ਗੁਜਰਾਤ: ਤਨਖਾਹ ਮੰਗਣ ’ਤੇ ਮਹਿਲਾ ਕਾਰੋਬਾਰੀ ਨੇ ਦਲਿਤ ਨੂੰ ਕੁੱਟਿਆ ਤੇ ਆਪਣੀ ਜੁੱਤੀ ਉਸ ਦੇ ਮੂੰਹ ’ਚ ਪਾਈ

ਗੁਜਰਾਤ: ਤਨਖਾਹ ਮੰਗਣ ’ਤੇ ਮਹਿਲਾ ਕਾਰੋਬਾਰੀ ਨੇ ਦਲਿਤ ਨੂੰ ਕੁੱਟਿਆ ਤੇ ਆਪਣੀ ਜੁੱਤੀ ਉਸ ਦੇ ਮੂੰਹ ’ਚ ਪਾਈ

ਮੋਰਬੀ- ਗੁਜਰਾਤ ਦੇ ਮੋਰਬੀ ਸ਼ਹਿਰ ਦੀ ਪੁਲੀਸ ਨੇ ਮਹਿਲਾ ਕਾਰੋਬਾਰੀ ਅਤੇ ਛੇ ਹੋਰਾਂ ਵਿਰੁੱਧ 21 ਸਾਲਾ ਦਲਿਤ ਵਿਅਕਤੀ ਨੂੰ ਤਨਖਾਹ ਮੰਗਣ ’ਤੇ ਉਸ ਦੀ ਕੁੱਟਮਾਰ ਕਰਨ ਅਤੇ ਉਸ ਦੇ ਮੂੰਹ ਵਿੱਚ ਜੁੱਤੀਆਂ ਰੱਖ ਕੇ ਮੁਆਫੀ ਮੰਗਣ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਪ੍ਰਤਿਪਾਲ ਸਿੰਘ ਨੇ ਦੱਸਿਆ ਕਿ ਪੀੜਤ ਨਿਲੇਸ਼ ਦਲਸਾਨੀਆ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੇ ਆਧਾਰ ‘ਤੇ ਮੋਰਬੀ ਸ਼ਹਿਰ ਦੀ ‘ਏ’ ਡਿਵੀਜ਼ਨ ਪੁਲੀਸ ਨੇ ਔਰਤ ਵਿਭੂਤੀ ਪਟੇਲ ਉਰਫ ਰਾਣੀਬਾ ਅਤੇ ਉਸ ਦੇ ਭਰਾ ਓਮ ਪਟੇਲ ਅਤੇ ਮੈਨੇਜਰ ਪਰੀਕਸ਼ਿਤ ਸਮੇਤ ਹੋਰਾਂ ਖਿਲਾਫ ਐੱਫਆਈਆਰ ਦਰਜ ਕੀਤੀ ਹੈ। ਵਿਭੂਤੀ ਪਟੇਲ ਰਾਣੀਬਾ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੀ ਮਾਲਕਣ ਹੈ। ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ ਦੀ ਸ਼ੁਰੂਆਤ ਵਿੱਚ ਉਸ ਨੇ ਦਲਸਾਨੀਆ, ਜੋ ਟਾਇਲਸ ਮਾਰਕੀਟਿੰਗ ਵਿੱਚ ਹੈ, ਨੂੰ 12,000 ਰੁਪਏ ਦੀ ਮਹੀਨਾਵਾਰ ਤਨਖਾਹ ‘ਤੇ ਨੌਕਰੀ ‘ਤੇ ਰੱਖਿਆ। 18 ਅਕਤੂਬਰ ਨੂੰ ਉਸ ਨੇ ਅਚਾਨਕ ਦਲਸਾਨੀਆ ਨੂੰ ਬਰਖਾਸਤ ਕਰ ਦਿੱਤਾ, ਜਦੋਂ ਦਲਸਾਨੀਆ ਨੇ ਕੰਪਨੀ ਵਿਚ ਕੰਮ ਕਰਨ ਲਈ 16 ਦਿਨਾਂ ਲਈ ਆਪਣੀ ਤਨਖਾਹ ਦੀ ਮੰਗ ਕੀਤੀ ਤਾਂ ਪਟੇਲ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਫਿਰ ਉਸ ਦੇ ਫੋਨ ਦਾ ਜਵਾਬ ਦੇਣਾ ਬੰਦ ਕਰ ਦਿੱਤਾ। ਦਲਸਾਨੀਆ, ਉਸ ਦਾ ਭਰਾ ਮੇਹੁਲ ਅਤੇ ਗੁਆਂਢੀ ਭਾਵੇਸ਼ ਦਫਤਰ ਗਏ ਤਾਂ ਕਾਰੋਬਾਰੀ ਦਾ ਭਰਾ ਓਮ ਪਟੇਲ ਆਪਣੇ ਸਾਥੀਆਂ ਨਾਲ ਉਸ ਜਗ੍ਹਾ ‘ਤੇ ਪਹੁੰਚ ਗਿਆ ਅਤੇ ਤਿੰਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਐੱਫਆਈਆਰ ਵਿਚ ਕਿਹਾ ਗਿਆ ਹੈ ਕਿ ਵਿਭੂਤੀ ਪਟੇਲ ਨੇ ਉਸ ਨੂੰ ਥੱਪੜ ਮਾਰਿਆ ਅਤੇ ਘੜੀਸਿਆ। ਇਸ ਵਿਚ ਕਿਹਾ ਗਿਆ ਹੈ ਕਿ ਪਰੀਕਸ਼ਿਤ ਪਟੇਲ, ਓਮ ਪਟੇਲ ਅਤੇ ਛੇ ਤੋਂ ਸੱਤ ਅਣਪਛਾਤੇ ਵਿਅਕਤੀਆਂ ਸਮੇਤ ਮੁਲਜ਼ਮਾਂ ਨੇ ਉਸ ਨੂੰ ਬੈਲਟਾਂ ਨਾਲ ਕੁੱਟਿਆ ਅਤੇ ਉਸ ਨੂੰ ਲੱਤਾਂ ਅਤੇ ਮੁੱਕੇ ਵੀ ਮਾਰੇ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਭੂਤੀ ਪਟੇਲ ਨੇ ਆਪਣੀ ਜੁੱਤੀ ਉਸ ਦੇ ਮੂੰਹ ਵਿੱਚ ਪਾ ਦਿੱਤੀ ਤੇ ਮੁਆਫ਼ੀ ਮੰਗਣ ਲਈ ਕਿਹਾ। ਉਸ ਨੇ ਇਹ ਵੀ ਧਮਕੀ ਦਿੱਤੀ ਕਿ ਜੇ ਉਸ ਨੂੰ ਦੁਬਾਰਾ ਨੇੜੇ ਤੇੜੇ ਦੇਖਿਆ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਘਰ ਪਰਤਣ ਤੋਂ ਬਾਅਦ ਦਲਿਤ ਵਿਅਕਤੀ ਨੂੰ ਮੋਰਬੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਾਰੇ ਮੁਲਜ਼ਮਾਂ ’ਤੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।