ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦੀ ਦਸਤਾਵੇਜ਼ੀ ਭਾਰਤ ਨੇ ਨਕਾਰੀ

ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦੀ ਦਸਤਾਵੇਜ਼ੀ ਭਾਰਤ ਨੇ ਨਕਾਰੀ

ਵਿਦੇਸ਼ ਮੰਤਰਾਲੇ ਵੱਲੋਂ ਦਸਤਾਵੇਜ਼ੀ ਝੂਠੇ ਬਿਰਤਾਂਤ ਦੇ ਪ੍ਰਚਾਰ ਲਈ ਘੜੀ ਤੇ ਬਸਤੀਵਾਦੀ ਮਾਨਸਿਕਤਾ ਕਰਾਰ
ਨਵੀਂ ਦਿੱਲੀ – ਗੁਜਰਾਤ ਦੰਗਿਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੀਬੀਸੀ ਦੀ ਦਸਤਾਵੇਜ਼ੀ ਦੇ ਮੁੱਦੇ ’ਤੇ ਵਿਵਾਦ ਦਰਮਿਆਨ ਭਾਰਤ ਨੇ ਦਸਤਾਵੇਜ਼ੀ ਨੂੰ ‘ਕੂੜ ਪ੍ਰਚਾਰ ਦਾ ਹਿੱਸਾ’ ਦੱਸ ਕੇ ਖਾਰਜ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਇਹ ਦਸਤਾਵੇਜ਼ੀ ‘ਝੂਠੇ ਬਿਰਤਾਂਤ’ ਦੇ ਪ੍ਰਚਾਰ ਪਾਸਾਰ ਲਈ ਘੜੀ ਗਈ ਹੈ ਤੇ ਇਸ ਲੜੀ ਵਿੱਚ ਬਸਤੀਵਾਦੀ ਮਾਨਸਿਕਤਾ ‘ਸਪੱਸ਼ਟ ਰੂਪ ’ਚ ਨਜ਼ਰ’ ਆਉਂਦੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਦਸਤਾਵੇਜ਼ੀ ਦੇ ਮੰਤਵ ਤੇ ਇਸ ਪਿਛਲੇ ‘ੲੇਜੰਡੇ’ ਬਾਰੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਸਪੱਸ਼ਟ ਤੌਰ ’ਤੇ ਉਹ ਅਜਿਹੀਆਂ ਕੋਸ਼ਿਸ਼ਾਂ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦੇ। ਬੀਬੀਸੀ ਦੀ ਦੋ ਕੜੀਆਂ ਵਾਲੀ ਇਹ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਅਸ਼ਚਨ’ 2002 ਦੇ ਗੁਜਰਾਤ ਦੰਗਿਆਂ, ਜਦੋਂ ਨਰਿੰਦਰ ਮੋਦੀ ਸੂਬੇ ਦੇ ਮੁੱਖ ਮੰਤਰੀ ਸਨ, ਦੇ ਕੁਝ ਪਹਿਲੂਆਂ ਦੀ ਜਾਂਚ ਕੀਤੇ ਜਾਣ ਦਾ ਦਾਅਵਾ ਕਰਦੀ ਹੈ।ਬਾਗਚੀ ਨੇ ਕਿਹਾ, ‘‘ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਸਾਡਾ ਮੰਨਣਾ ਹੈ ਕਿ ਇਹ ਕੂੜ ਪ੍ਰਚਾਰ ਦਾ ਹਿੱਸਾ ਹੈ, ਜੋ ਇਕ ਝੂਠੇ ਬਿਰਤਾਂਤ ਦੇ ਪ੍ਰਚਾਰ ਪਾਸਾਰ ਲਈ ਸਿਰਜਿਆ ਗਿਆ ਹੈ। ਇਸ ਵਿਚੋਂ ਪੱਖਪਾਤ, ਵਾਸਤਵਿਕਤਾ ਦੀ ਘਾਟ ਤੇ ਬਸਤੀਵਾਦੀ ਮਾਨਸਿਕਤਾ ਸਾਫ਼ ਝਲਕਦੀ ਹੈ।’’ ਬਾਗਚੀ ਦਸਤਾਵੇਜ਼ੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘‘ਇਹ ਦਸਤਾਵੇਜ਼ੀ ਜਾਂ ਫਿਲਮ ਉਨ੍ਹਾਂ ਲੋਕਾਂ ਤੇ ਏਜੰਸੀ ਦੀ ਮਾਨਸਿਕਤਾ ਨੂੰ ਵੀ ਦਰਸਾਉਂਦੀ ਹੈ। ਇਸ ਪੂਰੀ ਮਸ਼ਕ ਦਾ ਮੰਤਵ ਤੇ ਇਸ ਪਿਛਲਾ ੲੇਜੰਡਾ ਸਾਨੂੰ ਹੈਰਾਨ ਕਰਦਾ ਹੈ ਤੇ ਅਸੀਂ ਅਜਿਹੀਆਂ ਕੋਸ਼ਿਸ਼ਾਂ ਨੂੰ ਵਡਿਆਉਣਾ ਨਹੀਂ ਚਾਹੁੰਦੇ।’’ ਬ੍ਰਿਟੇਨ ਦੇ ਸਾਬਕਾ ਵਿਦੇਸ਼ ਸਕੱਤਰ ਜੈਕ ਸਟਰਾਅ ਵੱਲੋਂ ਦੰਗਿਆਂ ਬਾਰੇ ਕੀਤੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਬਾਗਚੀ ਨੇ ਕਿਹਾ ਕਿ ਉਹ ਸ਼ਾਇਦ ਯੂਕੇ ਸਰਕਾਰ ਦੀ ਕਿਸੇ ਅੰਦਰੂਨੀ ਰਿਪੋਰਟ ਦਾ ਹਵਾਲਾ ਦੇ ਰਹੇ ਹਨ। ਉਨ੍ਹਾਂ ਕਿਹਾ, ‘‘ਮੇਰੀ ਉਸ (ਰਿਪੋਰਟ ਤੱਕ) ਪਹੁੰਚ ਕਿਵੇਂ ਹੋ ਸਕਦੀ ਹੈ? ਇਹ 20 ਸਾਲ ਪੁਰਾਣੀ ਰਿਪੋਰਟ ਹੈ। ਮੈਂ ਹੁਣ ਇਸ ਝਮੇਲੇ ਵਿੱਚ ਕਿਉਂ ਪਵਾਂ? ਸਿਰਫ ਇਸ ਲਈ ਕਿ ਜੈਕ ਸਟਰਾਅ ਨੇ ਇਹ ਗੱਲ ਕਹੀ ਹੈ। ਇਸ ਨਾਲ ਇਸ ਨੂੰ ਕਾਨੂੰਨੀ ਪ੍ਰਮਾਣਿਕਤਾ ਕਿਵੇਂ ਮਿਲ ਸਕਦੀ ਹੈ।’’

ਬਾਗਚੀ ਨੇ ਕਿਹਾ, ‘‘ਮੈਂ ਜਾਂਚ ਤੇ ਪੜਤਾਲ ਜਿਹੇ ਸ਼ਬਦ ਸੁਣੇ ਹਨ। ਅਸੀਂ ਬਸਤੀਵਾਦੀ ਮਾਨਸਿਕਤਾ ਸ਼ਬਦ ਵਰਤਿਆ, ਇਸ ਦੀ ਇਕ ਵਜ੍ਹਾ ਹੈ। ਅਸੀਂ ਸਹਿਜੇ ਹੀ ਇਹ ਸ਼ਬਦ ਨਹੀਂ ਵਰਤਦੇ। ਕਿਹੜੀ ਪੜਤਾਲ? ਉਹ ਇਥੇ ਡਿਪਲੋਮੈਟ ਹਨ…ਜਾਂਚ, ਕੀ ਉਹ ਦੇਸ਼ ’ਤੇ ਰਾਜ ਕਰ ਰਹੇ ਹਨ। ਮੈਂ ਕਿਰਦਾਰਾਂ ਦੇ ਇਸ ਚਿੱਤਰਨ ਨਾਲ ਸਹਿਮਤ ਨਹੀਂ ਹਾਂ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਇਸ ਗੱਲ ਦਾ ਨੋਟਿਸ ਲਿਆ ਕੇ ਭਾਰਤ ਵਿੱਚ ਇਹ ਦਸਤਾਵੇਜ਼ੀ ਅਜੇ ਤੱਕ ਨਹੀਂ ਵਿਖਾਈ ਗਈ। ਉਂਜ ਦਸਤਾਵੇਜ਼ੀ ਨੂੰ ਵਰਚੁਅਲੀ ਨਿੱਜੀ ਨੈੱਟਵਰਕਾਂ ’ਤੇ ਵੇਖਿਆ ਜਾ ਸਕਦਾ ਹੈ। ਤਰਜਮਾਨ ਨੇ ਆਪਣੀ ਸ਼ੁਰੂਆਤੀ ਟਿੱਪਣੀਆਂ ਵਿੱਚ ਕਿਹਾ, ‘‘ਇਹ ਨੋਟ ਕੀਤਾ ਜਾਵੇ ਕਿ ਦਸਤਾਵੇਜ਼ੀ ਦੀ ਅਜੇ ਭਾਰਤ ਵਿੱਚ ਸਕਰੀਨਿੰਗ ਨਹੀਂ ਹੋਈ। ਲਿਹਾਜ਼ਾ ਮੈਂ ਇਸ ਸੰਦਰਭ ਵਿੱਚ ਸਿਰਫ਼ ਉਸੇ ਗੱਲ ਬਾਰੇ ਟਿੱਪਣੀ ਕਰਾਂਗਾ, ਜੋ ਮੈਂ ਸੁਣਿਆ ਤੇ ਜਿਹੜਾ ਮੇਰੇ ਸਾਥੀਆਂ ਨੇ ਵੇਖਿਆ ਹੈ।’’ ਬਰਤਾਨਵੀ ਨਾਗਰਿਕਾਂ ਦੀ ਮੌਤ ਦੇ ਦਾਅਵੇ ਬਾਰੇ ਸਵਾਲ ’ਤੇ ਬਾਗਚੀ ਨੇ ਕਿਹਾ ਕਿ ਜੇਕਰ ਭਾਰਤ ਵਿੱਚ ਮੌਤਾਂ ਹੋਈਆਂ ਹਨ ਤਾਂ ਦੇਸ਼ ਦੀ ਕਾਨੂੰਨ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ। 2002 ਵਿੱਚ ਅਜਿਹਾ ਹੋਇਆ ਜਾਂ ਨਹੀਂ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਉਧਰ ਤਤਕਾਲੀਨ ਵਿਦੇਸ਼ ਸਕੱਤਰ ਕੰਵਲ ਸਿੱਬਲ ਨੇ ਕਿਹਾ ਕਿ ਉਹ ‘ਯੂਕੇ ਮਿਸ਼ਨ ਦੀ ਇਸ ਸ਼ਰਾਰਤ ਤੋਂ ਜਾਣੂ’ ਹਨ। ਯੂਕੇ ਮਿਸ਼ਨ ਨੇ ਉਦੋਂ ਗੁਜਰਾਤ ਵਿੱਚ ਆਪਣਾ ਡਿਪਲੋਮੈਟ ਭੇਜਿਆ ਸੀ ਤੇ ਮਗਰੋਂ ਦਿੱਲੀ ਵਿਚਲੇ ਯੂਰੋਪੀ ਯੂਨੀਅਨ ਦੇ ਪ੍ਰਤੀਨਿਧਾਂ ਨੂੰ ਰਿਪੋਰਟ ਭੇਜੀ ਸੀ। ਉਨ੍ਹਾਂ ਕਿਹਾ, ‘‘ਯੂਰੋਪੀ ਯੂਨੀਅਨ ਦੇ ਪ੍ਰਤੀਨਿਧ ਨੇ ਮੈਨੂੰ ਜਾਣਕਾਰੀ ਦਿੱਤੀ ਸੀ, ਜਿਸ ਮਗਰੋਂ ਮੈਨੂੰ ਦਿੱਲੀ ਵਿਚਲੇ ਮਿਸ਼ਨਾਂ ਨੂੰ ਇਹ ਚੇਤਾਵਨੀ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਸੀ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇੇਣ।