼ੂ ਫੀਡ ਦੇ ਤੌਰ ’ਤੇ ਵੀ ਵਰਤਿਆ ਜਾਂਦਾ ਹੈ।

ਅਲਸੀ ਹਾੜ੍ਹੀ ਰੁੱਤ ਵਿੱਚ ਕਾਸ਼ਤ ਕੀਤੀ ਜਾਣ ਵਾਲੀ ਮੁੱਖ ਤੇਲ ਬੀਜ ਫ਼ਸਲ ਹੈ। ਇਸ ਦੀ ਕਾਸ਼ਤ ਮੁੱਖ ਤੌਰ ’ਤੇ ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਹੁੰਦੀ ਹੈ। ਬਰਾਨੀ ਖੇਤੀ ਵਾਲੇ ਇਲਾਕਿਆਂ ਲਈ ਅਲਸੀ ਇੱਕ ਢੁਕਵੀਂ ਫ਼ਸਲ ਹੈ। ਇਸ ਦੀ ਕਾਸ਼ਤ ਲਈ ਘੱਟ ਪਾਣੀ ਦੀ ਲੋੜ ਪੈਂਦੀ ਹੈ। ਇਸ ਨੂੰ ਜੰਗਲੀ ਜਾਨਵਰ, ਆਵਾਰਾ ਪਸ਼ੂ, ਪੰਛੀ ਆਦਿ ਨਹੀਂ ਖਾਂਦੇ ਹਨ। ਇਸ ਦਾ ਚੰਗਾ ਝਾੜ ਲੈਣ ਲਈ 21 ਤੋਂ 26 ਡਿਗਰੀ ਤਾਪਮਾਨ ਢੁਕਵਾਂ ਹੁੰਦਾ ਹੈ। ਅਲਸੀ ਦੀ ਫ਼ਸਲ ਘੱਟ ਮੀਂਹ ਵਾਲੇ ਇਲਾਕਿਆਂ ਵਿੱਚ ਚੰਗੀ ਹੁੰਦੀ ਹੈ, ਫੁੱਲ ਪੈਣ ਸਮੇਂ ਕੋਰਾ ਅਲਸੀ ਲਈ ਨੁਕਸਾਨਦੇਹ ਹੁੰਦਾ ਹੈ। ਇਸ ਨੂੰ ਕਾਫ਼ੀ ਨਮੀ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਦੀਆਂ ਜੜ੍ਹਾਂ ਮਿੱਟੀ ਦੀ ਉੱਪਰਲੀ ਤਹਿ ਵਿੱਚ ਹੁੰਦੀਆਂ ਹਨ।

ਅਲਸੀ ਦੀ ਪੋਸ਼ਣ ਸਬੰਧੀ ਵਿਸ਼ੇਸ਼ਤਾ ਅਤੇ ਸਿਹਤ ਲਈ ਲਾਭ: ਜ਼ਿਆਦਾਤਰ ਪੌਦਿਆਂ ਦੇ ਬੀਜਾਂ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ ਪਰ ਅਲਸੀ ਤੋਂ ਪ੍ਰਾਪਤ ਪੌਸ਼ਟਿਕ ਤੱਤ ਦੂਜੇ ਪੌਦਿਆਂ ਤੋਂ ਨਹੀਂ ਮਿਲਦੇ ਹਨ। ਇਹ ਓਮੇਗਾ-3 ਫੈਟੀ ਐਸਿਡ ਦਾ ਸਭ ਤੋਂ ਚੰਗਾ ਸਰੋਤ ਹੈ। ਇਸ ਵਿੱਚ ਐਂਟੀ-ਆਕਸੀਡੇਂਟ ਫਲਾਂ, ਸਬਜ਼ੀਆਂ, ਜੈਤੂਨ ਆਦਿ ਤੋਂ ਵੱਧ ਹੁੰਦੇ ਹਨ। ਇਸ ਵਿੱਚ ਚਰਬੀ, ਪ੍ਰੋਟੀਨ ਅਤੇ ਰੇਸ਼ਾ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਇਹ ਵਿਟਾਮਨਿ ਏ, ਬੀ, ਸੀ ਅਤੇ ਖਣਜਿ ਤੱਤਾਂ ਦਾ ਚੰਗਾ ਸਰੋਤ ਹੈ।

ਓਮੇਗਾ-3 ਫੈਟੀ ਐਸਿਡ ਦਿਮਾਗ, ਦਿਲ ਅਤੇ ਅੱਖਾਂ ਨੂੰ ਸਹੀ ਕੰਮ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹ ਸਰੀਰ ਦੀ ਪਾਚਕ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ, ਜੋ ਮੂਡ ਨੂੰ ਬਿਹਤਰ ਬਣਾਉਣ, ਚਿੰਤਾ ਅਤੇ ਡਿਪਰੈਸ਼ਨ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਓਮੇਗਾ-3 ਫੈਟੀ ਐਸਿਡ ਚਮੜੀ ਦੀਆਂ ਬਿਮਾਰੀਆਂ ਜਿਵੇਂ ਕਿ ਫਨਿਸੀ ਅਤੇ ਚੰਬਲ ਵਿੱਚ ਸੋਜਸ਼ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਅਲਸੀ ਵਿੱਚ ਸਭ ਖ਼ੁਰਾਕੀ ਵਸਤਾਂ ਨਾਲੋਂ ਵੱਧ ਲਿਗਨੈਨ ਹੁੰਦਾ ਹੈ। ਲਿਗਨੈਨ ਫਾਈਬਰ ਉਹ ਚੀਜ਼ਾਂ ਹਨ ਜਨਿ੍ਹਾਂ ਵਿੱਚ ਐਟੀ-ਆਕਸੀਡੇਂਟ ਅਤੇ ਐਸਟ੍ਰੋਜਨ ਵਰਗੀਆਂ ਵਿਸ਼ੇਸਤਾਵਾਂ ਹੁੰਦੀਆਂ ਹਨ। ਮਉਸਿਲੇਜ ਇੱਕ ਜੈਲ ਬਣਤਰ ਫਾਈਬਰ ਹੈ ਜੋ ਆਂਦਰਾਂ ਦੇ ਟ੍ਰੈਕਟ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਅਲਸੀ ਪੌਦਿਆਂ ਤੋਂ ਪ੍ਰਾਪਤ ਪ੍ਰੋਟੀਨ ਦਾ ਬਹੁਤ ਵੱਡਾ ਸਰੋਤ ਹੈ। ਇਸ ਵਿੱਚ ਅਮੀਨੋ ਐਸਿਡ, ਅਰਜੀਨੀਨ, ਆਸਪਾਰਟੀਕ ਐਸਿਡ, ਗਲੂਟਾਮਿਕ ਐਸਿਡ ਕਾਫ਼ੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ।

ਅਲਸੀ ਦੀਆਂ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਗਈ ਕਿਸਮਾਂ: ਐਲਜੀ 2063 (2007): ਇਹ ਭਰਪੂਰ ਸ਼ਾਖਾਵਾਂ ਵਾਲੀ ਲੰਮੀ ਅਤੇ ਨੀਲੇ ਫੁੱਲਾਂ ਵਾਲੀ ਕਿਸਮ ਹੈ। ਇਹ ਕਿਸਮ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਦਾਣੇ ਚਮਕੀਲੇ ਭੂਰੇ ਅਤੇ ਮੋਟੇ ਹਨ ਅਤੇ ਇਨ੍ਹਾਂ ਵਿੱਚ ਤੇਲ ਦੀ ਮਾਤਰਾ 38.4 ਫ਼ੀਸਦੀ ਹੈ। ਇਸ ਦਾ ਔਸਤ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ, ਇਹ ਪੱਕਣ ਲਈ 158 ਦਿਨ ਲੈਂਦੀ ਹੈ।

ਐੱਲਸੀ 2023 (1998): ਇਸ ਦੀ ਸਿਫ਼ਾਰਸ਼ ਬਰਾਨੀ ਅਤੇ ਸੇਂਜੂ ਦੋਵਾਂ ਹਾਲਤਾਂ ਲਈ ਕੀਤੀ ਗਈ ਹੈ। ਇਹ ਕਿਸਮ ਲੰਬੀ, ਨੀਲੇ ਫੁੱਲਾਂ ਅਤੇ ਵਧੇਰੇ ਘੁੰਡਰਾਂ ਵਾਲੀ ਹੈ। ਇਸ ਦੇ ਦਾਣੇ ਭੂਰੇ ਰੰਗ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸ ਦੀਆਂ ਪੱਤੀਆਂ ਗੂੜ੍ਹੇ, ਹਰੇ ਰੰਗ ਦੀਆਂ ਹੁੰਦੀਆਂ ਹਨ। ਇਹ ਕਿਸਮ ਉਖੇੜੇ, ਕੁੰਗੀ ਅਤੇ ਚਿੱਟੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਬੀਜ ਵਿੱਚ ਤੇਲ ਦੀ ਮਾਤਰਾ 37.4 ਫ਼ੀਸਦੀ ਹੁੰਦੀ ਹੈ ਅਤੇ ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੱਕਣ ਲਈ ਬਰਾਨੀ ਹਾਲਤਾਂ ਵਿੱਚ 158 ਅਤੇ ਸੇਂਜੂ ਹਾਲਤਾਂ ਵਿੱਚ 163 ਦਿਨ ਲੈਂਦੀ ਹੈ।

ਅਲਸੀ ਦੀ ਕਾਸ਼ਤ ਦੇ ਉਨਤ ਢੰਗ: ਚੰਗੇ ਜਲ ਨਿਕਾਸ ਵਾਲੀ ਮੈਰਾ ਤੋਂ ਚੀਕਣੀ ਜ਼ਮੀਨ ਇਸ ਫ਼ਸਲ ਲਈ ਸਭ ਤੋਂ ਚੰਗੀ ਹੁੰਦੀ ਹੈ। ਇੱਕ ਏਕੜ ਲਈ 15 ਕਿਲੋ ਬੀਜ ਦੀ ਲੋੜ ਪੈਂਦੀ ਹੈ। ਬਜਿਾਈ 4-5 ਸੈਂਟੀਮੀਟਰ ਡੂੰਘਾਈ ਤੇ ਡਰਿੱਲ ਜਾਂ ਪੋਰੇ ਨਾਲ ਕਰਨੀ ਚਾਹੀਦੀ ਹੈ। ਲਾਈਨਾਂ ਦਾ ਫ਼ਾਸਲਾ 23 ਸੈਂਟੀਮੀਟਰ ਅਤੇ ਪੌਦਿਆਂ ਦਾ ਫ਼ਾਸਲਾ 7-10 ਸੈਂਟੀਮੀਟਰ ਰੱਖੋ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ (100 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਵਰਤੋਂ ਸਾਰੀ ਖਾਦ ਬੀਜਣ ਸਮੇਂ ਪਾਉ। ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਖਾਦ ਰਾਹੀਂ ਪਾਉਣ ਨੂੰ ਤਰਜੀਹ ਦਿਉ। ਅਲਸੀ ਦੀ ਫ਼ਸਲ ਨੂੰ ਦੋ ਗੋਡੀਆਂ ਕਰੋ। ਪਹਿਲੀ ਬਜਿਾਈ ਤੋਂ ਤਿੰਨ ਹਫ਼ਤੇ ਪਿੱਛੋਂ ਅਤੇ ਦੂਜੀ ਗੋਡੀ, ਬਜਿਾਈ ਤੋਂ ਛੇ ਹਫ਼ਤੇ ਪਿੱਛੋਂ ਕਰੋ। ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ। ਨਦੀਨਾਂ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ 75 ਡਬਲਯੂ ਪੀ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਫ਼ਸਲ ਦੀ ਬਜਿਾਈ ਤੋਂ ਦੋ ਦਿਨਾਂ ਵਿੱਚ ਜਾਂ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਛਿੜਕਾਅ ਕੀਤਾ ਜਾ ਸਕਦਾ ਹੈ।

ਅਲਸੀ ਦੀ ਪੌਦ ਸੁਰੱਖਿਆ ਦੇ ਉਪਾਅ-

ਲੂਸਣ ਦੀ ਸੁੰਡੀ: ਇਹ ਪੱਤੇ ਖਾ ਜਾਂਦੀ ਹੈ। ਇਸ ਦੀ ਰੋਕਥਾਮ ਲਈ ਫ਼ਸਲ ’ਤੇ 450 ਗ੍ਰਾਮ ਸੇਵਨਿ/ ਹੈਕਸਾਵਨਿ 50 ਡਬਲਯੂ ਪੀ (ਕਾਰਬਰਿਲ) ਜਾਂ 400 ਮਿਲੀਲਿਟਰ ਮੈਲਾਥੀਆਨ 50 ਈ.ਸੀ (ਮੈਲਾਥੀਆਨ) 80 ਤੋਂ 100 ਲਿਟਰ ਪਾਣੀ ਦੇ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਬਿਮਾਰੀਆਂ: ਅਲਸੀ ਦੀਆਂ ਪੰਜਾਬ ਵਿੱਚ ਤਿੰਨ ਬਿਮਾਰੀਆਂ ਜਿਵੇਂ ਕੁੰਗੀ, ਉਖੇੜਾ ਅਤੇ ਚਿੱਟਾ ਰੋਗ ਮੁੱਖ ਤੌਰ ’ਤੇ ਦਰਜ ਕੀਤੀਆਂ ਗਈਆਂ ਹਨ। ਕੁੰਗੀ ਦਾ ਹਮਲਾ ਹੋਣ ’ਤੇ ਪੱਤਿਆਂ, ਟਾਹਣੀਆਂ ਅਤੇ ਫਲੀਆਂ ਉੱਤੇ ਗੁਲਾਬੀ ਰੰਗ ਦੇ ਧੱਬੇ ਅਤੇ ਧਾਰੀਆਂ ਪੈ ਜਾਂਦੀਆਂ ਹਨ। ਇਸ ਦੀ ਰੋਕਥਾਮ ਲਈ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਬੀਜੋ ਫ਼ਸਲ ਉੱਪਰ ਗੰਧਕ ਦਾ ਧੂੜਾ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਜਾਂ 500 ਗ੍ਰਾਮ ਇੰਡੋਫਿਲ ਜ਼ੈਡ-78 (ਜ਼ਨਿੇਬ 75 ਫ਼ੀਸਦੀ) 250 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਛੋਟੀ ਉਮਰ ਦੀ ਫ਼ਸਲ ’ਤੇ ਉਖੇੜੇ ਰੋਗ ਦਾ ਹਮਲਾ ਹੋਣ ’ਤੇ ਪੌਦੇ ਮਰ ਜਾਂਦੇ ਹਨ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਐੱਲ.ਸੀ 2023 ਅਤੇ ਐੱਲ.ਸੀ 2063 ਬੀਜੋ ਜੇ ਪੌਦੇ ਨੂੰ ਚਿੱਟਾ ਰੋਗ ਲੱਗ ਜਾਵੇ ਤਾਂ ਪੱਤਿਆਂ ਉੱਤੇ ਚਿੱਟੇ ਰੰਗ ਦਾ ਧੂੜਾ ਨਜ਼ਰ ਆਉਂਦਾ ਹੈ। ਜ਼ਿਆਦਾ ਹਮਲੇ ਸਮੇਂ ਪੱਤੇ, ਟਾਹਣੀਆਂ ਅਤੇ ਫੁੱਲ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਨਾਲ ਪੱਤੇ ਝੜ ਜਾਂਦੇ ਹਨ ਅਤੇ ਬੀਜ ਸੁੱਕੜ ਜਾਂਦੇ ਹਨ। ਫ਼ਸਲ ਦੇ ਫੁੱਲ ਨਿਕਲਣ ਤੋਂ ਪਹਿਲਾਂ ਗੰਧਕ ਦਾ ਧੂੜਾ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਧੂੜੋ।

ਫ਼ਸਲ ਦੀ ਕਟਾਈ ਅਤੇ ਗਹਾਈ: ਫ਼ਸਲ ਦੇ ਪੱਤੇ ਜਦੋਂ ਸੁੱਕ ਜਾਣ, ਫਲੀਆਂ ਭੂਰੀਆਂ ਹੋ ਜਾਣ ਅਤੇ ਬੀਜ ਚਮਕਦਾਰ ਹੋ ਜਾਣ ਤਾਂ ਫ਼ਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ। ਇਹ ਫ਼ਸਲ ਅਪਰੈਲ ਦੇ ਮਹੀਨੇ ਵਿੱਚ ਕੱਟਣ ਲਈ ਤਿਆਰ ਹੋ ਜਾਂਦੀ ਹੈ। ਕੱਟਣ ਤੋਂ ਬਾਅਦ, ਪੌਦਿਆਂ ਦੇ ਬੰਡਲ ਬਣਾਉ ਅਤੇ 4-5 ਦਿਨ ਲਈ ਗਹਾਈ ਕਰਨ ਵਾਲੀ ਥਾਂ ’ਤੇ ਸੁੱਕਣ ਲਈ ਛੱਡ ਦਿਉ। ਗਹਾਈ ਸੁੱਕੇ ਪੌਦਿਆਂ ਨੂੰ ਲੱਕੜ ਨਾਲ ਕੁੱਟ ਕੇ ਜਾਂ ਟਰੈਕਟਰ ਦੇ ਟਾਇਰਾਂ ਹੇਠ ਕੁਚਲ ਕੇ ਕੀਤੀ ਜਾਂਦੀ ਹੈ।

ਅਲਸੀ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰੋ ਅਤੇ ਸਿਹਤਮੰਦ ਰਹੋ: ਅਲਸੀ ਓਮੇਗਾ-3 ਫੈਟੀ ਐਸਿਡ, ਫਾਈਬਰ ਅਤੇ ਪ੍ਰੋਟੀਨ ਦਾ ਇਕ ਚੰਗਾ ਸਰੋਤ ਹੈ। ਸਾਰੇ ਬੀਜ ਦੀ ਥਾਂ ਉਸ ਦੇ ਅੰਦਰ ਵਾਲੇ ਪਦਾਰਥ ਨੂੰ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਬਾਹਰਲੇ ਹਿੱਸੇ ਨੂੰ ਸਾਡਾ ਸਰੀਰ ਪਚਾ ਨਹੀਂ ਸਕਦਾ। ਸਿਹਤ ਲਈ ਰੋਜ਼ਾਨਾ 10 ਗ੍ਰਾਮ ਅਲਸੀ ਕਾਫ਼ੀ ਹੁੰਦੀ ਹੈ। ਇਸ ਲਈ ਸਾਨੂੰ ਅਲਸੀ ਨੂੰ ਆਪਣੀ ਖ਼ੁਰਾਕ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਜਿਹੜੀ ਗਾਵਾਂ ਨੂੰ ਅਲਸੀ ਦਿੱਤੀ ਜਾਂਦੀ ਹੈ, ਉਨ੍ਹਾਂ ਦੇ ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ।