ਗੁਜਰਾਤ ਦੇ ਅਗਲੇ 25 ਸਾਲਾਂ ਦਾ ਭਵਿੱਖ ਤੈਅ ਕਰਨਗੀਆਂ ਇਹ ਚੋਣਾਂ: ਮੋਦੀ

ਗੁਜਰਾਤ ਦੇ ਅਗਲੇ 25 ਸਾਲਾਂ ਦਾ ਭਵਿੱਖ ਤੈਅ ਕਰਨਗੀਆਂ ਇਹ ਚੋਣਾਂ: ਮੋਦੀ

ਸਿੱਖਿਆ ਅਤੇ ਬਿਜਲੀ ਦੇ ਮੁੱਦੇ ਉਠਾ ਕੇ ‘ਆਪ’ ਨੂੰ ਜਵਾਬ ਦੇਣ ਦੀ ਕੀਤੀ ਕੋਸ਼ਿਸ਼
ਪਾਲਨਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗੁਜਰਾਤ ਦੀਆਂ ਚੋਣਾਂ ਸੂਬੇ ਦੇ ਆਉਂਦੇ 25 ਸਾਲਾਂ ਦੀ ਕਿਸਮਤ ਤੈਅ ਕਰਨਗੀਆਂ। ਵੱਖ ਵੱਖ ਥਾਵਾਂ ’ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਬਿਜਲੀ ਅਤੇ ਸਿੱਖਿਆ ਸਬੰਧੀ ਮੁੱਦਿਆਂ ਦੀ ਗੱਲ ਕੀਤੀ। ਉਨ੍ਹਾਂ ਦੇ ਇਸ ਬਿਆਨ ਨੂੰ ‘ਆਪ’ ਵੱਲੋਂ ਕੀਤੇ ਵਾਅਦਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬਨਾਸਕਾਂਠਾ ਜ਼ਿਲ੍ਹੇ ਦੇ ਪਾਲਨਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਗੁਜਰਾਤ ’ਚ ਹੁਕਮਰਾਨ ਭਾਜਪਾ ਨੇ ਵਿਕਾਸ ਦੇ ਕਈ ਕੰਮ ਕੀਤੇ ਹਨ ਪਰ ਹੁਣ ਵੱਡੀ ਪੁਲਾਂਘ ਪੁੱਟਣ ਦਾ ਸਮਾਂ ਆ ਗਿਆ ਹੈ। ‘ਇਹ ਚੋਣ ਕੌਣ ਵਿਧਾਇਕ ਬਣੇਗਾ ਜਾਂ ਕਿਸ ਦੀ ਸਰਕਾਰ ਬਣੇਗੀ, ਇਸ ਬਾਰੇ ਨਹੀਂ ਹਨ। ਇਹ ਚੋਣਾਂ ਗੁਜਰਾਤ ਦੇ ਅਗਲੇ 25 ਸਾਲਾਂ ਦੀ ਕਿਸਮਤ ਤੈਅ ਕਰਨਗੀਆਂ।’ ਉਨ੍ਹਾਂ ਕਿਹਾ ਕਿ ਉਹ ਗੁਜਰਾਤ ਨੂੰ ਵਿਕਸਤ ਮੁਲਕਾਂ ਨਾਲ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ‘ਹੁਣ ਵੱਡੀ ਪੁਲਾਂਘ ਪੁੱਟਣ ਦਾ ਸਮਾਂ ਆ ਗਿਆ ਹੈ। ਗੁਜਰਾਤ ’ਚ ਮਜ਼ਬੂਤ ਸਰਕਾਰ ਬਣਾਉਣ ਲਈ ਮੈਨੂੰ ਤੁਹਾਡੀ ਹਮਾਇਤ ਦੀ ਲੋੜ ਹੈ। ਤੁਹਾਨੂੰ ਆਪਣੇ ਮੁੱਦੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਤੁਹਾਡੇ ਵਿਚਕਾਰ ਵਧਿਆ-ਫੁਲਿਆ ਹਾਂ ਅਤੇ ਮੈਂ ਸਾਰੇ ਮੁੱਦਿਆਂ ਨੂੰ ਸਮਝਦਾ ਹਾਂ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਬਨਾਸਕਾਂਠਾ ਦੀਆਂ ਸਾਰੀਆਂ ਸੀਟਾਂ ’ਤੇ ਭਾਜਪਾ ਉਮੀਦਵਾਰਾਂ ਨੂੰ ਜੇਤੂ ਬਣਾਓ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਜਲੀ ਮੁਫ਼ਤ ਲੈਣ ਦੀ ਬਜਾਏ ਉਸ ਤੋਂ ਆਮਦਨ ਕਮਾਉਣ ਦਾ ਸਮਾਂ ਆ ਗਿਆ ਹੈ। ਗੁਜਰਾਤ ’ਚ ‘ਆਪ’ ਅਤੇ ਕਾਂਗਰਸ ਵੱਲੋਂ ਬਿਜਲੀ ਮੁਫ਼ਤ ਦੇਣ ਦੇ ਕੀਤੇ ਵਾਅਦੇ ਨਾਲ ਨਜਿੱਠਣ ਲਈ ਸ੍ਰੀ ਮੋਦੀ ਦੇ ਇਸ ਬਿਆਨ ਨੂੰ ਦੇਖਿਆ ਜਾ ਰਿਹਾ ਹੈ। ਮੋਦਾਸਾ ਕਸਬੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਉਹ ਹੀ ਇਸ ਕਲਾ ਨੂੰ ਜਾਣਦੇ ਹਨ ਕਿ ਬਿਜਲੀ ਤੋਂ ਲੋਕ ਕਮਾਈ ਕਿਵੇਂ ਕਰ ਸਕਦੇ ਹਨ। ਉਨ੍ਹਾਂ ਦਾ ਇਸ਼ਾਰਾ ਸੂਰਜੀ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਵੱਲ ਸੀ। ਉਨ੍ਹਾਂ ਕਿਹਾ ਕਿ ਗੁਜਰਾਤ ’ਚ ਭਾਜਪਾ ਸਰਕਾਰ ਨੇ ਸਿੱਖਿਆ ਖੇਤਰ ’ਚ ਵੀ ਵੱਡੇ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਦਾ ਸਿੱਖਿਆ ਬਜਟ 33 ਹਜ਼ਾਰ ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ। ਕਾਂਗਰਸ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਸੱਤਾ ’ਚ ਆਉਣ ਲਈ ਪਾੜੋ ਅਤੇ ਰਾਜ ਕਰੋ ਦੀ ਨੀਤੀ ’ਚ ਯਕੀਨ ਰੱਖਦੀ ਹੈ।