ਗੁਜਰਾਤ ਟਾਈਟਨਜ਼ ਨੂੰ ਹਰਾ ਕੇ ਚੇਨੱਈ ਸੁਪਰ ਕਿੰਗਜ਼ ਆਈਪੀਐੱਲ ਦੇ ਫਾਈਨਲ ਵਿੱਚ

ਗੁਜਰਾਤ ਟਾਈਟਨਜ਼ ਨੂੰ ਹਰਾ ਕੇ ਚੇਨੱਈ ਸੁਪਰ ਕਿੰਗਜ਼ ਆਈਪੀਐੱਲ ਦੇ ਫਾਈਨਲ ਵਿੱਚ

ਚੇਨਈ-ਚੇਨੱਈ ਸੁਪਰ ਕਿੰਗਜ਼ ਦੀ ਟੀਮ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਕੁਆਲੀਫਾਇਰ ਵਿੱਚ ਸਾਬਕਾ ਚੈਂਪੀਅਨ ਗੁਜਰਾਤ ਟਾਈਟਨਜ਼ ਦੀ ਟੀਮ ਨੂੰ 15 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲ ਹੋ ਗਈ। ਟਾਈਟਨਜ਼ ਦੀ ਟੀਮ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 157 ਦੌੜਾਂ ’ਤੇ ਆਊਟ ਹੋ ਗਈ। ਟਾਈਟਨਜ਼ ਲਈ ਸ਼ੁਭਮਨ ਗਿੱਲ 42 ਦੌੜਾਂ ਨਾਲ ਟੌਪ ਸਕੋਰਰ ਰਿਹਾ ਜਦੋਂਕਿ ਰਾਸ਼ਿਦ ਖ਼ਾਨ ਨੇ 30 ਦੌੜਾਂ ਬਣਾਈਆਂ। ਚੇਨੱਈ ਵੱਲੋਂ ਦੀਪਕ ਚਾਹਰ, ਮਹੀਸ਼ ਥੀਕਸਾਨਾ, ਰਵਿੰਦਰ ਜਡੇਜਾ ਤੇ ਮਥੀਸਾ ਪਥੀਰਾਨਾ ਨੇ ਦੋ-ਦੋ ਵਿਕਟਾਂ ਲਈਆਂ। ਮੈਚ ਹਾਰਨ ਦੇ ਬਾਵਜੂਦ ਗੁਜਰਾਤ ਦੀ ਟੀਮ ਕੋਲ ਅਜੇ ਦੂਜੇ ਕੁਆਲੀਫਾਇਰ ਦੇ ਰੂਪ ’ਚ ਇਕ ਹੋਰ ਮੌਕਾ ਹੈ। ਐਲਿਮੀਨੇਟਰ ਮੁਕਾਬਲੇ ਵਿੱਚ ਭਲਕੇ ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰਜਾਇੰਟਸ ਆਹਮੋ-ਸਾਹਮਣੇ ਹੋਣਗੇ। ਇਸ ਮੈਚ ਦੀ ਜੇਤੂ ਟੀਮ ਦੂਜੇ ਕੁਆਲੀਫਾਇਰ ਵਿੱਚ ਸ਼ੁੱਕਰਵਾਰ ਨੂੰ ਗੁਜਰਾਤ ਟਾਈਟਨਜ਼ ਨਾਲ ਖੇਡੇਗੀ।

ਇਸ ਤੋਂ ਪਹਿਲਾਂ ਚੇਨੱਈ ਸੁਪਰਕਿੰਗਜ਼ ਨੇ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ (60 ਦੌੜਾਂ) ਤੇ ਡੈਵੋਨ ਕੌਨਵੇਅ (40 ਦੌੜਾਂ) ਵੱਲੋਂ ਪਹਿਲੀ ਵਿਕਟ ਲਈ 87 ਦੌੜਾਂ ਦੀ ਭਾਈਵਾਲੀ ਸਦਕਾ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 172 ਦੌੜਾਂ ਬਣਾਈਆਂ। ਗਾਇਕਵਾੜ ਨੇ 44 ਗੇਂਦਾਂ ਦੀ ਪਾਰੀ ਦੌਰਾਨ 7 ਚੌਕੇ ਅਤੇ ਇੱਕ ਛੱਕਾ ਜੜਿਆ।

ਹੋਰਨਾਂ ਬੱਲੇਬਾਜ਼ਾਂ ਵਿੱਚ ਰਵਿੰਦਰ ਜਡੇਜਾ ਨੇ 22, ਅਜਿੰਕਿਆ ਰਹਾਣੇ ਤੇ ਅੰਬਾਤੀ ਰਾਇਡੂ ਨੇ 17-17 ਦੌੜਾਂ ਦਾ ਯੋਗਦਾਨ ਪਾਇਆ। ਮੋਈਨ ਅਲੀ 9 ਦੌੜਾਂ ਬਣਾ ਕੇ ਨਾਬਾਦ ਰਿਹਾ। ਟਾਈਟਨਜ਼ ਲਈ ਮੁਹੰਮਦ ਸ਼ੰਮੀ ਤੇ ਮੋਹਿਤ ਸ਼ਰਮਾ ਨੇ 2-2 ਜਦਕਿ ਦਰਸ਼ਨ ਨਾਲਕੰਡੇ, ਰਾਸ਼ਿਦ ਖ਼ਾਨ ਤੇ ਨੂਰ ਅਹਿਮਦ ਦੇ ਹਿੱਸ ਇੱਕ-ਇੱਕ ਵਿਕਟ ਆਈ।