ਗੁਜਰਾਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ‘ਸ਼ਹਿਰੀ ਨਕਸਲੀ’: ਮੋਦੀ

ਪ੍ਰਧਾਨ ਮੰਤਰੀ ਨੇ ਆਮ ਆਦਮੀ ਪਾਰਟੀ ’ਤੇ ਅਸਿੱਧੇ ਰੂਪ ’ਚ ਤਿੱਖਾ ਨਿਸ਼ਾਨਾ ਸੇਧਿਆ
ਭਰੂਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਸ਼ਹਿਰੀ ਨਕਸਲੀ’ ਭੇਸ ਬਦਲ ਕੇ ਗੁਜਰਾਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਰਕਾਰ ਇਨ੍ਹਾਂ ਨੂੰ ਨੌਜਵਾਨਾਂ ਦੀ ਜ਼ਿੰਦਗੀ ਖ਼ਰਾਬ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦੇਵੇਗੀ। ਪ੍ਰਧਾਨ ਮੰਤਰੀ ਅੱਜ ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਦੇਸ਼ ਦੇ ਪਹਿਲੇ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰ ਰਹੇ ਸਨ। ਮੋਦੀ ਨੇ ਆਮ ਆਦਮੀ ਪਾਰਟੀ ’ਤੇ ਲੁਕਵੇਂ ਰੂਪ ’ਚ ਨਿਸ਼ਾਨਾ ਸੇਧਦਿਆਂ ਕਿਹਾ, ‘ਅਰਬਨ ਨਕਸਲ ਭੇਸ ਬਦਲ ਕੇ ਗੁਜਰਾਤ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਡੀ ਭੋਲੀ ਤੇ ਊਰਜਾ ਨਾਲ ਭਰੀ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰ ਰਹੇ ਹਨ।’ ਜ਼ਿਕਰਯੋਗ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ‘ਆਪ’ ਗੁਜਰਾਤ ਵਿਚ ਪੈਰ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਸ਼ਹਿਰੀ ਨਕਸਲੀ ਉਪਰੋਂ ਪੈਰ ਧਰ ਰਹੇ ਹਨ। ਅਸੀਂ ਉਨ੍ਹਾਂ ਨੂੰ ਸਾਡੇ ਨੌਜਵਾਨਾਂ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਗੁਜਰਾਤ ਇਨ੍ਹਾਂ ਅੱਗੇ ਕਦੇ ਨਹੀਂ ਝੁਕੇਗਾ, ਗੁਜਰਾਤ ਇਨ੍ਹਾਂ ਨੂੰ ਤਬਾਹ ਕਰ ਦੇਵੇਗਾ।’ ਇਸੇ ਦੌਰਾਨ ‘ਆਪ’ ਦੀ ਗੁਜਰਾਤ ਇਕਾਈ ਦੇ ਮੁਖੀ ਵੱਲੋਂ ਮੋਦੀ ਬਾਰੇ ਕੀਤੀ ਗਈ ਟਿੱਪਣੀ ਨੂੰ ਭਾਜਪਾ ਨੇ ਅਪਮਾਨਜਨਕ ਕਰਾਰ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ਇਹ ਗੁਜਰਾਤ, ਭਾਰਤ ਦੀ ਲੋਕਤੰਤਰਿਕ ਪ੍ਰਣਾਲੀ ਤੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਵੀ ਅਪਮਾਨ ਹੈ।

ਕਸ਼ਮੀਰ ਮੁੱਦੇ ’ਤੇ ਮੋਦੀ ਨੇ ਨਹਿਰੂ ਨੂੰ ਨਿਸ਼ਾਨਾ ਬਣਾਇਆ

ਆਨੰਦ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਆਨੰਦ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਸਿੱਧੇ ਰੂਪ ’ਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਨੇ ਰਿਆਸਤਾਂ ਦੇ ਰਲੇਵੇਂ ਦਾ ਮੁੱਦਾ ਹੱਲ ਕਰ ਲਿਆ ਸੀ ਪਰ ‘ਇਕ ਵਿਅਕਤੀ’ ਕਸ਼ਮੀਰ ਦਾ ਮੁੱਦਾ ਹੱਲ ਨਹੀਂ ਕਰ ਸਕਿਆ। ਮੋਦੀ ਨੇ ਕਿਹਾ ਕਿ ਉਹ ਕਸ਼ਮੀਰ ਮੁੱਦੇ ਦੇ ਹੱਲ ਲਈ ਸਰਦਾਰ ਪਟੇਲ ਦੀਆਂ ਪੈੜਾਂ ਉਤੇ ਚੱਲ ਰਹੇ ਹਨ। ਮੋਦੀ ਨੇ ਇਸ ਮੌਕੇ ਗੁਜਰਾਤ ਵਿਚ ਪਹਿਲਾਂ ਰਹੀਆਂ ਕਾਂਗਰਸ ਸਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ।